Breaking News
Home / ਜੀ.ਟੀ.ਏ. ਨਿਊਜ਼ / ਕਾਰਬਨ ਟੈਕਸ ਬਾਰੇ ਕੰਸਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਹੋਇਆ ਪਾਸ

ਕਾਰਬਨ ਟੈਕਸ ਬਾਰੇ ਕੰਸਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਹੋਇਆ ਪਾਸ

ਓਟਵਾ/ਬਿਊਰੋ ਨਿਊਜ਼ : ਕੰਸਰਵੇਟਿਵਾਂ ਵੱਲੋਂ ਇਹ ਮੰਗ ਕੀਤੀ ਗਈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਦੇ ਪ੍ਰੀਮੀਅਰਜ਼ ਨਾਲ ਟੈਲੀਵਿਜ਼ਨ ਉੱਤੇ ਕਾਰਬਨ ਟੈਕਸ ਬਾਰੇ ਐਮਰਜੈਂਸੀ ਮੀਟਿੰਗ ਕਰਨ। ਇਸ ਲਈ ਫੈਡਰਲ ਐਨਡੀਪੀ ਤੇ ਬਲਾਕ ਵੱਲੋਂ ਵੀ ਸਹਿਮਤੀ ਦਿੱਤੀ ਗਈ।
ਐਨਡੀਪੀ ਦੀ ਐਨਵਾਇਰਮੈਂਟ ਕ੍ਰਿਟਿਕ ਲੌਰੇਲ ਕੌਲਿਨਜ਼ ਨੇ ਆਖਿਆ ਕਿ ਫੈਡਰਲ ਸਰਕਾਰ ਵੱਲੋਂ ਕਾਰਬਨ ਟੈਕਸ ਲਾਏ ਜਾਣਾ ਹੀ ਕਲਾਈਮੇਟ ਪਾਲਿਸੀ ਨਹੀਂ ਹੈ ਸਗੋਂ ਐਨਡੀਪੀ ਵੀ ਚਾਹੁੰਦੀ ਹੈ ਕਿ ਸਾਰੇ ਪ੍ਰੀਮੀਅਰਜ਼ ਵੱਲੋਂ ਪੇਸ ਕੀਤੇ ਜਾਣ ਵਾਲੇ ਇਸ ਦੇ ਬਦਲਵੇਂ ਪ੍ਰਬੰਧਾਂ ਨੂੰ ਸਾਰੇ ਸੁਣ ਤੇ ਵੇਖ ਸਕਣ ਤਾਂ ਕਿ ਇਸ ਦਾ ਕੋਈ ਹੋਰ ਹੱਲ ਕੱਢਿਆ ਜਾ ਸਕੇ। ਉਨ੍ਹਾਂ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਕਲਾਈਮੇਟ ਐਮਰਜੈਂਸੀ ਨਾਲ ਸੰਘਰਸ਼ ਵਿੱਚ ਸਾਰੇ ਕੈਨੇਡੀਅਨਜ਼ ਨੂੰ ਇੱਕਜੁੱਟ ਕੀਤਾ ਜਾ ਸਕੇ ਤਾਂ ਕਿ ਮਹਿੰਗਾਈ ਦੇ ਸੰਕਟ ਨਾਲ ਨਜਿੱਠਣ ਦੇ ਨਾਲ ਨਾਲ ਸਰਕਾਰ ਵੀ ਸਾਡਾ ਸਮਰਥਨ ਕਰ ਸਕੇ।
ਕੰਸਰਵੇਟਿਵਾਂ ਵੱਲੋਂ ਪੰਜ ਹਫਤਿਆਂ ਦੇ ਅੰਦਰ ਅੰਦਰ ਪ੍ਰਧਾਨ ਮੰਤਰੀ ਟਰੂਡੋ ਦੇ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਆਗੂਆਂ ਨਾਲ ਮਿਲ ਬੈਠ ਕੇ ਗੱਲਬਾਤ ਕਰਨ ਸਬੰਧੀ ਲਿਆਂਦੇ ਮਤੇ ਦਾ ਐਨਡੀਪੀ ਵੱਲੋਂ ਸਮਰਥਨ ਕੀਤਾ ਗਿਆ। ਇਹ ਮਤਾ ਐਨਡੀਪੀ ਤੇ ਬਲਾਕ ਕਿਊਬਿਕੁਆ ਦੀ ਮਦਦ ਨਾਲ ਹਾਊਸ ਆਫ ਕਾਮਨਜ਼ ਵਿੱਚ ਪਾਸ ਹੋ ਗਿਆ ਜਦਕਿ ਲਿਬਰਲ ਐਮਪੀਜ਼ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ।
ਵੋਟ ਤੋਂ ਬਾਅਦ ਕੰਸਰਵੇਟਿਵ ਪਾਰਟੀ ਨੇ ਆਖਿਆ ਕਿ ਕਾਰਬਨ ਟੈਕਸ ਨਾਲ ਕੈਨੇਡੀਅਨਜ਼ ਨੂੰ ਕੀ ਦਿੱਕਤਾਂ ਆਉਣਗੀਆਂ ਇਸ ਬਾਰੇ ਕੈਨੇਡੀਅਨ ਪ੍ਰੀਮੀਅਰਜ਼ ਦਾ ਪੱਖ ਸੁਣਨ ਦੀ ਜ਼ਿੰਮੇਵਾਰੀ ਵੀ ਟਰੂਡੋ ਨੂੰ ਲੈਣੀ ਚਾਹੀਦੀ ਹੈ। ਇਹ ਵੀ ਆਖਿਆ ਗਿਆ ਕਿ ਇਸ ਮੀਟਿੰਗ ਵਿੱਚ ਟਰੂਡੋ ਨੂੰ ਫੈਡਰਲ ਕਾਰਬਨ ਟੈਕਸ ਤੋਂ ਬਾਹਰ ਰਹਿਣ ਦੇ ਚਾਹਵਾਨ ਪ੍ਰੋਵਿੰਸਾਂ ਨੂੰ ਇਸ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਢੰਗ ਨਾਲ ਬਿਨਾਂ ਟੈਕਸਾਂ ਤੋਂ ਗ੍ਰੀਨ ਹਾਊਸ ਗੈਸਾਂ ਦੇ ਰਿਸਾਅ ਨੂੰ ਘੱਟ ਕਰਨ ਦੇ ਵਿਚਾਰਾਂ ਨੂੰ ਨਾਲ ਅਮਲ ਵਿੱਚ ਲਿਆ ਸਕਣ।

 

Check Also

ਕੈਨੇਡਾ ‘ਚੋਂ ਜ਼ਬਰਦਸਤੀ ਕੱਢੇ ਜਾਣ ਵਾਲੇ

ਭਾਰਤੀ ਵਿਦਿਆਰਥੀ ਹੋਏ ਪ੍ਰੇਸ਼ਾਨ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਿੰਸ ਐਡਵਰਡ ਆਈਲੈਂਡ ਇਲਾਕੇ ਵਿੱਚ ਸੈਂਕੜੇ …