Breaking News
Home / ਭਾਰਤ / ਖੇਤੀ ਕਾਨੂੰਨਾਂ ‘ਤੇ ਚਰਚਾ ਤੋਂ ਭੱਜੀ ਮੋਦੀ ਸਰਕਾਰ

ਖੇਤੀ ਕਾਨੂੰਨਾਂ ‘ਤੇ ਚਰਚਾ ਤੋਂ ਭੱਜੀ ਮੋਦੀ ਸਰਕਾਰ

ਵਿਰੋਧੀ ਧਿਰਾਂ ਦੇ ਧਿਆਨ ਦਿਵਾਊ ਮਤੇ ਨੂੰ ਛੋਟੀ ਬਹਿਸ ‘ਚ ਕੀਤਾ ਤਬਦੀਲ
ਸਮੇਂ ਤੋਂ ਪਹਿਲਾਂ ਮੌਨਸੂਨ ਸੈਸ਼ਨ ਦੀ ਕੀਤੀ ਸਮਾਪਤੀ
ਨਵੀਂ ਦਿੱਲੀ : ਕੇਂਦਰ ਸਰਕਾਰ ਸੰਸਦ ਵਿੱਚ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਚਰਚਾ ਤੋਂ ਭੱਜ ਗਈ ਹੈ। ਸਰਕਾਰ ਨੇ ਕਾਂਗਰਸ ਦੇ ਚੀਫ ਵ੍ਹਿੱਪ ਜੈਰਾਮ ਰਮੇਸ਼ ਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਰਾਜ ਸਭਾ ਵਿੱਚ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਚਰਚਾ ਲਈ ਦਿੱਤੇ ਧਿਆਨ ਦਿਵਾਊ ਮਤੇ ਨੂੰ ‘ਖੇਤੀ ਸਮੱਸਿਆ ਤੇ ਹਾਲਾਤ’ ਜਿਹੇ ਸਾਧਾਰਨ ਵਿਸ਼ੇ ‘ਤੇ ਛੋਟੀ ਬਹਿਸ ਵਿੱਚ ਤਬਦੀਲ ਕਰ ਦਿੱਤਾ। ਸਰਕਾਰ ਦੀ ਇਸ ‘ਚਲਾਕੀ’ ਨੂੰ ਲੈ ਕੇ ਰਾਜ ਸਭਾ ਵਿੱਚ ਕਾਫ਼ੀ ਹੰਗਾਮਾ ਹੋਇਆ। ਰੌਲੇ-ਰੱਪੇ ਕਰਕੇ ਉਪਰਲੇ ਸਦਨ ਦੀ ਕਾਰਵਾਈ ਨੂੰ ਦਿਨ ਵਿਚ ਕਈ ਵਾਰ ਮੁਲਤਵੀ ਕਰਨਾ ਪਿਆ। ਉਧਰ ਲੋਕ ਸਭਾ ਵਿੱਚ ਸੰਵਿਧਾਨਕ ਸੋਧ ਬਿੱਲ ‘ਤੇ ਬਹਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਰੱਖਿਆ। ਬੀਬੀ ਬਾਦਲ ਨੇ ਕਿਸਾਨ ਅੰਦੋਲਨ ਦੌਰਾਨ ਮੌਤ ਦੇ ਮੂੰਹ ਪਏ ਕਿਸਾਨਾਂ ਦੀਆਂ ਤਸਵੀਰਾਂ ਵਾਲਾ ਬੈਨਰ ਵੀ ਵਿਖਾਇਆ। ਇਸ ਦੌਰਾਨ ਸਰਕਾਰ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਚਰਚਾ ਲਈ ਤਿਆਰ ਹੈ, ਪਰ ਚਰਚਾ ਅਗਲੇ ਸੰਸਦੀ ਇਜਲਾਸ ਵਿੱਚ ਹੋਵੇਗੀ। ਸੱਤਾਧਾਰੀ ਧਿਰ ਨੇ ਮੌਨਸੂਨ ਸੈਸ਼ਨ ਦੀ ਸਮੇਂ ਤੋਂ ਪਹਿਲਾਂ ਹੀ ਸਮਾਪਤੀ ਕਰ ਦਿੱਤੀ। ਸ਼੍ਰੋਮਣੀ ਅਕਾਲੀ ਦਲ, ਬਸਪਾ ਤੇ ਕਾਂਗਰਸ ਪਾਰਟੀ ਦੇ ਸੰਸਦ ਮੈਂਬਰਾਂ ਨੇ ਮਗਰੋਂ ਸੰਸਦ ਦੇ ਬਾਹਰ ਤਖ਼ਤੀਆਂ ਲੈ ਕੇ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ, ”2024 ਦੀਆਂ ਲੋਕ ਸਭਾ ਚੋਣਾਂ ਬਹੁਤੀਆਂ ਦੂਰ ਨਹੀਂ ਹਨ, ਕਾਲੇ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਲੜਾਈ ਜਾਰੀ ਰਹੇਗੀ।’ ਹਰਸਿਮਰਤ ਨੇ ਕਿਹਾ, ”ਅਸੀਂ (ਵਿਰੋਧੀ ਧਿਰਾਂ) ਵਾਰ-ਵਾਰ ਕੰਮ ਰੋਕੂ ਮਤੇ ਪੇਸ਼ ਕੀਤੇ, ਪਰ ਸਾਰਿਆਂ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ।” ਉਨ੍ਹਾਂ ਕਿਹਾ ਕਿ ਕਿਸਾਨ ਪਿਛਲੇ 8-9 ਮਹੀਨਿਆਂ ਤੋਂ ਸੜਕਾਂ ‘ਤੇ ਬੈਠੇ ਹਨ ਤੇ ਸਦਨ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਮੁੱਦੇ ‘ਤੇ ਚਰਚਾ ਕਰੇ। ਉਨ੍ਹਾਂ ਮੋਦੀ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਦਾ ਦਾਅਵਾ ਕੀਤਾ ਸੀ, ਪਰ ਖੇਤੀ ਕਾਨੂੰਨਾਂ ਨੇ ਉਲਟਾਂ ਜ਼ਰੂਰੀ ਵਸਤਾਂ ਦੇ ਭਾਅ ਵਧਾ ਦਿੱਤੇ, ਜਿਸ ਦੀ ਸਭ ਤੋਂ ਵਧ ਮਾਰ ਗਰੀਬਾਂ ਨੂੰ ਪੈ ਰਹੀ ਹੈ। ਉਧਰ ਰਾਜ ਸਭਾ ਵਿੱਚ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਕੰਮ ਦਿਵਾਊ ਮਤੇ ਨੂੰ ਛੋਟੀ ਬਹਿਸ ਵਿੱਚ ਤਬਦੀਲ ਕਰਨ ਨੂੰ ਲੈ ਕੇ ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ਵੱਲੋਂ ਕਾਫ਼ੀ ਹੰਗਾਮਾ ਕੀਤਾ ਗਿਆ।
ਓਬੀਸੀ ਸੰਵਿਧਾਨਕ ਸੋਧ ਬਿੱਲ ਦੀ ਸਾਰੀਆਂ ਪਾਰਟੀਆਂ ਨੇ ਕੀਤੀ ਹਮਾਇਤ
ਨਵੀਂ ਦਿੱਲੀ: ਮੌਨਸੂਨ ਇਜਲਾਸ ਦੌਰਾਨ ਪੈਗਾਸਸ, ਖੇਤੀ ਕਾਨੂੰਨਾਂ ਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਸਰਕਾਰ ਤੇ ਵਿਰੋਧੀ ਪਾਰਟੀਆਂ ਵਿਚਾਲੇ ਬਣੇ ਜਮੂਦ ਦਰਮਿਆਨ ਲੋਕ ਸਭਾ ਵਿੱਚ ਓਬੀਸੀ ਨਾਲ ਸਬੰਧਤ ਸੰਵਿਧਾਨਕ ਸੋਧ ਬਿੱਲ ‘ਤੇ ਬਹਿਸ ਦੌਰਾਨ ਸੰਸਦ ਮੈਂਬਰਾਂ ਨੇ ਪਾਰਟੀ ਸਫ਼ਾਂ ਤੋਂ ਉਪਰ ਉੱਠ ਕੇ ਇਕਸੁਰ ‘ਚ ਬਿੱਲ ਦੀ ਹਮਾਇਤ ਕੀਤੀ। ਇਸ ਬਿੱਲ ਦੇ ਕਾਨੂੰਨ ਦੀ ਸ਼ਕਲ ਲੈਣ ਨਾਲ ਸੂਬਾ ਸਰਕਾਰਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਮਾਜਿਕ ਤੇ ਵਿਦਿਅਕ ਤੌਰ ‘ਤੇ ਪੱਛੜੇ ਵਰਗਾਂ ਦੀ ਆਪਣੀ ਵੱਖਰੀ ਸੂਚੀ ਬਣਾਉਣ ਦਾ ਅਧਿਕਾਰ ਮਿਲੇਗਾ।
ਬਾਜਵਾ ਨੇ ਡਿਪਟੀ ਸਪੀਕਰ ਵੱਲ ਸੁੱਟੀ ਰੂਲ ਬੁੱਕ
ਰਾਜ ਸਭਾ ‘ਚ ਮੰਗਲਵਾਰ ਨੂੰ ਜੰਮ ਕੇ ਹੰਗਾਮਾ ਹੋਇਆ ਜਿਸ ਕਾਰਨ ਸਭਾ ਦੀ ਕਾਰਵਾਈ ਕਈ ਵਾਰ ਮੁਲਤਵੀ ਕਰਨੀ ਪਈ। ਇਸ ਦੌਰਾਨ ਕਾਂਗਰਸੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਸਭਾ ਦੇ ਵਿਚਕਾਰ ਬੈਂਚ ‘ਤੇ ਖੜ੍ਹੇ ਨਾਅਰੇਬਾਜ਼ੀ ਕਰਦੇ ਨਜ਼ਰ ਆਏ। ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਉਹ ਡਿਪਟੀ ਸਪੀਕਰ ਵੱਲ ਰੂਲ ਬੁੱਕ ਸੁੱਟਦੇ ਵੀ ਨਜ਼ਰ ਆਏ। ਬਾਜਵਾ ਦਾ ਕਹਿਣਾ ਸੀ ਕਿ ਸਰਕਾਰ ਲਗਾਤਾਰ ਨੇਮਾਂ ਦੀ ਉਲੰਘਣਾ ਕਰ ਰਹੀ ਹੈ।

 

Check Also

ਭਾਰਤ ਅਤੇ ਚੀਨ ਵਿਚਾਲੇ ਐਲ.ਏ.ਸੀ. ’ਤੇ ਗਸ਼ਤ ਨੂੰ ਲੈ ਕੇ ਹੋਇਆ ਸਮਝੌਤਾ

ਪੂਰਬੀ ਲੱਦਾਖ ’ਚ ਖਤਮ ਹੋ ਸਕਦਾ ਹੈ ਟਕਰਾਅ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ …