Breaking News
Home / ਭਾਰਤ / ਦੇਸ਼ ਵਿਦੇਸ਼ ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਦੇਸ਼ ਵਿਦੇਸ਼ ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਬਿਹਾਰ ਭਾਵੇਂ ਆਰਥਿਕ ਪੱਖੋਂ ਗਰੀਬ, ਪਰ ਵਿਚਾਰਿਕ ਤੇ ਮਨ ਦਾ ਬਹੁਤ ਅਮੀਰ : ਨਿਤਿਸ਼ ਕੁਮਾਰ
ਪਟਨਾ ਸਾਹਿਬ/ਬਿਊਰੋ ਨਿਊਜ਼ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਐਤਵਾਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 352ਵਾਂ ਪ੍ਰਕਾਸ਼ ਪੁਰਬ ਸ਼ਾਨੋ-ਸ਼ੌਕਤ ਨਾਲ ਮਨਾਇਆ, ਜਿਸ ਵਿਚ ਵਿਸ਼ੇਸ਼ ਤੌਰ ‘ਤੇ ਸੇਵਾ ਰਤਨ ਨਿਤਿਸ਼ ਕੁਮਾਰ ਮੁੱਖ ਮੰਤਰੀ ਬਿਹਾਰ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੂੰ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਦੌਰਾਨ ਮੰਤਰੀ ਨੰਦ ਕਿਸ਼ੋਰ ਯਾਦਵ, ਮੰਤਰੀ ਪ੍ਰਮੋਦ ਕੁਮਾਰ, ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਤੇ ਭਾਈ ਮਹਿੰਦਰ ਸਿੰਘ ਯੂ.ਕੇ. ਵਾਲੇ ਵੀ ਹਾਜ਼ਰ ਸਨ। ਤਖ਼ਤ ਸਾਹਿਬ ਵਿਖੇ ਸਜਾਏ ਗਏ ਮੁੱਖ ਪੰਡਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸੰਗਤ ਨੂੰ ਸੰਬੋਧਨ ਕਰਦਿਆਂ ਨਿਤਿਸ਼ ਕੁਮਾਰ ਨੇ ਕਿਹਾ ਕਿ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਹਿਜ਼ 42 ਸਾਲ ਦੀ ਉਮਰ ਵਿਚ ਹੀ ਕ੍ਰਾਂਤੀਕਾਰੀ, ਸਮਾਜ ਸੁਧਾਰਕ, ਮਾਨਵਤਾ, ਆਦਰਸ਼ਾਂ, ਸਰੋਕਾਰਾਂ ਅਤੇ ਤਿਆਗਤਾ ਦੀ ਅਜਿਹੀ ਮਿਸਾਲ ਪੈਦਾ ਕੀਤੀ, ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ, ਅਜਿਹੇ ਵਿਚ ਉਨ੍ਹਾਂ ਨੂੰ ਸੁਭਾਗ ਪ੍ਰਾਪਤ ਹੋਇਆ ਕਿ ਉਹ ਉਸ ਰਹਿਬਰ ਦਾ ਪ੍ਰਕਾਸ਼ ਪੁਰਬ ਮਨਾ ਸਕਣ। ਉਨ੍ਹਾਂ ਕਿਹਾ ਕਿ ਪਟਨਾ ਸਾਹਿਬ ਦੀ ਭੂਮੀ ਦਾ ਇਤਿਹਾਸ ਗੌਰਵਮਈ ਰਿਹਾ ਹੈ, ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ 2 ਸਾਲ ਪਹਿਲਾਂ ਮਨਾਏ ਗਏ 350ਵੇਂ ਪ੍ਰਕਾਸ਼ ਪੁਰਬ ਤੋਂ ਬਾਅਦ ਬਿਹਾਰ ਵਿਚ ਦੇਸ਼-ਵਿਦੇਸ਼ ਵਿਚੋਂ ਆਏ ਸਿੱਖ ਭਾਈਚਾਰੇ ਦਾ ਸਵਾਗਤ ਜਿਸ ਪ੍ਰਕਾਰ ਨਾਲ ਵੱਖ-ਵੱਖ ਫ਼ਿਰਕੇ ਨਾਲ ਸਬੰਧਿਤ ਲੋਕਾਂ ਵਲੋਂ ਕੀਤਾ ਗਿਆ, ਉਸ ਨਾਲ ਜਿਥੇ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਹੋਈਆਂ, ਉਥੇ ਹੀ ਸਦਭਾਵਨਾ ਦਾ ਮਾਹੌਲ ਬਣਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਰਾਜਗੀਰ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਉਸ ਦਾ ਨਿਰਮਾਣ 550 ਸਾਲਾ ਪ੍ਰਕਾਸ਼ ਪੁਰਬ ਤੱਕ ਮੁਕੰਮਲ ਕੀਤਾ ਜਾਵੇਗਾ, ਜਦਕਿ ਗੁਰਦੁਆਰਾ ਕੰਗਣਘਾਟ ਸਾਹਿਬ ਵਿਖੇ ਵਿਸ਼ਾਲ ਕਮਿਊਨਿਟੀ ਹਾਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਇਕੱਲੇ ਸਿੱਖ ਸਮਾਜ ਲਈ ਨਹੀਂ, ਬਲਕਿ ਹਰੇਕ ਇਨਸਾਨ ਲਈ ਹਨ। ਸੰਗਤ ਦਾ ਧੰਨਵਾਦ ਕਰਦਿਆਂ ਨਿਤਿਸ਼ ਕੁਮਾਰ ਨੇ ਕਿਹਾ ਕਿ ਭਾਵੇਂ ਬਿਹਾਰ ਆਰਥਿਕ ਪੱਖੋਂ ਗਰੀਬ ਹੈ ਪਰ ਵਿਚਾਰਿਕ ਤੇ ਮਨ ਦਾ ਬਹੁਤ ਅਮੀਰ ਹੈ, ਜਿਸ ਲਈ ਉਨ੍ਹਾਂ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਅਜਿਹੇ ਪ੍ਰਕਾਸ਼ ਪੁਰਬ ਮਨਾ ਕੇ ਗੁਰੂ ਸਿਧਾਂਤ ਅਤੇ ਫਲਸਫ਼ੇ ਨਾਲ ਜੋੜਨਾ ਹੈ। ਇਸ ਮੌਕੇ ਮਾਸਿਕ ਕਿਤਾਬਚਾ ‘ਗੋਬਿੰਦ ਪ੍ਰਕਾਸ਼’ ਅਤੇ ਕਲੰਡਰ ਲੋਕ ਅਰਪਣ ਕੀਤਾ ਗਿਆ।
ਨਿਤਿਸ਼ ਕੁਮਾਰ ਦਾ ‘ਵਿਕਾਸ ਪੁਰਸ਼’ ਪੁਰਸਕਾਰ ਨਾਲ ਸਨਮਾਨ
ਪਟਨਾ ਸਾਹਿਬ : ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ ਮੌਕੇ ਕੀਤੇ ਗਏ ਸੁਚੱਜੇ ਪ੍ਰਬੰਧਾਂ, ਅਦੁੱਤੀ ਸੇਵਾ ਅਤੇ ਵਿਕਾਸ ਕਾਰਜਾਂ ਦੇ ਮੱਦੇਨਜ਼ਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਲੋਂ ਸੇਵਾ ਰਤਨ ਨਿਤਿਸ਼ ਕੁਮਾਰ ਮੁੱਖ ਮੰਤਰੀ ਬਿਹਾਰ ਨੂੰ ‘ਵਿਕਾਸ ਪੁਰਸ਼’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੂੰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਨੇ ਕਿਰਪਾਨ, ਲੋਈ, ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ। ਇਸ ਮੌਕੇ ਕੇਂਦਰੀ ਮੰਤਰੀ ਐਸ. ਐਸ.ਆਹਲੂਵਾਲੀਆ, ਦਮਦਮੀ ਟਕਸਾਲ ਤੇ ਸੰਤ ਸਮਾਜ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ, ਭਾਈ ਮੋਹਿੰਦਰ ਸਿੰਘ ਮੁਖੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਯੂ. ਕੇ., ਸੰਤ ਬਾਬਾ ਸੁਖਦੇਵ ਸਿੰਘ ਨਾਨਕਸਰ, ਸੰਤ ਬਾਬਾ ਘਾਲਾ ਸਿੰਘ, ਭਾਈ ਗੁਰਇਕਬਾਲ ਸਿੰਘ ਤੋਂ ਇਲਾਵਾ ਵੱਖ-ਵੱਖ ਸੰਪਰਦਾਵਾਂ ਦੇ ਆਗੂ ਹਾਜ਼ਰ ਸਨ। ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਪ੍ਰਕਾਸ਼ ਪੁਰਬ ਸਮਾਗਮਾਂ ਤੋਂ ਬਾਅਦ ਬਿਹਾਰ ਨੂੰ ਇਕ ਨਵੀਂ ਪਹਿਚਾਣ ਮਿਲੀ, ਜਿਸ ਦਾ ਸਿਹਰਾ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਿਤਿਸ਼ ਕੁਮਾਰ ਅਜੋਕੇ ਸਮੇਂ ਦੇ ਮਹਾਰਾਜਾ ਰਣਜੀਤ ਸਿੰਘ ਹਨ, ਜਿਨ੍ਹਾਂ ਹਰੇਕ ਧਰਮ/ਫਿਰਕੇ ਨੂੰ ਸਨਮਾਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਲੋਂ ਨਿਤਿਸ਼ ਕੁਮਾਰ ਨੂੰ ‘ਸੇਵਾ ਰਤਨ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …