Breaking News
Home / ਮੁੱਖ ਲੇਖ / ਲੋਕ ਸਭਾ ਚੋਣਾਂ : ਪੰਜਾਬ ਵਿਚ ਜਜ਼ਬਾਤੀ ਮਸਲੇ ਹੋਏ ਭਾਰੂ

ਲੋਕ ਸਭਾ ਚੋਣਾਂ : ਪੰਜਾਬ ਵਿਚ ਜਜ਼ਬਾਤੀ ਮਸਲੇ ਹੋਏ ਭਾਰੂ

ਜਗਤਾਰ ਸਿੰਘ
ਮੁਲਕ ਵਿਚ ਸਭ ਤੋਂ ਵੱਧ ਖੁਸ਼ਹਾਲ ਸੂਬਿਆਂ ਵਿਚੋਂ ਇਕ ਹੋਣ ਦੇ ਅਕਸ ਵਾਲੇ ਪੰਜਾਬ ਦੇ ਕਈ ਹਿੱਸਿਆਂ ਵਿਚ ਆਪਣੀ ਹੋਂਦ-ਹਸਤੀ ਬਚਾਉਣ ਲਈ ਗੰਭੀਰ ਲੜਾਈ ਚੱਲ ਰਹੀ ਹੈ। ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਖ਼ੁਦਕਸ਼ੀਆਂ ਗੰਭੀਰ ਹਾਲਾਤ ਦਾ ਇਕ ਪਾਸਾ ਹੈ। ਉਂਜ, ਹਾਲਾਤ ਦੀ ਸਿਤਮਜ਼ਰੀਫ਼ੀ ਇਹ ਹੈ ਕਿ ਇਹ ਮੁੱਦਾ ਲੋਕ ਸਭਾ ਚੋਣਾਂ ਵਿਚ ਮੁੱਖ ਮੁੱਦਾ ਬਣ ਕੇ ਨਹੀਂ ਉਭਰ ਰਿਹਾ। ਇਸ ਮਾਮਲੇ ਦਾ ਇਕ ਪੱਖ ਇਹ ਵੀ ਹੈ ਕਿ ਖ਼ੁਦਕਸ਼ੀਆਂ ਦੀ ਬਹੁਤਾਤ ਵਾਲੇ ਪੇਂਡੂ ਹਲਕਿਆਂ ਵਿਚ ਵੀ ਆਲੀਸ਼ਾਨ ਕੋਠੀਆਂ ਨਜ਼ਰੀਂ ਪੈਂਦੀਆਂ ਹਨ। ਕੁਝ ਕੁ ਇਲਾਕੇ ਖੁਸ਼ਹਾਲੀ ਦੇ ਟਾਪੂ ਵੀ ਹਨ ਜਾਂ ਇਹ ਕਹਿ ਲਵੋ ਕਿ ਖੁਸ਼ਹਾਲ ਦਿਖਾਈ ਦਿੰਦੇ ਹਨ। ਬਾਦਲ ਪਿੰਡ ਅਜਿਹਾ ਹੀ ਟਾਪੂ ਹੈ ਪਰ ਸ਼ਰਤ ਹੈ ਕਿ ਤੁਸੀਂ ਪਿੰਡ ਵਿਚਲੇ ਗਰੀਬਾਂ ਦੇ ਵਿਹੜੇ ਵੱਲੋਂ ਅੱਖਾਂ ਮੀਚ ਲਵੋ।
ਸੂਬੇ ਦੀਆਂ ਅੰਦਰੂਨੀ ਸੜਕਾਂ ਉੱਤੇ ਸਫ਼ਰ ਕਰ ਕੇ ਮਹਿਸੂਸ ਹੋ ਜਾਂਦਾ ਹੈ ਕਿ ਇਹ ਲੋਕ ਜੀਵਨ ਦੀਆਂ ਕਿਹੜੀਆਂ ਦੁਸ਼ਵਾਰੀਆਂ ਭੋਗ ਰਹੇ ਹਨ। ਇਸ ਦੀ ਇਕ ਮਿਸਾਲ ਉਹ ਇਲਾਕਾ ਹੈ ਜਿਹੜਾ ਬੁਢਲਾਡਾ ਵਿਧਾਨ ਸਭਾ ਹਲਕੇ ਵਿਚ ਬਰੇਟਾ ਤੋਂ ਸ਼ੁਰੂ ਹੋ ਕੇ ਸਰਦੂਲਗੜ੍ਹ ਤੱਕ ਜਾਂਦਾ ਹੈ। ਸੂਬੇ ਦੇ ਦੂਜੇ ਸਿਰੇ ਅੰਮ੍ਰਿਤਸਰ ਜ਼ਿਲ੍ਹੇ ਦਾ ਅਜਨਾਲਾ ਬਲਾਕ ਇਸ ਦੀ ਦੂਜੀ ਮਿਸਾਲ ਹੈ। ਪਟਿਆਲਾ-ਮਾਨਸਾ-ਬਠਿੰਡਾ ਕੌਮੀ ਮਾਰਗ ਉੱਤੇ ਪੈਂਦੇ ਭੀਖੀ ਕਸਬੇ ਤੋਂ ਸ਼ੁਰੂ ਹੋ ਕੇ ਬੁਢਲਾਡਾ-ਬੋਹਾ ਵਿਚ ਦੀ ਹਰਿਆਣਾ ਜਾਣ ਵਾਲੇ ਰਾਜ ਮਾਰਗ ਦੀ ਹਾਲਤ ਨਾ ਹੋਇਆਂ ਵਰਗੀ ਹੈ। ਇਸ ਸੜਕ ਦੀ ਮਾੜੀ ਹਾਲਤ ਪਿਛਲੇ ਕਈ ਸਾਲਾਂ ਤੋਂ ਹੈ। ਪੰਜਾਬ ਅੰਦਰ 2017 ਵਿਚ ਸਰਕਾਰ ਤਾਂ ਬਦਲ ਗਈ ਪਰ ਇਸ ਸੜਕ ਦੀ ਕਿਸਮਤ ਨਹੀਂ ਬਦਲੀ।
ਸਾਰੇ ਇਲਾਕੇ ਵਿਚ ਪੀਣ ਵਾਲੇ ਪਾਣੀ ਦੀ ਗੰਭੀਰ ਸਮੱਸਿਆ ਹੈ। ਕੁਝ ਸਾਲ ਪਹਿਲਾਂ ਪਿੰਡਾਂ ਵਿਚ ਲਾਏ ਆਰਓ ਸਿਸਟਮ ਬੰਦ ਹਨ। ਕਈ ਥਾਈਂ ਧਰਤੀ ਹੇਠਲਾ ਪਾਣੀ ਇੰਨਾ ਜ਼ਿਆਦਾ ਖਾਰਾ ਤੇ ਭਾਰਾ ਹੈ ਕਿ ਆਰਓ ਸਿਸਟਮ ਵੀ ਕਾਰਗਰ ਸਾਬਤ ਨਹੀਂ ਹੋਇਆ ਅਤੇ ਇਹ ਬੰਦ ਕਰ ਦਿੱਤੇ ਗਏ। ਕਈ ਥਾਵਾਂ ਉੱਤੇ ਬਿਲਾਂ ਦੀ ਅਦਾਇਗੀ ਨਾ ਹੋਣ ਕਾਰਨ ਬਿਜਲੀ ਦੇ ਕੁਨੈਕਸ਼ਨ ਕੱਟੇ ਹੋਏ ਹਨ। ਤਕਰੀਬਨ ਹਰ ਪਿੰਡ ਦੀ ਇਹੀ ਕਹਾਣੀ ਹੈ। ਪੀਣ ਵਾਲੇ ਸ਼ੁੱਧ ਪਾਣੀ ਦੀ ਸਮੱਸਿਆ ਲੋਕਾਂ ਦੀ ਸਿਹਤ ਉੱਤੇ ਮਾੜਾ ਪ੍ਰਭਾਵ ਪਾ ਰਹੀ ਹੈ। ਇਥੋਂ ਤੱਕ ਕਿ ਦਸ ਸਾਲਾਂ ਦਾ ਬੱਚਾ ਵੀ ਵਾਲ ਚਿੱਟੇ ਹੋ ਜਾਣ ਕਾਰਨ ਬਜ਼ੁਰਗ ਲੱਗਦਾ ਹੈ। ਇਹ ਸਮੱਸਿਆ ਮਾਲਵੇ ਦੇ ਤਕਰੀਬਨ ਹਰ ਪਿੰਡ ਅਤੇ ਪਰਿਵਾਰ ਦੀ ਹੈ। ਹੁਣ ਇਸ ਸਮੱਸਿਆ ਉੱਤੇ ਕਾਬੂ ਪਾਉਣ ਲਈ ਨਹਿਰੀ ਪਾਣੀ ਦੀ ਸਪਲਾਈ ਸ਼ੁਰੂ ਕੀਤੀ ਗਈ ਹੈ।
ਲੋਕ ਕਿਸਾਨੀ ਸੰਕਟ ਤੇ ਖੇਤੀ ਨਾਲ ਜੁੜੀਆਂ ਸਮੱਸਿਆਵਾਂ ਦੀ ਗੱਲ ਨਹੀਂ ਕਰਦੇ, ਜਿਵੇਂ ਇਸ ਬਾਬਤ ਉਨ੍ਹਾਂ ਭਾਣਾ ਮੰਨ ਲਿਆ ਹੋਵੇ। ਕਿਸਾਨ ਬੁਨਿਆਦੀ ਢਾਂਚੇ ਅਤੇ ਮੰਡੀਕਰਨ ਦੀਆਂ ਸਹੂਲਤਾਂ ਵਿਚ ਸੁਧਾਰ ਦੀ ਮੰਗ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਦੇ ਇਕ ਹੱਦ ਤੱਕ ਮੁਆਫ਼ ਕੀਤੇ ਗਏ ਕਿਸਾਨੀ ਕਰਜ਼ੇ ਦਾ ਕੋਈ ਬਹੁਤਾ ਪ੍ਰਭਾਵ ਨਹੀਂ ਅਤੇ ਲੋਕ ਇਸ ਬਾਰੇ ਕੁਝ ਪੁੱਛਣ ਉੱਤੇ ਹੀ ਬੋਲਦੇ ਹਨ। ਇਲਾਕੇ ਦੇ ਪਿੰਡਾਂ ਦੀ ਮਾੜੀ ਹਾਲਤ ਲੰਮੇ ਸਮੇਂ ਤੋਂ ਅਜਿਹੀ ਹੀ ਹੈ ਅਤੇ ਇਸ ਦੌਰਾਨ ਕਈ ਸਰਕਾਰਾਂ ਬਦਲ ਚੁੱਕੀਆਂ ਹਨ।
ਸਿਆਸੀ ਜਮਾਤ ਅਤੇ ਅਫ਼ਸਰਸ਼ਾਹੀ ਦੀ ਬੇਹੱਦ ਬੇਰੁਖ਼ੀ ਵਾਲੀ ਪਹੁੰਚ ਬਲਕਿ ਮੁਜਰਮਾਨਾ ਕੁਤਾਹੀ ਨੇ ਪੇਂਡੂ ਇਲਾਕੇ ਦਾ ਸੰਕਟ ਹੋਰ ਡੂੰਘਾ ਕਰ ਦਿੱਤਾ ਹੈ। ਪੀਣ ਵਾਲੇ ਪਾਣੀ ਦੀ ਸਮੱਸਿਆ ਤਾਂ ਇਕ ਮੁੱਦਾ ਹੈ। ਲੋਕਾਂ ਵਿਚ ਬਹਿ ਕੇ ਪੇਂਡੂ ਜੀਵਨ ਦੀਆਂ ਦੁਸ਼ਵਾਰੀਆਂ ਨੂੰ ਸਮਝਿਆ ਜਾ ਸਕਦਾ ਹੈ ਜਿਹੜੀਆਂ ਉਨ੍ਹਾਂ ਨੂੰ ਜੀਵਨ ਦੀਆਂ ਮੁੱਢਲੀਆਂ ਸਹੂਲਤਾਂ ਵੀ ਨਾ ਹੋਣ ਕਾਰਨ ਭੋਗਣੀਆਂ ਪੈ ਰਹੀਆਂ ਹਨ। ਇਸ ਹਾਲਤ ਦਾ ਇਕ ਵਿਰੋਧਾਭਾਸ ਵੀ ਹੈ। ਅਕਾਲੀ ਸਰਕਾਰ ਨੇ ਪਿੰਡਾਂ, ਖਾਸ ਕਰ ਕੇ ਬਠਿੰਡਾ ਲੋਕ ਸਭਾ ਹਲਕੇ ਵਿਚ ਵਿਕਾਸ ਕਾਰਜਾਂ ਲਈ ਕਾਫ਼ੀ ਫੰਡ ਜਾਰੀ ਕੀਤੇ। ਬੁਢਲਾਡਾ ਵਿਧਾਨ ਸਭਾ ਹਲਕੇ ਦੇ ਵੱਡੇ ਪਿੰਡ ਬੋਹਾ ਦੇ ਅਕਾਲੀ ਵਰਕਰਾਂ ਨੇ ਦੱਸਿਆ ਕਿ ਸੰਗਤ ਦਰਸ਼ਨ ਦੌਰਾਨ ਪਿੰਡ ਲਈ 32 ਕਰੋੜ ਰੁਪਏ ਦਿੱਤੇ ਗਏ ਪਰ ਕਿਸੇ ਨੂੰ ਨਹੀਂ ਪਤਾ ਕਿ ਇਹ ਪੈਸਾ ਕਿੱਥੇ ਖ਼ਰਚਿਆ ਗਿਆ ਹੈ। ਲੋਕ ਅਜਿਹੇ ਦਰਜਨਾਂ ਪਿੰਡ ਗਿਣਾ ਦਿੰਦੇ ਹਨ। ਉਂਜ, ਸੂਬੇ ਦੀ ਚੋਣ ਸਿਆਸਤ ਅਜਿਹੇ ਹਾਲਾਤ ਤੋਂ ਬਿਲਕੁਲ ਵੱਖਰੀ ਹੈ। ਕਾਂਗਰਸ ਅਤੇ ਅਕਾਲੀ-ਭਾਜਪਾ ਤੋਂ ਨਿਰਾਸ਼ ਇਲਾਕੇ ਦੇ ਲੋਕਾਂ ਨੇ 2017 ਵਿਚ ਤੀਜੀ ਧਿਰ ਆਮ ਆਦਮੀ ਪਾਰਟੀ ਨੂੰ ਜਿਤਾਉਣ ਦਾ ਤਜਰਬਾ ਕੀਤਾ ਜਿਹੜਾ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ। ਹੁਣ ਲੋਕ ਠੱਗੇ ਮਹਿਸੂਸ ਕਰਦੇ ਹਨ ਤੇ ਕਹਿੰਦੇ ਹਨ ਕਿ ਇਸ ਪਾਰਟੀ ਨੇ ਉਨ੍ਹਾਂ ਨਾਲ ਦਗਾ ਕੀਤਾ ਹੈ।
ਲੋਕ ਸਭਾ ਚੋਣ ਲੜ ਰਹੇ ਘੱਟੋ-ਘੱਟ ਦੋ ਉਮੀਦਵਾਰ ਉਨ੍ਹਾਂ ਦੋ ਮੱਦਿਆਂ ਨੂੰ ਉਭਾਰ ਰਹੇ ਹਨ ਜਿਹੜੇ ਚੋਣ ਪ੍ਰਚਾਰ ਦਾ ਹਿੱਸਾ ਤਾਂ ਬਣਦੇ ਹਨ ਪਰ ਚੋਣ ਪ੍ਰਚਾਰ ਵਿਚ ਕਦੇ ਵੀ ਭਾਰੂ ਨਹੀਂ ਰਹੇ। ਇਹ ਮੁੱਦੇ ਹਨ ਕਿਸਾਨਾਂ ਤੇ ਖ਼ੇਤ ਮਜ਼ਦੂਰਾਂ ਦੀਆਂ ਖ਼ੁਦਕਸ਼ੀਆਂ ਅਤੇ ਸੂਬੇ ਵਿਚ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਸੈਂਕੜੇ ਨੌਜਵਾਨ।
ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੀ ਮਾਨਸਾ ਜ਼ਿਲ੍ਹੇ ਦੇ ਰੱਲਾ ਪਿੰਡ ਦੀ ਵੀਰਪਾਲ ਕੌਰ ਖੁਦਕੁਸ਼ੀ ਕਰ ਚੁੱਕੇ ਖੇਤ ਮਜ਼ਦੂਰ ਦੀ ਵਿਧਵਾ ਹੈ। ਉਹ ਸੂਬੇ ਵਿਚ ਖੇਤੀ ਸੰਕਟ ਵਿਚੋਂ ਉਪਜੇ ਦੁੱਖ ਤੇ ਪੀੜ ਦੀ ਮੂੰਹ ਬੋਲਦੀ ਤਸਵੀਰ ਹੈ। ਸਿਆਸੀ ਧਿਰਾਂ ਨੇ ਇਸ ਮਾਮਲੇ ਤੋਂ ਮੂੰਹ ਮੋੜੀ ਰੱਖਿਆ ਹੈ। ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਉਮੀਦਵਾਰ ਪਰਮਜੀਤ ਕੌਰ ਖਾਲੜਾ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਪਤਨੀ ਹੈ ਜਿਸ ਨੂੰ ਪੰਜਾਬ ਪੁਲਿਸ ਨੇ ਘਰੋਂ ਚੁੱਕ ਕੇ ਕਿਧਰੇ ਖਪਾ ਦਿੱਤਾ ਸੀ। ਉਸ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਨ ਸ਼ਮਸ਼ਾਨ ਘਾਟਾਂ ਵਿਚ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਸੈਂਕੜੇ ਸਿੱਖ ਨੌਜਵਾਨਾਂ ਨੂੰ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਸਕਾਰ ਕਰ ਦੇਣ ਦੇ ਮਾਮਲੇ ਤੋਂ ਪਰਦਾ ਚੁੱਕਿਆ ਸੀ। ਸੁਪਰੀਮ ਕੋਰਟ ਨੇ ਅਣਪਛਾਤੀਆਂ ਲਾਸ਼ਾਂ ਦੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਸੀ ਜਿਸ ਨੇ 1500 ਲਾਸ਼ਾਂ ਦੀ ਪਛਾਣ ਕਰ ਕੇ ਪੰਜਾਬ ਪੁਲਿਸ ਉੱਤੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਨ ਦੇ ਲੱਗਦੇ ਦੋਸ਼ਾਂ ਦੀ ਪੁਸ਼ਟੀ ਕਰ ਦਿੱਤੀ ਸੀ।
ਅਣਪਛਾਤੀਆਂ ਲਾਸ਼ਾਂ ਦੇ ਸਸਕਾਰ ਦੇ ਮਾਮਲੇ ਦੀ ਜਾਂਚ ਜਸਵੰਤ ਸਿੰਘ ਖਾਲੜਾ ਤੋਂ ਬਾਅਦ ਅਗਾਂਹ ਨਹੀਂ ਤੁਰੀ। ਪਰਮਜੀਤ ਕੌਰ ਨੇ 1999 ਵਿਚ ਵੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਵਾਲੇ ਸਰਬ ਹਿੰਦ ਅਕਾਲੀ ਦਲ ਵੱਲੋਂ ਇਸੇ ਹਲਕੇ ਤੋਂ ਲੋਕ ਸਭਾ ਚੋਣ ਲੜੀ ਸੀ ਪਰ ਉਸ ਵੇਲੇ ਹਾਲਾਤ ਹੋਰ ਸਨ। ਝੂਠੇ ਪੁਲਿਸ ਮੁਕਾਬਲਿਆਂ ਦਾ ਮਾਮਲਾ ਸੋਸ਼ਲ ਮੀਡੀਏ ਦੇ ਇਸ ਜੁੱਗ ਵਿਚ ਦੁਬਾਰਾ ਉਭਰਿਆ ਹੈ ਅਤੇ ਇਸ ਦੇ ਨਾਲ ਹੀ ਅਕਾਲੀ-ਭਾਜਪਾ ਸਰਕਾਰ ਦੌਰਾਨ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਨ੍ਹਾਂ ਮੁਕਾਬਿਲਆਂ ਲਈ ਜ਼ਿੰਮੇਵਾਰ ਸਮਝੇ ਜਾਂਦੇ ਪੁਲਿਸ ਅਫਸਰਾਂ ਨੂੰ ਅਹਿਮ ਅਹੁਦਿਆਂ ਉੱਤੇ ਬਿਠਾਉਣ ਦਾ ਮਾਮਲਾ ਵੀ ਉਭਰ ਗਿਆ ਹੈ।
ਕਾਂਗਰਸ ਨੇ ਇਨ੍ਹਾਂ ਚੋਣਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਭਾਰਿਆ ਹੈ ਤੇ ਅਕਾਲੀ ਦਲ ਟਾਕਰੇ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕੇ ਉੱਤੇ ਹੱਥ ਰੱਖ ਕੇ ਚਾਰ ਹਫਤਿਆਂ ਵਿਚ ਨਸ਼ਿਆਂ ਦਾ ਲੱਕ ਤੋੜ ਦੇਣ ਦੀ ਖਾਧੀ ਸਹੁੰ ਦਾ ਮਾਮਲਾ ਚੁੱਕ ਰਿਹਾ ਹੈ। ਦੋਹਾਂ ਧਿਰਾਂ ਦੇ ਉਮੀਦਵਾਰਾਂ ਦੇ ਭਾਸ਼ਨਾਂ ਵਿਚ ਇਹੀ ਮੁੱਦੇ ਭਾਰੂ ਹਨ। ਪੰਜਾਬ ਦਾ ਚੋਣ ਇਤਿਹਾਸ ਗਵਾਹ ਹੈ ਕਿ ਇਥੇ ਚੋਣਾਂ ਅਕਸਰ ਜਜ਼ਬਾਤੀ ਮੁੱਦਿਆਂ ਉੱਤੇ ਲੜੀਆਂ ਜਾਂਦੀਆਂ ਰਹੀਆਂ ਹਨ। ਇਹ ਮੁੱਦੇ ਬਠਿੰਡਾ ਤੇ ਫ਼ਰੀਦਕੋਟ ਹਲਕਿਆਂ ਵਿਚ ਭਾਰੂ ਹਨ। ਫ਼ਰੀਦਕੋਟ ਬੇਅਦਬੀ ਘਟਨਾਵਾਂ ਦਾ ਕੇਂਦਰ ਰਿਹਾ ਹੈ ਤੇ ਬਠਿੰਡਾ ਇਸ ਦੇ ਨਾਲ ਲੱਗਦਾ ਹੈ। ਇਥੋਂ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਤੀਜੀ ਵਾਰ ਉਮੀਦਵਾਰ ਹੈ। ਬਠਿੰਡਾ ਤੇ ਫ਼ਰੀਦਕੋਟ ਹਲਕਿਆਂ ਤੋਂ ਬਿਨਾ ਇਸ ਮੁੱਦੇ ਦਾ ਅਸਰ ਹੋਰ ਹਲਕਿਆਂ ਵਿਚ ਵੀ ਸਪੱਸ਼ਟ ਦਿਸ ਰਿਹਾ ਹੈ।
ਅਕਤੂਬਰ 2015 ਵਿਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹਾਲਤ ਹੋਰ ਨਾਜ਼ੁਕ ਹੋ ਗਈ, ਜਦੋਂ ਘਟਨਾਵਾਂ ਖ਼ਿਲਾਫ਼ ਰੋਸ ਪ੍ਰਗਟ ਕਰ ਰਹੀ ਸਿੱਖ ਸੰਗਤ ਉੱਤੇ ਪੁਲਿਸ ਨੇ ਗੋਲੀ ਚਲਾ ਦਿੱਤੀ ਅਤੇ ਪਿੰਡ ਬਹਿਬਲ ਕਲਾਂ ਵਿਚ ਦੋ ਸਿੱਖ ਨੌਜਵਾਨ ਮਾਰੇ ਗਏ ਸਨ। ਬਾਦਲ ਪਰਿਵਾਰ ਉਸ ਸਮੇਂ ਤੋਂ ਹੀ ਜ਼ਬਰਦਸਤ ਦਬਾਅ ਥੱਲੇ ਹੈ। ਲੋਕਾਂ ਅੰਦਰ ਇਸ ਮਾਮਲੇ ਨੂੰ ਲੈ ਕੇ ਬਾਦਲਾਂ ਖ਼ਿਲਾਫ਼ ਬੇਹੱਦ ਗੁੱਸਾ ਹੈ। ਪ੍ਰਕਾਸ਼ ਸਿੰਘ ਬਾਦਲ ਵੱਲੋਂ ਲੰਘੇ ਸ਼ਨਿੱਚਰਵਾਰ ਇਕ ਚੋਣ ਸਭਾ ਵਿਚ ਮੁਆਫ਼ੀ ਮੰਗਣ ਤੋਂ ਸਪੱਸ਼ਟ ਹੈ ਕਿ ਉਹ ਇਸ ਮਾਮਲੇ ਬਾਬਤ ਅੰਦਰੋਂ ਡਰੇ ਹੋਏ ਹਨ।
ਸੂਬੇ ਦੀ ਚੋਣ ਮੁਹਿੰਮ ਵਿਚ ਇਕ ਗੱਲ ਬਹੁਤ ਅਹਿਮ ਹੈ ਕਿ ਆਮ ਆਦਮੀ ਪਾਰਟੀ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਈਆਂ ਵੋਟਾਂ ਇਸ ਵਾਰੀ ਕਿਸ ਧਿਰ ਵੱਲ ਜਾਣਗੀਆਂ, ਖਾਸ ਕਰਕੇ ਮਾਲਵਾ ਖੇਤਰ ਵਿਚ, ਜਿੱਥੇ ਪਾਰਟੀ ਦੀ ਕਾਰਗੁਜ਼ਾਰੀ ਬਿਹਤਰ ਰਹੀ ਸੀ। ਇਹ ਪਾਰਟੀ ਹੁਣ ਹਰ ਰੋਜ਼ ਬਿਖ਼ਰ ਰਹੀ ਹੈ। ਮਾਲਵੇ ਵਿਚ ਚੋਖਾ ਆਧਾਰ ਰੱਖਣ ਵਾਲੇ ਅਤੇ ਤਰ੍ਹਾਂ ਤਰ੍ਹਾਂ ਦੇ ਵਿਵਾਦਾਂ ਵਿਚ ਘਿਰੇ ਹੋਏ ਡੇਰਾ ਸੱਚਾ ਸੌਦਾ ਦਾ ਵੋਟ ਬੈਂਕ ਸਭ ਉਤਰਾਵਾਂ ਚੜ੍ਹਾਵਾਂ ਦੇ ਬਾਵਜੂਦ ਇਕਮੁੱਠ ਹੈ। ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ਾਂ ਦੀ ਸੂਈ ਵੀ ਇਸ ਡੇਰੇ ਵੱਲ ਹੀ ਜਾ ਰਹੀ ਹੈ।
ਪੰਜਾਬ ਦੇ ਚੋਣ ਦ੍ਰਿਸ਼ ਵਿਚ ਇਕ ਹੋਰ ਖਾਸ ਤੱਥ ਇਹ ਹੈ ਕਿ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰਾਂ ਤੋਂ ਸਾਧਾਰਨ ਬੰਦਾ ਵੀ ਸੁਆਲ ਪੁੱਛਣ ਦੀ ਦਲੇਰੀ ਕਰ ਰਹੇ ਹਨ। ਚੋਣ ਲੜ ਰਹੇ ਮੌਜੂਦਾ ਲੋਕ ਸਭਾ ਜਾਂ ਵਿਧਾਨ ਸਭਾ ਮੈਂਬਰਾਂ ਨੂੰ ਇਸ ਹਾਲਾਤ ਦਾ ਜ਼ਿਆਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਚੋਣ ਵਿਚ ਸਾਹਮਣੇ ਆ ਰਿਹਾ ਸਰਗਰਮ ਦਖ਼ਲਅੰਦਾਜ਼ੀ ਵਾਲੀ ਜਮਹੂਰੀਅਤ ਦਾ ਇਹ ਨਿਸ਼ਾਨ ਇਕੋ ਇਕ ਹਾਂ ਪੱਖੀ ਵਰਤਾਰਾ ਹੈ। ਇਹ ਵਰਤਾਰਾ ਜਾਰੀ ਰਹਿਣਾ ਚਾਹੀਦਾ ਹੈ ਤਾਂ ਕਿ ਲੋਕਾਂ ਵੱਲੋਂ ਚੁਣੇ ਨੁਮਾਇੰਦਿਆਂ ਨੂੰ ਜਵਾਬਦੇਹ ਬਣਾਇਆ ਜਾ ਸਕੇ। ਚੋਣ ਲੜ ਰਹੇ ਕਈ ਉਮੀਦਵਾਰਾਂ ਨਾਲ ਤਇਨਾਤ ਦਰਜਨਾਂ ਸੁਰੱਖਿਆ ਮੁਲਾਜ਼ਮਾਂ ਤੋਂ ਲੋਕ ਔਖੇ ਹਨ।
ਹੇਠਲੇ ਪੱਧਰ ਦੇ ਸਿਆਸੀ ਕਾਰਕੁਨ ਇਸ ਪੱਖੋਂ ਸਪੱਸ਼ਟ ਹਨ ਕਿ ਪੰਜਾਬ ਵਿਚ ਲੋਕ ਸਭਾ ਚੋਣਾਂ ਦੇ ਨਤੀਜੇ ਸੂਬੇ ਦੀ ਸਿਆਸਤ ਉੱਤੇ ਦੂਰਰਸ ਅਸਰ ਪਾਉਣਗੇ। ਇਹ ਕਿਹਾ ਤੇ ਸਮਝਿਆ ਜਾ ਰਿਹਾ ਹੈ ਕਿ ਜੇ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਚੋਣ ਜਿੱਤ ਜਾਂਦੇ ਹਨ ਤਾਂ ਇਸ ਦਾ ਸਿੱਧਾ ਅਸਰ ਅਮਰਿੰਦਰ ਸਿੰਘ ਦੀ ਸਰਕਾਰ ਦੇ ਕੰਮਕਾਜ ਉੱਤੇ ਪਵੇਗਾ। ਅਫ਼ਸਰਸ਼ਾਹੀ ਦਾ ਇਕ ਹਿੱਸਾ ਪਹਿਲਾਂ ਹੀ ਬਾਦਲਾਂ ਨਾਲ ਵਫ਼ਾਦਾਰੀ ਨਿਭਾਅ ਰਿਹਾ ਹੈ।
ਪੰਥਕ ਧਿਰਾਂ ਲਈ ਲੋਕ ਸਭਾ ਚੋਣਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੀ ਸ਼ੁਰੂਆਤ ਹਨ। ਉਨ੍ਹਾਂ ਦਾ ਨਿਸ਼ਾਨਾ ਬਾਦਲ ਪਰਿਵਾਰ ਨੂੰ ਇਸ ਪੰਥਕ ਸੰਸਥਾ ਨੂੰ ਬਾਦਲ ਪਰਿਵਾਰ ਦੀ ਜਕੜ ਤੋਂ ਮੁਕਤ ਕਰਾਉਣਾ ਹੈ। ਇਹ ਤਾਂ ਹੀ ਸੰਭਵ ਹੈ ਜੇ ਬਾਦਲ ਪਰਿਵਾਰ ਲੋਕ ਸਭਾ ਚੋਣਾਂ ਹਾਰ ਜਾਂਦਾ ਹੈ। ਇਸੇ ਕਰਕੇ ਹੀ ਇਹ ਧਿਰਾਂ ਆਪਣੇ ਢੰਗ ਨਾਲ ਚੋਣ ਮੈਦਾਨ ਵਿਚ ਪੂਰੀ ਤਰ੍ਹਾਂ ਸਰਗਰਮ ਹਨ।

Check Also

ਸਿੱਖ ਬੀਬੀਆਂ ਲਈ ਦਸਤਾਰ ਸਜਾਉਣ ਦਾ ਮਹੱਤਵ

ਤਲਵਿੰਦਰ ਸਿੰਘ ਬੁੱਟਰ ਪ੍ਰੋ. ਪੂਰਨ ਸਿੰਘ ਲਿਖਦੇ ਹਨ, ‘ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਪੰਥ ਇਕ …