Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ‘ਚ ਐਲਾਨੀ ਐਮਰਜੈਂਸੀ 19 ਤੱਕ ਵਧੀ

ਓਨਟਾਰੀਓ ‘ਚ ਐਲਾਨੀ ਐਮਰਜੈਂਸੀ 19 ਤੱਕ ਵਧੀ

ਓਨਟਾਰੀਓ/ਬਿਊਰੋ ਨਿਊਜ਼ : ਫੋਰਡ ਸਰਕਾਰ ਵੱਲੋਂ ਓਨਟਾਰੀਓ ਵਿੱਚ ਐਮਰਜੈਂਸੀ ਮੈਨੇਜਮੈਂਟ ਤੇ ਸਿਵਲ ਪ੍ਰੋਟੈਕਸ਼ਨ ਐਕਟ ਤਹਿਤ ਲਾਗੂ ਕੀਤੇ ਗਏ ਸਾਰੇ ਐਮਰਜੈਂਸੀ ਆਰਡਰਜ਼ ਵਿੱਚ 19 ਮਈ ਤੱਕ ਵਾਧਾ ਕਰ ਦਿੱਤਾ ਗਿਆ ਹੈ। ਪ੍ਰੋਵਿੰਸ ਅਜੇ ਵੀ ਕਰੋਨਾਵਾਇਰਸ ਦੇ ਪਸਾਰ ਨੂੰ ਰੋਕਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਬੁੱਧਵਾਰ ਨੂੰ ਪ੍ਰੋਵਿੰਸ ਵੱਲੋਂ ਇਨ੍ਹਾਂ ਹੁਕਮਾਂ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ। ਸਭ ਤੋਂ ਪਹਿਲਾਂ ਇਹ ਐਮਰਜੰਸੀ ਆਰਡਰ 17 ਮਾਰਚ ਨੂੰ ਪੇਸ਼ ਕੀਤੇ ਗਏ ਸਨ। ਇਨ੍ਹਾਂ ਤਹਿਤ ਪਾਰਕਾਂ ਤੇ ਮਨੋਰੰਜਨ ਵਾਲੀਆਂ ਥਾਂਵਾਂ ਉੱਤੇ ਹੋਣ ਵਾਲੀਆਂ ਗਤੀਵਿਧੀਆਂ, ਗੈਰ ਜ਼ਰੂਰੀ ਕੰਮ ਵਾਲੀਆਂ ਥਾਂਵਾਂ, ਜਨਤਕ ਥਾਂਵਾਂ, ਬਾਰਜ਼ ਤੇ ਰੈਸਟੋਰੈਂਟਸ ਤੇ ਸਮਾਜਕ ਤੌਰ ਉੱਤੇ ਇੱਕਠੇ ਹੋਣ ਉੱਤੇ ਪਾਬੰਦੀ ਲਾਈ ਗਈ ਸੀ। ਇਸ ਤਹਿਤ ਸਟਾਫ ਦੇ ਇੱਕ ਰਿਟਾਇਰਮੈਂਟ ਹੋਮ ਜਾਂ ਲਾਂਗ ਟਰਮ ਕੇਅਰ ਹੋਮ ਨਾਲੋਂ ਵੱਧ ਵਿੱਚ ਕੰਮ ਕਰਨ ਉੱਤੇ ਵੀ ਰੋਕ ਲਾਈ ਗਈ ਸੀ। ਇਸ ਦੇ ਨਾਲ ਹੀ ਪ੍ਰੋਵਿੰਸ ਵੱਲੋਂ ਮਈ ਦੇ ਅੰਤ ਤੱਕ ਐਮਰਜੈਂਸੀ ਇਲੈਕਟ੍ਰੀਕਲ ਰੇਟ ਵਿੱਚ ਦਿੱਤੀ ਰਾਹਤ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ। ਇਨ੍ਹਾਂ ਦਰਾਂ ਵਿੱਚ ਰਾਹਤ ਪਰਿਵਾਰਾਂ, ਫਾਰਮਜ਼ ਤੇ ਨਿੱਕੇ ਕਾਰੋਬਾਰਾਂ ਨੂੰ ਦਿੱਤੀ ਜਾਵੇਗੀ। ਜਿਹੜੇ ਕਸਟਮਰਜ਼ ਵਰਤੋਂ ਵਾਲੇ ਸਮੇਂ ਵਾਲੀਆਂ ਬਿਜਲੀ ਦਰਾਂ ਅਦਾ ਕਰਦੇ ਹਨ ਉਨ੍ਹਾਂ ਨੂੰ ਘੱਟ ਤੋਂ ਘੱਟ ਪੈਸੇ ਦੇਣੇ ਹੋਣਗੇ। ਲੰਘੇ ਦਿਨੀਂ ਪ੍ਰੀਮੀਅਰ ਡੱਗ ਫੋਰਡ ਨੇ ਇੱਕ ਬਿਆਨ ਵਿੱਚ ਆਖਿਆ ਕਿ ਇਸ ਸੰਕਟ ਦੀ ਘੜੀ ਵਿੱਚ ਕਈ ਲੋਕ ਨੂੰ ਘਰਾਂ ਵਿੱਚ ਰਹਿਣ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ ਬਿੱਲ ਭਰਨ ਵਿੱਚ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਸਾਡੇ ਕਿਸਾਨਾਂ ਤੇ ਨਿੱਕੇ ਕਾਰੋਬਾਰੀਆਂ ਜਾਂ ਮਹਾਂਮਾਰੀ ਕਾਰਨ ਘਰਾਂ ਵਿੱਚ ਰਹਿਣ ਕਰਕੇ ਜਿਨ੍ਹਾਂ ਦੇ ਗਾਹਕ ਘਟ ਗਏ ਹਨ ਉਨ੍ਹਾਂ ਨੂੰ ਵੀ ਬਿੱਲ ਭਰਨ ਵਿੱਚ ਦਿੱਕਤ ਆ ਰਹੀ ਹੈ। ਫੋਰਡ ਨੇ ਆਖਿਆ ਕਿ ਭਾਵੇਂ ਕੋਵਿਡ- 19 ਖਿਲਾਫ ਸਾਡਾ ਸੰਘਰਸ਼ ਸਕਾਰਾਤਮਕ ਢੰਗ ਨਾਲ ਅੱਗੇ ਵੱਧ ਰਿਹਾ ਹੈ ਪਰ ਅਜੇ ਅਸੀਂ ਪੂਰੀ ਤਰ੍ਹਾਂ ਖਤਰੇ ਤੋਂ ਬਾਹਰ ਨਹੀਂ ਹਾਂ।
ਇਲੈਕਟ੍ਰਿਸਿਟੀ ਦਰਾਂ ਵਿੱਚ ਰਾਹਤ ਵਿੱਚ ਇਸ ਤਰ੍ਹਾਂ ਵਾਧਾ ਕੀਤੇ ਜਾਣ ਨਾਲ ਜਦੋਂ ਤੱਕ ਕਾਰੋਬਾਰ ਪਹਿਲਾਂ ਵਾਂਗ ਮੁੜ ਨਹੀਂ ਖੁੱਲ੍ਹ ਜਾਂਦੇ ਤੇ ਲੋਕ ਆਪਣੇ ਕੰਮਾਂ ਉੱਤੇ ਵਾਪਿਸ ਨਹੀਂ ਆ ਜਾਂਦੇ ਉਦੋਂ ਤੱਕ ਲੋਕਾਂ ਕੋਲ ਪੈਸਾ ਵੀ ਰਹੇਗਾ।

Check Also

ਕੈਨੇਡਾ ਵਲੋਂ ਆਰਜ਼ੀ ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਦੀ ਮੋਹਲਤ ‘ਚ ਵਾਧਾ

ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਕੈਨੇਡਾ ‘ਚ ਆਰਜ਼ੀ (ਵਿਜ਼ਟਰ) ਵੀਜ਼ਾ ਧਾਰਕਾਂ ਲਈ …