ਵੈਨਕੂਵਰ/ਬਿਊਰੋ ਨਿਊਜ਼ : ਕੈਨੇਡਾ ਦੇ ਅਲਬਰਟਾ ਸੂਬੇ ਦੀ ਰਾਜਧਾਨੀ ਤੇ ਪੰਜਾਬੀਆਂ ਦੀ ਵੱਡੀ ਵਸੋਂ ਵਾਲੇ ਸ਼ਹਿਰ ਐਡਮੰਟਨ ‘ਚ ਬਿਲਡਰ ਬੂਟਾ ਸਿੰਘ ਗਿੱਲ ਦੀ ਉਸਾਰੀ ਸਥਾਨ ‘ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਗੋਲੀਬਾਰੀ ‘ਚ ਉਨ੍ਹਾਂ ਦਾ ਇੱਕ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਹਮਲਾਵਰ ਨੇ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਬੂਟਾ ਸਿੰਘ ਗਿੱਲ ਐਡਮੰਟਨ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੀ ਸਨ।
ਜਾਣਕਾਰੀ ਮੁਤਾਬਕ ਘਟਨਾ ਸ਼ਹਿਰ ਦੇ ਦੱਖਣ-ਪੱਛਮੀ ਖੇਤਰ ਕਵਾਨਾ ਬੁਲੇਵਰਡ ਅਤੇ 30 ਐਵੇਨਿਊ ਖੇਤਰ ‘ਚ ਵਾਪਰੀ ਜਿੱਥੇ ਗਿੱਲ ਦੇ ਉਸਾਰੀ ਪ੍ਰਾਜੈਕਟ ਦਾ ਕੰਮ ਚੱਲ ਰਿਹਾ ਹੈ। ਗੋਲੀ ਚੱਲਣ ਦੀ ਘਟਨਾ ਵਾਪਰਨ ਮਗਰੋਂ ਉਕਤ ਜਗ੍ਹਾ ‘ਤੇ ਕੰਮਾਂ ‘ਚ ਲੱਗੇ ਮਜ਼ਦੂਰਾਂ ‘ਚ ਹਫੜਾ-ਦਫੜੀ ਮੱਚ ਗਈ।
ਐਡਮੰਟਨ ਪੁਲਿਸ ਦੇ ਬੁਲਾਰੇ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਾਂਚ ਟੀਮ ਆਪਣੇ ਕੰਮ ‘ਚ ਜੁੱਟ ਗਈ ਹੈ ਤੇ ਘਟਨਾ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ ਕਿ ਦੋਸ਼ੀ ਨੇ ਇਹ ਕਦਮ ਕਿਉਂ ਚੁੱਕਿਆ। ਪੁਲਿਸ ਨੇ ਕਿਹਾ ਕਿ ਗੰਭੀਰ ਜ਼ਖਮੀ ਵਿਅਕਤੀ ਜਾਨਲੇਵਾ ਸੱਟਾਂ ਕਾਰਨ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਪਤਾ ਲੱਗਾ ਹੈ ਕਿ ਹਮਲਾਵਰ ਵੀ ਉਸੇ ਕੰਪਨੀ ਦਾ ਕਾਮਾ ਸੀ ਤੇ ਕਿਸੇ ਗੱਲ ਨੂੰ ਲੈ ਕੇ ਉਸ ਦੀ ਆਪਣੇ ਮਾਲਕ ਨਾਲ ਰੰਜਿਸ਼ ਚੱਲ ਰਹੀ ਸੀ, ਜਿਸ ਦੇ ਚਲਦਿਆਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ।