Breaking News
Home / ਜੀ.ਟੀ.ਏ. ਨਿਊਜ਼ / ਬਰੈਂਪਟਨ ‘ਚ ਪਾਰਕ ਦਾ ਨਾਮ ‘ਆਨਰਏਬਲ ਗੁਰਬਖ਼ਸ਼ ਸਿੰਘ ਮੱਲ੍ਹੀ’ ਰੱਖਿਆ ਗਿਆ

ਬਰੈਂਪਟਨ ‘ਚ ਪਾਰਕ ਦਾ ਨਾਮ ‘ਆਨਰਏਬਲ ਗੁਰਬਖ਼ਸ਼ ਸਿੰਘ ਮੱਲ੍ਹੀ’ ਰੱਖਿਆ ਗਿਆ

ਟੋਰਾਂਟੋ/ਸਤਪਾਲ ਸਿੰਘ ਜੌਹਲ : ਉਨਟਾਰੀਓ ਸੂਬੇ ‘ਚ ਪੰਜਾਬੀਆਂ ਦੇ ਚਹੇਤੇ ਸ਼ਹਿਰ ਬਰੈਂਪਟਨ ‘ਚ ਸਿਟੀ ਕੌਂਸਲ ਦੀ ਮਨਜ਼ੂਰੀ ਮਗਰੋਂ ਇਕ ਪਾਰਕ ਸਾਬਕਾ ਸੰਸਦ ਮੈਂਬਰ ਅਤੇ ਸੰਸਦੀ ਸਕੱਤਰ ਗੁਰਬਖਸ਼ ਸਿੰਘ ਮੱਲ੍ਹੀ ਦੇ ਨਾਮ ਨੂੰ ਸਮਰਪਿਤ ਕੀਤਾ ਗਿਆ ਹੈ। ਸ਼ਹਿਰ ਦੇ ਉੱਤਰ-ਪੂਰਬ ‘ਚ ਏਅਰਪੋਰਟ ਰੋਡ ਅਤੇ ਕੰਟਰੀਸਾਈਡ ਡ੍ਰਾਈਵ ਇਲਾਕੇ ‘ਚ ਬਰਲਵੁੱਡ ਰੋਡ ਉਪਰ ਸਥਿਤ ਰਫਸੋਡੀ ਪਾਰਕ ਦਾ ਨਾਮ ‘ਆਨਰੇਬਲ ਗੁਰਬਖਸ਼ ਸਿੰਘ ਮੱਲ੍ਹੀ’ ਰੱਖਿਆ ਗਿਆ ਹੈ। ਜਿਸਦੇ ਉਦਘਾਟਨੀ ਸਮਾਗਮ ‘ਚ ਬਰੈਂਪਟਨ ਦੇ ਮੇਅਰ ਅਤੇ ਸਿਟੀ ਕੌਂਸਲਰਾਂ ਤੋਂ ਇਲਾਵਾ ਲਿਬਰਲ ਪਾਰਟੀ ਦੇ ਕੁਝ ਸੰਸਦ ਮੈਂਬਰ ਅਤੇ ਉਨਟਾਰੀਓ ਦੇ ਵਿਧਾਇਕ ਤੇ ਪ੍ਰਾਂਤਕ ਲਿਬਰਲ ਪਾਰਟੀ (ਉਨਟਾਰੀਓ) ਦੇ ਆਗੂ ਸਟੀਵਨ ਡੈਲਡੂਕਾ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਸ਼ਾਮਲ ਹੋਏ। ਮੱਲ੍ਹੀ ਬਰੈਂਪਟਨ ਅਤੇ ਮਿਸੀਸਾਗਾ ਦੇ ਸੰਸਦੀ ਹਲਕਾ ਬਰੈਮਲੀ-ਗੋਰ-ਮਾਲਟਨ ਤੋਂ 1993 ਤੋਂ 2011 ਤੱਕ ਲਗਾਤਾਰ 6 ਵਾਰੀ ਸੰਸਦ ਮੈਂਬਰ ਚੁਣੇ ਗਏ ਸਨ। ਪਹਿਲੇ ਦਸਤਾਰਧਾਰੀ ਸੰਸਦ ਮੈਂਬਰ ਹੋਣ ਦੇ ਨਾਲ-ਨਾਲ ਉਹ ਕੈਨੇਡਾ ਦੇ ਕ੍ਰਿਤ ਮੰਤਰੀ, ਮਨੁੱਖੀ ਸਾਧਨਾਂ ਦੇ ਮੰਤਰੀ, ਕੁਦਰਤੀ ਸਾਧਨਾਂ ਦੇ ਮੰਤਰੀ ਅਤੇ ਉਦਯੋਗ ਮੰਤਰੀ ਦੇ ਸੰਸਦੀ ਸਕੱਤਰ ਵੀ ਰਹੇ। ਕੈਨੇਡਾ ‘ਚ (ਪਿੰਡ ਚੁੱਘਾ ਕਲਾਂ ਜ਼ਿਲ੍ਹਾ ਮੋਗਾ ਤੋਂ) ਮੱਲ੍ਹੀ ਪਹਿਲੇ ਭਾਰਤੀ ਮੂਲ ਦੇ ਅਜਿਹੇ ਰਾਜਨੀਤਕ ਹਨ ਜਿਨ੍ਹਾਂ ਦੇ ਨਾਮ ਨੂੰ ਸਥਾਨਕ ਸਰਕਾਰ ਵਲੋਂ ਇਕ ਪੂਰਾ ਪਾਰਕ ਸਮਰਪਿਤ ਕੀਤਾ ਗਿਆ ਹੈ। ਇਸ ਮੌਕੇ ‘ਤੇ ਮੇਅਰ ਪੈਟ੍ਰਿਕ ਬਰਾਊਨ ਨੇ ਆਖਿਆ ਕਿ ਮੱਲ੍ਹੀ ਦੇ ਨਾਲ ਉਹ ਆਪ ਵੀ ਸੰਸਦ ਮੈਂਬਰ ਰਹੇ ਹਨ ਅਤੇ ਨਿੱਜੀ ਤੌਰ ‘ਤੇ ਜਾਣਦੇ ਹਨ ਕਿ ਮੱਲ੍ਹੀ ਆਪਣੇ ਹਲਕੇ ਦੇ ਲੋਕਾਂ ਅਤੇ ਕੈਨੇਡਾ ਪ੍ਰਤੀ ਸੱਚੇ ਮਨ ਤੋਂ ਸਮਰਪਿਤ ਸਨ, ਜਿਸ ਕਰਕੇ 18 ਸਾਲਾਂ ਤੱਕ ਲੋਕ ਉਨ੍ਹਾਂ ਨੂੰ ਵਾਰ-ਵਾਰ ਚੁਣਦੇ ਰਹੇ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …