ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਅਰਥਚਾਰੇ ਦੇ ਨਿਰਮਾਣ ਤੇ ਘਾਟੇ ਨੂੰ ਘਟਾਉਣ ਦੇ ਨਾਲ ਨਾਲ ਅਗਲੇ ਪੰਜ ਸਾਲਾਂ ਵਿੱਚ ਬਿਲੀਅਨ ਡਾਲਰ ਦੇ ਖਰਚੇ ਕਰਨ ਦੇ ਵਾਅਦੇ ਨਾਲ ਬਜਟ ਪੇਸ਼ ਕੀਤਾ।
ਬਜਟ ਵਿੱਚ ਹਾਊਸਿੰਗ ਅਫਰਡੇਬਿਲਿਟੀ ਤੋਂ ਲੈ ਕੇ ਰੂਸ ਤੇ ਯੂਕਰੇਨ ਦਰਮਿਆਨ ਜਾਰੀ ਸੰਘਰਸ਼ ਕਾਰਨ ਪੈਦਾ ਹੋਈ ਗਲੋਬਲ ਅਸਥਿਰਤਾ ਦਰਮਿਆਨ ਕੈਨੇਡੀਅਨ ਫੌਜ ਦੇ ਹੱਥ ਮਜ਼ਬੂਤ ਕਰਨ, ਖੁਦ ਸੱਤਾ ਵਿੱਚ ਬਣੇ ਰਹਿਣ ਦੇ ਇਰਾਦੇ ਨਾਲ ਪ੍ਰੋਗਰੈਸਿਵ ਨੀਤੀਆਂ ਲਿਆਉਣ ਦਾ ਫਰੀਲੈਂਡ ਵੱਲੋਂ ਵਾਅਦਾ ਕੀਤਾ ਗਿਆ।ਉਨ੍ਹਾਂ ਇਹ ਵੀ ਦੱਸਿਆ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਕੈਨੇਡੀਅਨ ਅਰਥਚਾਰੇ ਨੂੰ ਕਿਸ ਤਰ੍ਹਾਂ ਲੀਹ ਉੱਤੇ ਲਿਆਂਦਾ ਜਾਵੇਗਾ ਤੇ ਕਿਸ ਤਰ੍ਹਾਂ ਖਰਚੇ ਕਰਕੇ ਮਹਾਂਮਾਰੀ ਦੇ ਦੌਰ ਤੋਂ ਬਾਹਰ ਨਿਕਲਿਆ ਜਾਵੇਗਾ।
ਬਜਟ ਵਿੱਚ ਹਾਊਸਿੰਗ ਸਪਲਾਈ, ਇੰਡੀਜੀਨਸ ਲੋਕਾਂ ਨਾਲ ਸੁਲ੍ਹਾ, ਕਲਾਈਮੇਟ ਚੇਂਜ ਤੇ ਕੌਮੀ ਡਿਫੈਂਸ ਉੱਤੇ 9·5 ਬਿਲੀਅਨ ਡਾਲਰ ਖਰਚਣ ਦਾ ਪ੍ਰਸਤਾਵ ਹੈ ਜਦਕਿ ਫਰੀਲੈਂਡ ਨੇ ਆਮਦਨ ਪੈਦਾ ਕਰਨ ਲਈ ਕੀਤੀਆਂ ਜਾਣ ਵਾਲੀਆਂ ਕੋਸਿ਼ਸ਼ਾਂ ਉੱਤੇ 2 ਬਿਲੀਅਨ ਡਾਲਰ ਖਰਚਣ ਦੇ ਟੀਚੇ ਬਾਰੇ ਵੀ ਜਾਣਕਾਰੀ ਦਿੱਤੀ।ਇਸ ਦੇ ਨਾਲ ਹੀ ਮੁਨਾਫਾ ਕਮਾਉਣ ਵਾਲੇ ਬੈਂਕਾਂ ਤੇ ਹੋਰਨਾਂ ਸੰਸਥਾਵਾਂ ਤੋਂ ਵਾਧੂ ਟੈਕਸ ਰਾਹੀਂ ਕਈ ਬਿਲੀਅਨ ਡਾਲਰ ਜੁਟਾਉਣ ਦੀ ਸਰਕਾਰ ਦੀ ਯੋਜਨਾ ਦਾ ਵੀ ਫਰੀਲੈਂਡ ਨੇ ਖੁਲਾਸਾ ਕੀਤਾ।
ਸਰਕਾਰ ਨੇ ਇਹ ਦਾਅਵਾ ਵੀ ਕੀਤਾ ਕਿ ਕੈਨੇਡਾ ਮਹਾਂਮਾਰੀ ਤੋਂ ਬਾਹਰ ਨਿਕਲ ਰਿਹਾ ਹੈ ਤੇ ਜੀਡੀਪੀ ਮਹਾਂਮਾਰੀ ਤੋਂ ਪਹਿਲਾਂ ਵਾਲੇ ਪੱਧਰ ਉੱਤੇ ਪਰਤ ਰਹੀ ਹੈ। ਰੋਜ਼ਗਾਰ ਦੇ ਮੌਕਿਆਂ ਵਿੱਚ ਵੀ ਮਜ਼ਬੂਤੀ ਆਈ ਹੈ।
ਇਸ ਤੋਂ ਇਲਾਵਾ ਕੈਨੇਡਾ ਵੱਲੋਂ ਯੂਕਰੇਨ ਲਈ 500 ਮਿਲੀਅਨ ਡਾਲਰ ਦੀ ਮਿਲਟਰੀ ਏਡ ਦੀ ਪੇਸ਼ਕਸ਼ ਵੀ ਕੀਤੀ ਗਈ ਹੈ। ਯੂਕਰੇਨ ਤੋਂ ਭੱਜ ਕੇ ਇੱਥੇ ਪਹੁੰਚੇ ਲੋਕਾਂ ਲਈ ਸਪੈਸ਼ਲ ਇਮੀਗ੍ਰੇਸ਼ਨ ਉੱਤੇ ਵੀ ਸਰਕਾਰ ਨੇ 111 ਮਿਲੀਅਨ ਡਾਲਰ ਖਰਚਣ ਦਾ ਐਲਾਨ ਕੀਤਾ ਹੈ।
ਇਸ ਦੇ ਨਾਲ ਹੀ ਹੈਲਥ ਕੈਨੇਡਾ ਲਈ ਸਰਕਾਰ ਅਗਲੇ ਪੰਜ ਸਾਲਾਂ ਵਾਸਤੇ 5·3 ਬਿਲੀਅਨ ਡਾਲਰ ਖਰਚ ਕਰੇਗੀ ਤੇ ਫਿਰ 1·7 ਬਿਲੀਅਨ ਡਾਲਰ ਇਸ ਨਵੇਂ ਪ੍ਰੋਗਰਾਮ ਉੱਤੇ ਖਰਚ ਕੀਤੇ ਜਾਣਗੇ, ਜਿਸ ਤਹਿਤ ਸਾਲਾਨਾ 90,000 ਡਾਲਰ ਤੋਂ ਘੱਟ ਕਮਾਉਣ ਵਾਲੇ ਪਰਿਵਾਰਾਂ ਨੂੰ ਡੈਂਟਲ ਕੇਅਰ ਮੁਹੱਈਆ ਕਰਵਾਈ ਜਾਵੇਗੀ।ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਵੀ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।