ਤਲਵਿੰਦਰ ਸਿੰਘ ਬੁੱਟਰ
ਪਿਛਲੇ ਦਿਨੀਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਯਾਤਰਾ ਕਰਨ ਲਈ ਹਰਿਆਣਾ ਤੋਂ ਪਰਿਵਾਰ ਸਮੇਤ ਆਈ ਇਕ ਕੁੜੀ ਅਤੇ ਸੇਵਾਦਾਰ ਵਿਚਾਲੇ ਹੋਈ ਬਹਿਸ ਦਾ ਮਾਮਲਾ ਸੋਸ਼ਲ ਮੀਡੀਆ ‘ਤੇ ਵੱਡੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਕੁਝ ਲੋਕਾਂ ਨੇ ਇਸ ਮਸਲੇ ਨੂੰ ਮਨੁੱਖੀ ਆਜ਼ਾਦੀ, ਫ਼ਿਰਕੂ ਸਦਭਾਵਨਾ ਅਤੇ ਦੇਸ਼ ਪ੍ਰੇਮ ਦੀ ਭਾਵਨਾ ਨੂੰ ਸੱਟ ਮਾਰਨ ਵਾਲਾ ਦੱਸਿਆ ਕਿਉਂਕਿ ਉਸ ਕੁੜੀ ਦੇ ਮੂੰਹ ‘ਤੇ ਦੇਸ਼ ਦੇ ਝੰਡੇ ਦਾ ਟੈਟੂ ਬਣਿਆ ਹੋਇਆ ਸੀ ਅਤੇ ਉਸ ਦਾ ਪਹਿਰਾਵਾ ਵਧੇਰੇ ਠੀਕ ਨਾ ਹੋਣ ਕਾਰਨ, ਸੇਵਾਦਾਰ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਪ੍ਰਵੇਸ਼ ਕਰਨ ਤੋਂ ਰੋਕ ਲਿਆ ਸੀ। ਸੋਸ਼ਲ ਮੀਡੀਆ ਤੋਂ ਲੈ ਕੇ ਕੌਮੀ ਮੀਡੀਆ ‘ਤੇ ਭਖਵੀਂ ਚਰਚਾ ਤੋਂ ਬਾਅਦ ਸਬੰਧਿਤ ਕੁੜੀ ਅਤੇ ਉਸ ਦੇ ਪਰਿਵਾਰ ਨੇ ਸੋਸ਼ਲ ਮੀਡੀਆ ਸਾਹਮਣੇ ਆ ਕੇ ਜਿੱਥੇ ਚੱਲ ਰਹੀਆਂ ਸਾਰੀਆਂ ਚਰਚਾਵਾਂ ਦੇ ਉਲਟ ਦਾਅਵਾ ਕੀਤਾ ਕਿ ਜੋ ਕੁਝ ਮੀਡੀਆ ‘ਚ ਚੱਲ ਰਿਹਾ, ਉਹ ਬੇਬੁਨਿਆਦ ਹੈ ਅਤੇ ਸੇਵਾਦਾਰ ਨੇ ਉਨ੍ਹਾਂ ਨੂੰ ਮਰਿਆਦਾ ਦੀ ਪਾਲਣਾ ਬਾਰੇ ਪ੍ਰੇਮ ਨਾਲ ਹੀ ਸਮਝਾਇਆ ਸੀ, ਉੱਥੇ ਉਨ੍ਹਾਂ ਨੇ ਮਾਫ਼ੀ ਮੰਗ ਕੇ ਵਿਵਾਦ ਨੂੰ ਖ਼ਤਮ ਵੀ ਕਰ ਦਿੱਤਾ।
ਹੁਣ ਇੱਥੇ ਸਵਾਲਾਂ ਦਾ ਸਵਾਲ ਇਹ ਹੈ ਕਿ ਜੇਕਰ ਘਟਨਾ ਨਾਲ ਸਬੰਧਿਤ ਕੁੜੀ ਵਲੋਂ ਦੱਸੇ ਜਾਣ ਮੁਤਾਬਿਕ ਮਸਲਾ ਏਨਾ ਵੱਡਾ ਨਹੀਂ ਸੀ ਤਾਂ ਇਸ ਦੀ ਚਰਚਾ ਚਾਰ-ਚੁਫ਼ੇਰੇ ਏਨੀ ਵੱਡੀ ਪੱਧਰ ‘ਤੇ ਕਿਉਂ ਹੋਈ? ਸ਼ਾਇਦ ਇਸ ਘਟਨਾ ਦੀ ਚਰਚਾ ਏਨੀ ਵੱਡੀ ਪੱਧਰ ‘ਤੇ ਨਾ ਹੁੰਦੀ ਜੇਕਰ ਇਸ ਘਟਨਾ ਵਿਚ ਬਿੱਜਲ ਸ਼ੀਸ਼ਾ (ਮੋਬਾਇਲ ਕੈਮਰਾ) ਸ਼ਾਮਲ ਨਾ ਹੁੰਦਾ। ਇਹ ਸੱਚ ਵੀ ਹੈ ਕਿ ਸਮਾਜ ਵਿਚ ਛੋਟੀਆਂ-ਵੱਡੀਆਂ, ਮਾੜੀਆਂ-ਚੰਗੀਆਂ ਘਟਨਾਵਾਂ ਆਦਿ ਕਾਲ ਤੋਂ ਵਾਪਰਦੀਆਂ ਆਈਆਂ ਹਨ ਪਰ ਸਾਡੇ ਸਮਿਆਂ ਵਿਚ ਘਟਨਾਵਾਂ ਦਾ ਬੋਲਬਾਲਾ ਇਸ ਕਰਕੇ ਹੈ ਕਿ ਇਹ ‘ਵਰਚੁਅਲ ਸੰਸਾਰ’ (ਬਿਜਲਈ ਜਗਤ) ਦੀ ਨਜ਼ਰ ਹੇਠ ਵਾਪਰਦੀਆਂ ਹਨ। ਪਹਿਲਾਂ ਲੋਕ ਜ਼ਮੀਨੀ ਅਸਲੀਅਤ ਨੂੰ ਵੇਖ ਕੇ ਆਪਣੇ ਵਿਚਾਰ ਬਣਾਉਂਦੇ ਸਨ ਪਰ ਅੱਜ ਲੋਕ ‘ਬਿਜਲਈ ਜਗਤ’ ਉੱਪਰ ਦਿਖਾਏ ਜਾਂਦੇ ਪਰਛਾਵਿਆਂ ਨੂੰ ਵੇਖ ਕੇ ਆਪਣੇ ਵਿਚਾਰ ਬਣਾਉਂਦੇ ਹਨ।
ਹੁਣ ਲੋਕ ਅਸਲੀਅਤ ਤੋਂ ਏਨੇ ਪ੍ਰਭਾਵਿਤ ਨਹੀਂ ਹੁੰਦੇ, ਜਿੰਨੇ ਕੈਮਰੇ ਤੋਂ ਪ੍ਰਭਾਵਿਤ ਹਨ। ਇਹੀ ਕੁਝ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾ ਤੋਂ ਬਾਅਦ ਹੋਇਆ। ਨਹੀਂ ਤਾਂ ਉਸੇ ਹੀ ਦਿਨ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਹੋ ਰਹੇ ‘ਕੌਮੀ ਪੰਚਾਇਤ ਐਵਾਰਡ-2023’ ਵਿਚ ਪੰਜਾਬ ਸਰਕਾਰ ਵਲੋਂ ਬਤੌਰ ਡੈਲੀਗੇਟ ਸ਼ਾਮਲ ਹੋਣ ਗਏ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਇਕ ਅੰਮ੍ਰਿਤਧਾਰੀ ਡਿਪਟੀ ਡਾਇਰੈਕਟਰ ਨੂੰ ਕਿਰਪਾਨ ਪਹਿਨੀ ਹੋਣ ਕਾਰਨ ਸਮਾਗਮ ਅੰਦਰ ਜਾਣ ਤੋਂ ਰੋਕੇ ਜਾਣ ਦੀ ਘਟਨਾ ਵੀ ਜ਼ਰੂਰ ਚਰਚਾ ਦਾ ਵਿਸ਼ਾ ਬਣਦੀ। ਬੇਸ਼ੱਕ ਬਾਅਦ ਵਿਚ ਉੱਚ ਅਧਿਕਾਰੀਆਂ ਦੇ ਦਖ਼ਲ ਨਾਲ ਅੰਮ੍ਰਿ੍ਰਤਧਾਰੀ ਡਿਪਟੀ ਡਾਇਰੈਕਟਰ ਨੂੰ ਸਮਾਗਮ ਅੰਦਰ ਦਾਖ਼ਲ ਹੋਣ ਦਿੱਤਾ ਗਿਆ ਪਰ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਛੋਟੀ ਜਿਹੀ ਘਟਨਾ, ਜਿਸ ਦੀ ਮੁੱਖ ਸੂਤਰਧਾਰ ਹੀ ਮਾਫ਼ੀ ਮੰਗ ਕੇ ਸਾਰੇ ਵਿਵਾਦ ਨੂੰ ਬੇਲੋੜਾ ਸਾਬਤ ਕਰ ਚੁੱਕੀ ਹੈ, ਨੂੰ ਧਰਮ, ਰਾਸ਼ਟਰਵਾਦ ਅਤੇ ਹੋਰ ਪਤਾ ਨਹੀਂ ਕੀ-ਕੀ ਰੰਗਤ ਦੇ ਕੇ ਕੌਮੀ ਮੀਡੀਆ ਨੇ ਪ੍ਰਚਾਰਿਆ ਪਰ ਧਰਮ ਨਿਰਪੱਖ ਦੇਸ਼ ‘ਚ ਕਿਸੇ ਨੂੰ ਉਸ ਦੇ ਧਾਰਮਿਕ ਚਿੰਨ੍ਹ ਦੇ ਆਧਾਰ ‘ਤੇ ਵਿਤਕਰੇ ਦਾ ਅਹਿਸਾਸ ਕਰਵਾਉਣਾ ਚਰਚਾ ਦਾ ਵਿਸ਼ਾ ਸ਼ਾਇਦ ਇਸ ਕਰਕੇ ਨਹੀਂ ਬਣਿਆ ਕਿ ਉਹ ਘਟਨਾ ਬਿੱਜਲ ਕੈਮਰੇ ਦੀ ਨਜ਼ਰ ਹੇਠ ਨਹੀਂ ਆਈ।
ਉਪਰੋਕਤ ਦੇ ਸੰਦਰਭ ‘ਚ ਚਰਚਾ ਦੌਰਾਨ ਇਕ ਹੋਰ ਸਵਾਲ ਉਭਰਿਆ ਹੈ, ਕੀ ਸ੍ਰੀ ਦਰਬਾਰ ਸਾਹਿਬ ਜਾਂ ਹੋਰ ਗੁਰਦੁਆਰਿਆਂ ਦੇ ਦਰਸ਼ਨ-ਦੀਦਾਰੇ ਕਰਨ ਲਈ ਕੋਈ ਵਿਸ਼ੇਸ਼ ਮਰਿਆਦਾ-ਨੀਤੀ ਵੀ ਨਿਰਧਾਰਿਤ ਹੈ? ਜੇਕਰ ਨਿਰਧਾਰਿਤ ਹੈ ਤਾਂ ਉਸ ਵਿਚ ਕੀ ‘ਕੋਡ ਆਫ਼ ਕੰਡਕਟ’ ਹਨ? ਬੁਨਿਆਦੀ ਰੂਪ ‘ਚ ਸਿੱਖਾਂ ਦਾ ਧਾਰਮਿਕ ਕੇਂਦਰ ਸ੍ਰੀ ਦਰਬਾਰ ਸਾਹਿਬ ਜਾਂ ਹੋਰ ਗੁਰਦੁਆਰੇ ਮਨੁੱਖ ਜਾਤੀ ਨੂੰ ਇਸ ਸੰਸਾਰੀ ਜੀਵਨ ਦੌਰਾਨ ਵਿਚਰਦਿਆਂ ਹੋਇਆਂ ਵੀ ਪਦਾਰਥਕ ਲਗਾਓ ਤੇ ਸੰਸਾਰੀ ਚੰਚਲਤਾਵਾਂ ਤੋਂ ਨਿਰਲੇਪ ਹੋ ਕੇ ਵਿਸਮਾਦੀ ਅਵਸਥਾ ਵਿਚ ਜੀਊਣ ਦਾ ਅਭਿਆਸ ਕਰਾਉਣ ਵਾਲੇ ਕੇਂਦਰ ਹਨ। ਇਸ ਕਾਰਨ ਮੁੱਢਲੇ ਤੌਰ ‘ਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵੇਲੇ ਸਭ ਤੋਂ ਤਰਜੀਹੀ ਧਿਆਨ ਰੱਖਣਯੋਗ ਪਹਿਲੂ ਇਹ ਹੈ ਕਿ ਤੁਹਾਡੇ ਕਿਸੇ ਵੀ ਪਹਿਰਾਵੇ, ਗਤੀਵਿਧੀ ਜਾਂ ਚਾਲ-ਚੱਲਣ ਕਾਰਨ ਉੱਥੇ ਦੇ ਅਧਿਆਤਮਕ ਆਭਾ-ਮੰਡਲ, ਰੂਹਾਨੀ ਟਿਕਾਓ, ਸਹਿਜ ਅਤੇ ਸੰਗਤ ਦੀ ਇਕਾਗਰਤਾ, ਬਰਾਬਰੀ ਅਤੇ ਨਿਰਭੈਤਾ ਵਾਲੇ ਵਾਤਾਵਰਨ ਵਿਚ ਕੋਈ ਖਲਲ ਨਾ ਪਵੇ। ਇਸ ਬੁਨਿਆਦੀ ਆਧਾਰ ਨੂੰ ਮੁੱਖ ਰੱਖਦਿਆਂ ‘ਸਿੱਖ ਰਹਿਤ ਮਰਿਆਦਾ’ ਵਿਚ ਕੁਝ ਨਿਯਮਾਂ ਦਾ ਵੇਰਵਾ ਮਿਲਦਾ ਹੈ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 12 ਅਕਤੂਬਰ 1936 ਨੂੰ ‘ਘੱਟੋ-ਘੱਟ ਸਾਂਝੀ ਸਿੱਖ ਰਹਿਤ’ ਦੇ ਖਰੜੇ ਵਜੋਂ ਤਿਆਰ ਕੀਤੀ ਗਈ ਸੀ। ਸਿੱਖ ਰਹਿਤ ਮਰਿਆਦਾ ਵਿਚ ‘ਗੁਰਦੁਆਰੇ’ ਸਿਰਲੇਖ ਹੇਠ ਦਰਜ ਨਿਯਮਾਂ ਅਨੁਸਾਰ, ‘ਗੁਰਦੁਆਰੇ ਅੰਦਰ ਜਾਣ ਲੱਗਿਆਂ ਜੋੜੇ ਬਾਹਰ ਲਾਹ ਕੇ, ਸੁਥਰਾ ਹੋ ਕੇ ਜਾਣਾ ਚਾਹੀਏ, ਜੇ ਪੈਰ ਮੈਲੇ ਜਾਂ ਗੰਦੇ ਹੋਣ, ਤਾਂ ਜਲ ਨਾਲ ਧੋ ਲੈਣੇ ਚਾਹੀਏ। × ਗੁਰਦੁਆਰੇ ਅੰਦਰ ਦਰਸ਼ਨਾਂ ਲਈ ਜਾਣ ਲਈ ਕਿਸੇ ਦੇਸ਼, ਮਜ੍ਹਬ, ਜਾਤਿ ਵਾਲੇ ਨੂੰ ਮਨਾਹੀ ਨਹੀਂ, ਪਰ ਉਸ ਦੇ ਪਾਸ ਸਿੱਖ ਧਰਮ ਤੋਂ ਵਿਵਰਜਿਤ, ਤਮਾਕੂ ਆਦਿ ਕੋਈ ਚੀਜ਼ ਨਹੀਂ ਹੋਣੀ ਚਾਹੀਦੀ। × ਸੰਗਤ ਵਿਚ ਬੈਠਣ ਲਈ ਭੀ ਸਿੱਖ-ਅਸਿੱਖ ਛੂਤ-ਛਾਤ, ਜਾਤ-ਪਾਤ, ਊਚ-ਨੀਚ ਦਾ ਭਰਮ ਜਾਂ ਵਿਤਕਰਾ ਨਹੀਂ ਕਰਨਾ। ਕਿਸੇ ਮਨੁੱਖ ਦਾ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਜਾਂ ਸੰਗਤ ਵਿਚ ਗਦੇਲਾ, ਆਸਣ, ਕੁਰਸੀ, ਚੌਂਕੀ, ਮੰਜਾ ਆਦਿ ਲਾ ਕੇ ਬੈਠਣਾ ਜਾਂ ਕਿਸੇ ਹੋਰ ਵਿਤਕਰੇ ਨਾਲ ਬੈਠਣਾ ਮਨਮੱਤ ਹੈ। ਸੰਗਤ ਵਿਚ ਜਾਂ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਕਿਸੇ ਸਿੱਖ ਨੂੰ ਨੰਗੇ ਸਿਰ ਨਹੀਂ ਬੈਠਣਾ ਚਾਹੀਦਾ। × ‘
ਨਿਰਸੰਦੇਹ ਪਿਛਲੇ ਦਹਾਕਿਆਂ ਦੌਰਾਨ ਟੈਲੀਵਿਯਨ ‘ਤੇ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ, ਬਿੱਜਲ ਸੱਥ (ਸੋਸ਼ਲ ਮੀਡੀਆ) ਦੇ ਆਗਾਜ਼ ਅਤੇ ਸ੍ਰੀ ਦਰਬਾਰ ਸਾਹਿਬ ਅਤੇ ਇਸ ਦੇ ਆਲੇ-ਦੁਆਲੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਵਾਲੀਆਂ ਉਸਾਰੀਆਂ ਤੋਂ ਬਾਅਦ ਜਿੱਥੇ ਸ੍ਰੀ ਦਰਬਾਰ ਸਾਹਿਬ ਦੇਸ਼-ਵਿਦੇਸ਼ ਦੇ ਆਨਮਤੀ ਲੋਕਾਂ ਲਈ ਵੀ ਖਿੱਚ ਦਾ ਕੇਂਦਰ ਬਣਿਆ ਉੱਥੇ ਸ੍ਰੀ ਦਰਬਾਰ ਸਾਹਿਬ ਦੀ ਅਧਿਆਤਮਕ ਮਹੱਤਤਾ ਨੂੰ ਵੀ ਠੇਸ ਪੁੱਜੀ ਹੈ। ਇੱਥੇ ਰੋਜ਼ਾਨਾ ਡੇਢ ਲੱਖ ਅਤੇ ਐਤਵਾਰ ਜਾਂ ਤਿਓਹਾਰਾਂ ਦੇ ਦਿਨਾਂ ਦੌਰਾਨ 2 ਤੋਂ 4 ਲੱਖ ਦੀ ਗਿਣਤੀ ਵਿਚ ਯਾਤਰੂ ਦਰਸ਼ਨ-ਦੀਦਾਰੇ ਕਰਦੇ ਹਨ। ਏਨੀ ਵੱਡੀ ਗਿਣਤੀ ਵਿਚ ਆਉਣ ਵਾਲੇ ਯਾਤਰੂਆਂ ਤੋਂ ਮਰਿਆਦਾ ਦੀ ਪਾਲਣਾ ਕਰਵਾ ਕੇ ਦਰਸ਼ਨ-ਦੀਦਾਰੇ ਕਰਵਾਉਣੇ ਪ੍ਰਬੰਧਕਾਂ ਲਈ ਵੱਡੀ ਜ਼ਿੰਮੇਵਾਰੀ ਦੇ ਨਾਲ-ਨਾਲ ਚੁਣੌਤੀ ਵੀ ਬਣ ਜਾਂਦੇ ਹਨ।
ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ‘ਤੇ ਮਹਾਰਾਜਾ ਰਣਜੀਤ ਸਿੰਘ ਵਲੋਂ ਸੋਨੇ ਦੀ ਸੇਵਾ ਕਰਵਾਉਣ ਦੇ ਨਾਲ ਭਾਵੇਂਕਿ ਦੁਨੀਆ ਭਰ ‘ਚ ਸਿਫ਼ਤੀ ਦੇ ਦਰ ਨੂੰ ‘ਗੋਲਡਨ ਟੈਂਪਲ’ ਜਾਂ ‘ਸੁਨਹਿਰੀ ਮੰਦਰ’ ਵਜੋਂ ਵੀ ਜਾਣਿਆ ਜਾਂਦਾ ਹੈ ਪਰ ਸਿੱਖਾਂ ਲਈ ਇਹ ਧਰਤੀ ਉੱਪਰ ਸੱਚਖੰਡ ਦਾ ਟੁਕੜਾ ਹੈ। ਦੁਨੀਆ ਦੀ ਹਰੇਕ ਇਮਾਰਤ ‘ਤੇ ਉਸ ਦੀ ਉਸਾਰੀ ਕਰਨ ਵਾਲੀ ਸ਼ਖ਼ਸੀਅਤ ਦਾ ਨਾਂਅ ਲਿਖਿਆ ਮਿਲਦਾ ਹੈ ਪਰ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕਰਨ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਬਾਬਤ ਗੁਰਬਾਣੀ ਵਿਚ ਫ਼ੁਰਮਾਉਂਦੇ ਹਨ, ‘ਹਰਿ ਜਪੇ ਹਰਿ ਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ॥’ (ਪੰਨਾ: ੭੮੧) ਭਾਵ, ਕਿ ਸਰਬ ਸ੍ਰਿਸ਼ਟੀ ਦੇ ਕਰਤਾ ਪਰਮਾਤਮਾ ਦੀ ਚੇਤਨਾ ਵਿਚ ਸੁਰਤਲੀਨ ਹੋਣ ਲਈ, ਪਰਮਾਤਮਾ ਨੇ ਖੁਦ ਹਰਿਮੰਦਰ ਸਾਹਿਬ ਦੀ ਸਿਰਜਣਾ ਕੀਤੀ ਹੈ, ਜਿੱਥੇ ਆਤਮ ਜਗਿਆਸੂ ਸੰਤ-ਭਗਤ ਸਰਬ-ਵਿਆਪਕ ਚੇਤਨਾ ਵਿਚ ਜੁੜ ਕੇ ਆਤਮ ਵਿਗਾਸ ਕਰਦੇ ਹਨ।
ਸਪੱਸ਼ਟ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਮਹਾਨਤਾ ਉਸ ਦੀ ਰੂਹਾਨੀ ਮਰਿਆਦਾ ਵਿਚ ਹੀ ਮਹਿਫ਼ੂਜ਼ ਹੈ। ਮਸਲਾ ਇੱਥੇ ਯਾਤਰਾ ਕਰਨ ਵਾਲੇ ਕਿਸੇ ਯਾਤਰੂ ਵਲੋਂ ਆਪਣੇ ਮੂੰਹ ‘ਤੇ ਟੈਟੂ ਰੂਪ ‘ਚ ਬਣਾਏ ਦੇਸ਼ ਦੇ ਝੰਡੇ ਦਾ ਨਹੀਂ ਅਤੇ ਨਾ ਹੀ ਕਿਸੇ ਖ਼ਾਸ ਪਹਿਰਾਵੇ ਦਾ ਹੈ, ਮਸਲਾ ਇੱਥੇ ਇਕਾਗਰਤਾ ਹੈ, ਬਰਾਬਰੀ, ਸਹਿਜ ਭਾਵ ਤੇ ਨਿਮਰਤਾ ਦਾ ਹੈ, ਦੂਜਿਆਂ ਦੀ ਸੁਰਤ ਖਿੰਡਣ ਦਾ ਹੈ। ਸੋ, ਸਾਨੂੰ ਇੱਥੇ ਦਰਸ਼ਨਾਂ ਲਈ ਪ੍ਰਵੇਸ਼ ਕਰਨ ਤੋਂ ਪਹਿਲਾਂ ਪੈਰ ਧੋਣ ਵਾਲੇ ਚਰਨ ਕੁੰਡ ਤੋਂ ਪਰ੍ਹੇ ਹੀ ਆਪਣੀ ਹਉਮੈ, ਸੰਸਾਰੀ ਰੁਤਬੇ, ਜਾਤ-ਪਾਤ, ਊਚ-ਨੀਚ ਅਤੇ ਦਵੈਖ ਭਾਵਨਾ ਨੂੰ ਛੱਡ ਕੇ, ਸਹਿਜ ਭਾਵ ਨਾਲ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਦਾਖ਼ਲ ਹੋਣਾ ਚਾਹੀਦਾ ਹੈ।
ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਪ੍ਰਵੇਸ਼ ਕਰਨ ਵੇਲੇ ਪੌੜੀਆਂ ਉੱਤਰ ਕੇ ਹੇਠਾਂ ਜਾਣਾ ਪੈਂਦਾ ਹੈ, ਜਿਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਪਰਮਾਤਮਾ ਦੇ ਨਾਲ ਮਿਲਾਪ ਲਈ ਪ੍ਰੇਮ ਅਤੇ ਨਿਰਮਤਾ ਨੂੰ ਧਾਰਨ ਕਰਨਾ ਸਭ ਤੋਂ ਪਹਿਲੀ ਸ਼ਰਤ ਹੈ। ਸਾਨੂੰ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਵੇਲੇ ਹਮੇਸ਼ਾ ਪ੍ਰੋ. ਪੂਰਨ ਸਿੰਘ ਦੇ ਇਹ ਸ਼ਬਦ ਚੇਤੇ ਰੱਖਣੇ ਚਾਹੀਦੇ ਹਨ, ‘ਅੰਮ੍ਰਿਤਸਰ ਸਰੋਵਰ ਦੀ ਪਰਿਕਰਮਾ ਕਰਨ ਵੇਲੇ ਸਲੈਬਾਂ ਉੱਤੇ ਸੰਭਲ-ਸੰਭਲ ਕੇ ਕਦਮ ਰੱਖੋ। ਹਰ ਇਕ ਸਲੈਬ ਹੇਠਾਂ ਸੈਂਕੜੇ ਸ਼ਹੀਦ ਸਿੰਘਾਂ ਦੇ ਸਿਰ ਹਨ।’
Check Also
68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …