12.7 C
Toronto
Saturday, October 18, 2025
spot_img
Homeਭਾਰਤਬਿਹਾਰ ਤੋਂ ਸ਼ੁਰੂ ਹੋਵੇ ਭਾਜਪਾ ਹਟਾਓ ਮੁਹਿੰਮ : ਮਮਤਾ

ਬਿਹਾਰ ਤੋਂ ਸ਼ੁਰੂ ਹੋਵੇ ਭਾਜਪਾ ਹਟਾਓ ਮੁਹਿੰਮ : ਮਮਤਾ

ਕਿਹਾ-ਵਿਰੋਧੀ ਪਾਰਟੀਆਂ ਨੂੰ ਮਿਲ ਕੇ ਰਣਨੀਤੀ ਬਣਾਉਣ ਦੀ ਲੋੜ
ਕੋਲਕਾਤਾ/ਬਿਊਰੋ ਨਿਊਜ਼ : ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸੋਮਵਾਰ ਨੂੰ ਕੋਲਕਾਤਾ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਵਿਰੋਧੀ ਧਿਰਾਂ ਦਾ ਗੱਠਜੋੜ ਬਣਾਉਣ ਦੀ ਵਕਾਲਤ ਕੀਤੀ। ਦੋਵਾਂ ਨੇਤਾਵਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਮਿਲ ਕੇ ਤਿਆਰੀ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਇਸ ਮੁਲਾਕਾਤ ਨੂੰ ਸਕਾਰਾਤਮਕ ਦੱਸਿਆ ਗਿਆ ਹੈ, ਜਿਸ ਵਿਚ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵੀ ਮੌਜੂਦ ਸਨ।
ਬੈਠਕ ਤੋਂ ਬਾਅਦ ਨਿਤਿਸ਼ ਕੁਮਾਰ ਨੇ ਕਿਹਾ ਕਿ ਬੇਹੱਦ ਸਕਾਰਾਤਮਕ ਗੱਲਬਾਤ ਹੋਈ ਹੈ। ਵਿਰੋਧੀ ਧਿਰਾਂ ਨੂੰ ਇਕੱਠੇ ਬੈਠ ਕੇ ਰਣਨੀਤੀ ਤਿਆਰ ਕਰਨ ਦੀ ਜ਼ਰੂਰਤ ਹੈ। ਬੈਠਕ ਤੋਂ ਬਾਹਰ ਆ ਕੇ ਮਮਤਾ ਬੈਨਰਜੀ ਨੇ ਕਿਹਾ ਕਿ ਸਾਨੂੰ ਇਹ ਸੰਦੇਸ਼ ਦੇਣਾ ਹੈ ਕਿ ਅਸੀਂ ਸਾਰੇ ਇਕੱਠੇ ਹਾਂ। ਮਮਤਾ ਨੇ ਕਿਹਾ ਕਿ ਮੈਂ ਨਿਤਿਸ਼ ਕੁਮਾਰ ਨੂੰ ਇਕ ਹੀ ਅਪੀਲ ਕੀਤੀ ਹੈ ਕਿ ਸ੍ਰੀ ਜੈਪ੍ਰਕਾਸ਼ ਦਾ ਅੰਦੋਲਨ ਬਿਹਾਰ ਤੋਂ ਸ਼ੁਰੂ ਹੋਇਆ ਸੀ ਅਤੇ ਬਿਹਾਰ ‘ਚੋਂ ਹੀ ਭਾਜਪਾ ਹਟਾਓ ਅੰਦੋਲਨ ਸ਼ੁਰੂ ਹੋਣਾ ਚਾਹੀਦਾ ਹੈ। ਜੇ ਅਸੀਂ ਬਿਹਾਰ ਵਿਚ ਸਰਬ ਪਾਰਟੀ ਬੈਠਕ ਕਰੀਏ ਤਾਂ ਅਸੀਂ ਫ਼ੈਸਲਾ ਕਰ ਸਕਦੇ ਹਾਂ ਕਿ ਸਾਨੂੰ ਅੱਗੇ ਕਿੱਥੇ ਜਾਣਾ ਹੈ। ਉਨ੍ਹਾਂ ਕਿਹਾ ਕਿ ਮੈਂ ਭਾਜਪਾ ਨੂੰ ਵੱਡੀ ਜ਼ੀਰੋ ਬਣਾਉਣਾ ਚਾਹੁੰਦੀ ਹਾਂ। ਉਹ ਮੀਡੀਆ ਦੇ ਸਮਰਥਨ ਅਤੇ ਝੂਠ ਨਾਲ ਵੱਡੇ ਹੀਰੋ ਬਣ ਗਏ ਹਨ। ਫਿਲਹਾਲ ਬੈਠਕ ਵਿਚ ਹੋਈ ਚਰਚਾ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲੀ। ਦੋਵਾਂ ਨੇਤਾਵਾਂ ਨੇ ਕੇਵਲ ਮੋਟੇ ਤੌਰ ‘ਤੇ ਹੀ ਬੈਠਕ ਵਿਚ ਹੋਈ ਚਰਚਾ ਬਾਰੇ ਜਾਣਕਾਰੀ ਦਿੱਤੀ।
ਸੂਤਰਾਂ ਨੇ ਕਿਹਾ ਕਿ ਉਕਤ ਨੇਤਾਵਾਂ ਵਿਚ ਇਸ ਬਾਰੇ ਚਰਚਾ ਹੋਈ ਕਿ ਚੋਣਾਂ ਤੋਂ ਪਹਿਲਾਂ ਕਾਰਗਰ ਗੱਠਜੋੜ ਬਣਾਉਣ ਲਈ ਕਿਸ ਤਰ੍ਹਾਂ ਮਿਲ ਕੇ ਕੰਮ ਕੀਤਾ ਜਾ ਸਕਦਾ ਹੈ।
ਨਿਤਿਸ਼ ਨੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਭਾਰਤ ਦੇ ਵਿਕਾਸ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ, ਸ਼ਾਸਨ ਕਰਨ ਵਾਲੇ ਕੇਵਲ ਪ੍ਰਚਾਰ ਕਰਨ ਵਿਚ ਦਿਲਚਸਪੀ ਲੈ ਰਹੇ ਹਨ। ਉੱਧਰ ਭਾਜਪਾ ਨੇ ਬੈਠਕ ਨੂੰ ਬੇਕਾਰ ਦਾ ਕਵਾਇਦ ਦੱਸਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਮੌਕਾਪ੍ਰਸਤ ਗੱਠਜੋੜ ਦਾ ਕੋਈ ਨਤੀਜਾ ਨਹੀਂ ਨਿਕਲੇਗਾ।
ਨਿਤਿਸ਼ ਦੀ ਅਖਿਲੇਸ਼ ਨਾਲ ਮੁਲਾਕਾਤ
ਮਮਤਾ ਬੈਨਰਜੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਨਿਤਿਸ਼ ਕੁਮਾਰ ਵਲੋਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨਾਲ ਵੀ ਬੈਠਕ ਕੀਤੀ ਗਈ ਅਤੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਸੱਤਾ ਤੋਂ ਹਟਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਪਾਰਟੀਆਂ ਨੂੰ ਇਕੱਠੇ ਲਿਆਉਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਆਪਣੇ ਲਈ ਕਿਸੇ ਅਹੁਦੇ ਦੀ ਤਲਾਸ਼ ਨਹੀਂ ਕਰ ਰਿਹਾ। ਮੇਰਾ ਯਤਨ ਦੇਸ਼ ਦੀ ਭਲਾਈ ਲਈ ਕੰਮ ਕਰਨਾ ਹੈ। ਇਸ ਮੌਕੇ ਉਨ੍ਹਾਂ ਨਾਲ ਤੇਜਸਵੀ ਯਾਦਵ ਵੀ ਮੌਜੂਦ ਸਨ। ਇਸ ਮੌਕੇ ਅਖਿਲੇਸ਼ ਨੇ ਮਹਿੰਗਾਈ ਦੇ ਮੁੱਦੇ ਨੂੰ ਚੁੱਕਿਆ ਅਤੇ ਕਿਹਾ ਕਿ ਭਾਜਪਾ ਨੂੰ ਸੱਤਾ ਤੋਂ ਵਾਂਝਾ ਕਰਨ ਦੀ ਜ਼ਰੂਰਤ ਹੈ।

 

RELATED ARTICLES
POPULAR POSTS