Breaking News
Home / ਜੀ.ਟੀ.ਏ. ਨਿਊਜ਼ / ਲਿਬਰਲ ਕਾਕਸ ਦੇ ਪਾਰਲੀਮੈਂਟ ਮੈਂਬਰਾਂ ਅਤੇ ਮੰਤਰੀਆਂ ਨੇ ਪਾਰਲੀਮੈਂਟ ਹਿੱਲ ‘ਤੇ ਮਿਲ ਕੇ ਮਨਾਈ ਵਿਸਾਖੀ

ਲਿਬਰਲ ਕਾਕਸ ਦੇ ਪਾਰਲੀਮੈਂਟ ਮੈਂਬਰਾਂ ਅਤੇ ਮੰਤਰੀਆਂ ਨੇ ਪਾਰਲੀਮੈਂਟ ਹਿੱਲ ‘ਤੇ ਮਿਲ ਕੇ ਮਨਾਈ ਵਿਸਾਖੀ

ਔਟਵਾ/ਬਿਊਰੋ ਨਿਊਜ਼ : ਪੰਜਾਬ ਦਾ ਮਹਾਨ ਇਤਿਹਾਸਕ ਤੇ ਸੱਭਿਆਚਾਰਕ ਤਿਓਹਾਰ ‘ਵਿਸਾਖੀ’ ਜੋ ਕਿ ਦੇਸੀ ਮਹੀਨੇ ਵਿਸਾਖ ਦੀ ਸੰਗਰਾਂਦ ਵਾਲੇ ਦਿਨ (13 ਅਪ੍ਰੈਲ) ਨੂੰ ਆਉਂਦਾ ਹੈ। ਲੰਘੀ 8 ਅਪ੍ਰੈਲ ਨੂੰ ਕੈਨੇਡਾ ਦੀ ਰਾਜਧਾਨੀ ਔਟਵਾ ਵਿਖੇ ਪਾਰਲੀਮੈਂਟ ਹਿੱਲ ਸਥਿਤ ਪਾਰਲੀਮੈਂਟ ਹਾਲ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਲਿਬਰਲ ਕਾਕਸ ਦੇ ਪਾਰਲੀਮੈਂਟ ਮੈਂਬਰਾਂ ਅਤੇ ਮੰਤਰੀਆਂ ਨੇ ਇਸ ਵਿਚ ਵੱਡੀ ਗਿਣਤੀ ਸ਼ਾਮਲ ਹੋ ਕੇ ਇਸ ਦੀ ਰੌਣਕ ਨੂੰ ਵਧਾਇਆ।
ਇਸ ਮੌਕੇ ਪਿਛਲੇ ਸ਼ਨੀਵਾਰ 6 ਅਪ੍ਰੈਲ ਨੂੰ ਆਰੰਭ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਭੋਗ ਪਾਇਆ ਗਿਆ। ਉਪਰੰਤ, ਸ੍ਰੀ ਸਿੰਘ ਸਭਾ ਕਾਰਪੋਰੇਸ਼ਨ ਦੇ ਟਰੱਸਟੀ ਅਤੇ ‘ਸਿੱਖਨੈੱਟ’ ਇੰਟਰਨੈਸ਼ਨਲ ਖਾਲਸਾ ਕੌਂਸਲ ਬੋਰਡ ਦੇ ਚੇਅਰ ਸਰਦਾਰਨੀ ਹਰਜੋਤ ਕੌਰ ਸਿੰਘ ਦੇ ਕੀਰਤਨੀ ਜੱਥੇ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ। ਸਰੀ ਸੈਂਟਰ, ਬੀ.ਸੀ. ਦੇ ਪਾਰਲੀਮੈਂਟ ਮੈਬਰ ਰਣਦੀਪ ਸਰਾਏ ਵੱਲੋਂ ਵਿਸਾਖੀ ਦੇ ਦਿਹਾੜੇ ਸਬੰਧੀ ਵਿਚਾਰ ਪੇਸ਼ ਕੀਤੇ ਗਏ। ਮਿਸੀਸਾਗਾ ਮਾਲਟਨ ਦੇ ਐੱਮ.ਪੀ. ਇਕਵਿੰਦਰ ਗਹੀਰ ਵੱਲੋਂ ਆਏ ਸਮੂਹ ਪਾਰਲੀਮੈਂਟ ਮੈਂਬਰਾਂ ਤੇ ਮੰਤਰੀਆਂ ਦਾ ਹਾਰਦਿਕ ਸੁਆਗ਼ਤ ਕੀਤਾ ਗਿਆ। ਉਨ੍ਹਾਂ ਅਪ੍ਰੈਲ ਮਹੀਨੇ ਨੂੰ ਸਰਕਾਰੀ ਤੌਰ ‘ਤੇ ‘ਸਿੱਖ ਹੈਰੀਟੇਜ ਮੰਥ’ ਐਲਾਨਣ ਦਾ ਸਿਹਰਾ ਇਸ ਸਬੰਧੀ ਐੱਮ.ਪੀ. ਸੁਖ ਧਾਲੀਵਾਲ ਵੱਲੋਂ ਲਿਆਂਦੇ ਗਏ ਮੋਸ਼ਨ ਨੂੰ ਦਿੱਤਾ। ਅੰਗਰੇਜ਼ੀ ਵਿਚ ਉਨ੍ਹਾਂ ਵੱਲੋਂ ਕੀਤੇ ਗਏ ਸੰਬੋਧਨ ਦਾ ਤਰਜੁਮਾ ਫ਼ਰੈਂਚ ਵਿਚ ਡੌਰਵਲ ਕਿਊਬਿਕ ਤੋਂ ਪਾਰਲੀਮੈਂਟ ਮੈਬਰ ਅੰਜੂ ਢਿੱਲੋਂ ਵੱਲੋਂ ਕੀਤਾ ਗਿਆ।
ਮਾਣਯੋਗ ਮੰਤਰੀ ਹਰਜੀਤ ਸਿੰਘ ਸੱਜਣ ਜਿਨ੍ਹਾਂ ਨੇ ਵਿਸਾਖੀ ਦੇ ਸਬੰਧ ਵਿਚ ਸਮੂਹ ਸੰਗਤ ਨੂੰ ਸੰਬੋਧਨ ਕੀਤਾ, ਦੀ ਜਾਣ-ਪਛਾਣ ਮੰਤਰੀ ਕਮਲ ਖਹਿਰਾ ਵੱਲੋਂ ਕਰਵਾਈ ਗਈ। ਇਸ ਮੌਕੇ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ, ਬਰੈਂਪਟਨ ਨੌਰਥ ਤੋਂ ਰੂਬੀ ਸਹੋਤਾ, ਬਰੈਂਪਟਨ ਈਸਟ ਤੋਂ ਮਨਿੰਦਰ ਸਿੱਧੂ, ਵਾਟਰਲੂ ਤੋਂ ਬਰਦੀਸ਼ ਚੱਗਰ, ਕੈਲਗਰੀ ਸਕਾਈਵਿਊ ਤੋਂ ਜਾਰਜ ਚਾਹਲ, ਸਰੀ ਸੈਂਟਰ ਤੋਂ ਰਣਦੀਪ ਸਰਾਏ, ਮਿਸੀਸਾਗਾ ਮਾਲਟਨ ਤੋਂ ਇਕਵਿੰਦਰ ਗਹੀਰ, ਡੌਰਵਲ ਕਿਊਬਿਕ ਤੋਂ ਅੰਜੂ ਢਿੱਲੋਂ, ਨਿਊਟਨ ਬੀ.ਸੀ. ਤੋਂ ਸੁੱਖ ਧਾਲੀਵਾਲ ਅਤੇ ਫ਼ੈੱਡਰਲ ਇਕਨਾਮਿਕ ਡਿਵੈੱਲਪਮੈਂਟ ਏਜੰਸੀ ਦੇ ਮਾਣਯੋਗ ਮੰਤਰੀ ਫਿਲੋਮਿਨਾ ਤਾਸੀ ਵੱਲੋਂ ਵਿਸਾਖੀ ਦਿਹਾੜੇ ਦੀ ਮਹਾਨਤਾ ਬਾਰੇ ਆਪਣੇ ਵਿਚਾਰ ਪ੍ਰਗਟਾਏ ਗਏ। ਔਟਵਾ ਸਿੱਖ ਸੋਸਾਇਟੀ ਵੱਲੋਂ ਫ਼ੈਡਰਲ ਲਿਬਰਲ ਕਾਕਸ ਦਾ ਵਿਸਾਖੀ ਦਾ ਇਤਿਹਾਸਕ ਮਨਾਉਣ ਲਈ ਧੰਨਵਾਦ ਕੀਤਾ ਗਿਆ। ਸਮਾਗ਼ਮ ਦੀ ਸਮਾਪਤੀ ‘ਤੇ ਅਰਦਾਸ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਜੋ ਸਭਨਾਂ ਨੇ ਮਿਲ਼ ਕੇ ਬੜੀ ਸ਼ਰਧਾ ਨਾਲ ਛਕਿਆ। ਇਸ ਦੌਰਾਨ ਸਵੇਰ ਸਮੇਂ ਔਟਵਾ ਸਿੱਖ ਸੋਸਾਇਟੀ ਵੱਲੋਂ ਦਸਤਾਰਾਂ ਸਜਾਉਣ ਦਾ ਸਮਾਗ਼ਮ ਵੀ ਕੀਤਾ ਗਿਆ ਜਿਸ ਵਿਚ ਨੌਜਵਾਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।
ਉਪਰੰਤ, ਪਾਰਲੀਮੈਂਟ ਹਾਊਸ ਵਿਚ ਸਪੀਕਰ ਨੂੰ ਸੰਬੋਧਨ ਹੁੰਦਿਆਂ ਬਰੈਂਪਟਨ ਸਾਊਥ ਤੋਂ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਕਿਹਾ, ਕੈਨੇਡਾ ਅਤੇ ਸਾਰੀ ਦੁਨੀਆਂ ਦੇ ਸਿੱਖ ਇਸ ਹਫ਼ਤੇ ਵਿਸਾਖੀ ਅਤੇ ‘ਖਾਲਸਾ ਦਿਵਸ’ ਮਨਾ ਰਹੇ ਹਨ। ਇਸ ਲਈ ਅੱਜ ਸਾਰੇ ਕੈਨੇਡਾ ਦੇ ਇਕ ਸਿਰੇ ਤੋਂ ਦੂਸਰੇ ਤੱਕ ਸਿੱਖ ਪਾਰਲੀਮੈਂਟ ਹਿੱਲ ‘ਤੇ ਇਹ ਪਵਿੱਤਰ ਦਿਨ ਮਨਾਉਣ ਲਈ ਆਏ ਹਨ। ਦੋ ਦਿਨ ਪਹਿਲਾਂ ਆਰੰਭ ਕਿਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਦੇ ਭੋਗ ਉਪਰੰਤ ਅਰਦਾਸ ਤੋਂ ਬਾਅਦ ਗੁਰਬਾਣੀ ਕੀਰਤਨ ਹੋਇਆ, ਵਿਸਾਖੀ ਦੇ ਤਿਓਹਾਰ ਬਾਰੇ ਵਿਚਾਰਾਂ ਹੋਈਆਂ ਅਤੇ ਫਿਰ ਸਾਰਿਆਂ ਨੇ ਮਿਲ਼ ਕੇ ਗੁਰੂ ਕਾ ਲੰਗਰ ਛਕਿਆ। ਇਸ ਸਮਾਰੋਹ ਵਿਚ ਸ਼ਾਮਲ ਹੋਣ ਵਾਲੇ ਸਮੂਹ ਸੱਜਣਾਂ ਦਾ ਮੈਂ ਤਹਿ-ਦਿਲੋਂ ਧੰਨਵਾਦ ਕਰਦੀ ਹਾਂ।
ਉਨ੍ਹਾਂ ਹੋਰ ਦੱਸਿਆ, ”ਵਿਸਾਖੀ ਦੇ ਮੌਕੇ ਸਿੱਖ ਆਪਣੇ ਇਸ਼ਟ, ਗੌਰਵਮਈ ਇਤਿਹਾਸ ਅਤੇ ਮਾਣਮੱਤੀਆਂ ਕਦਰਾਂ-ਕੀਮਤਾਂ ਨੂੰ ਯਾਦ ਕਰਦੇ ਹਨ ਅਤੇ ਉਹ ਇਕੱਠੇ ਹੋ ਕੇ ਬਰਾਬਰੀ ਦੀ ਭਾਵਨਾ ਅਤੇ ਨਿਸ਼ਕਾਮ ਸੇਵਾ ਦਾ ਸੰਕਲਪ ਦੁਹਰਾਉਂਦੇ ਹਨ। ਇਸ ਅਪ੍ਰੈਲ ਮਹੀਨੇ ਅਸੀਂ ‘ਸਿੱਖ ਹੈਰੀਟੇਜ ਮੰਥ’ ਦੀ ਪੰਜਵੀਂ ਵਰ੍ਹੇ-ਗੰਢ ਮਨਾ ਰਹੇ ਹਾਂ। ਇਹ ਸਿੱਖਾਂ ਦੀਆਂ ਮਹਾਨ ਪ੍ਰਾਪਤੀਆਂ ਨੂੰ ਯਾਦ ਕਰਨ ਦਾ ਸਮਾਂ ਹੈ, ਕਿਉਂਕਿ ਉਹ ਕੈਨੇਡਾ ਦੇ ਇਤਿਹਾਸ ਦਾ ਅਟੁੱਟ ਅੰਗ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਇਸ ਦਿਨ ‘ਖਾਲਸਾ ਪੰਥ’ ਦੀ ਸਾਜਨਾ ਕੀਤੀ ਸੀ, ਦੀਆਂ ਸਿੱਖਿਆਵਾਂ ‘ਤੇ ਚੱਲਦੇ ਹੋਏ ਉਹ ਇਨ੍ਹਾਂ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਹਨ। ਬਰੈਂਪਟਨ ਸਾਊਥ ਦੇ ਵਸਨੀਕਾਂ ਵੱਲੋਂ ਮੈਂ ਬਰੈਂਪਟਨ ਅਤੇ ਸੰਸਾਰ ਦੇ ਸਮੂਹ ਲੋਕਾਂ ਨੂੰ ਵਿਸਾਖੀ ਅਤੇ ਖਾਲਸਾ ਹੈਰੀਟੇਜ ਮੰਥ ਦੀਆਂ ਸ਼ੁਭ-ਇੱਛਾਵਾਂ ਪੇਸ਼ ਕਰਦੀ ਹਾਂ।”
ਇਸ ਮੌਕੇ ਵੱਡੇ ਇਕੱਠ ਵਿਚ ਮਾਣਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਜ਼ਰੀਨ ਨੂੰ ਸੰਬੋਧਿਤ ਹੁੰਦਿਆਂ ਵਿਸਾਖੀ ਦੀਆਂ ਮੁਬਾਰਕਾਂ ਤੇ ਸ਼ੁਭ-ਕਾਮਨਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਵਿਸਾਖੀ ਸਿੱਖਾਂ ਦਾ ਮਹਾਨ ਇਤਿਹਾਸਕ ਤੇ ਸੱਭਿਆਚਾਰਕ ਤਿਓਹਾਰ ਹੈ ਅਤੇ ਉਹ ਇਸ ਨੂੰ ਬੜੇ ਜੋਸ਼ ਤੇ ਉਤਸ਼ਾਹ ਨਾਲ ਮਨਾਉਂਦੇ ਹਨ। ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਵਿੱਚ ਨਗਰ ਕੀਰਤਨ ਸਜਾਏ ਜਾਂਦੇ ਹਨ ਜਿਨ੍ਹਾਂ ਵਿੱਚ ਸਿੱਖਾਂ ਤੋਂ ਇਲਾਵਾ ਹੋਰ ਕਮਿਊਨਿਟੀਆਂ ਦੇ ਲੋਕ ਵੀ ਸ਼ਾਮਲ ਹੁੰਦੇ ਹਨ।

Check Also

ਕੈਨੇਡਾ ‘ਚੋਂ ਜ਼ਬਰਦਸਤੀ ਕੱਢੇ ਜਾਣ ਵਾਲੇ

ਭਾਰਤੀ ਵਿਦਿਆਰਥੀ ਹੋਏ ਪ੍ਰੇਸ਼ਾਨ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਿੰਸ ਐਡਵਰਡ ਆਈਲੈਂਡ ਇਲਾਕੇ ਵਿੱਚ ਸੈਂਕੜੇ …