ਓਟਵਾ/ਬਿਊਰੋ ਨਿਊਜ਼ : ਆਟੋ ਚੋਰੀ ਦੇ ਸਬੰਧ ਵਿੱਚ ਫੈਡਰਲ ਲਿਬਰਲਾਂ ਵੱਲੋਂ ਕੌਮੀ ਸਿਖ਼ਰ ਵਾਰਤਾ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਸਿਖ਼ਰ ਵਾਰਤਾ ਵਿੱਚ ਪ੍ਰੋਵਿੰਸਾਂ ਤੇ ਇੰਡਸਟਰੀ ਦੇ ਅਧਿਕਾਰੀਆਂ ਨੂੰ ਸੱਦ ਕੇ ਕਾਰਾਂ ਚੋਰੀ ਕਰਨ ਤੇ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਭੇਜਣ ਦੇ ਮਾਮਲਿਆਂ ਵਿੱਚ ਹੋਏ ਵਾਧੇ ਦੇ ਮੁੱਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ ਕਾਰਾਂ ਚੋਰੀ ਕਰਨ ਦੇ ਮਾਮਲਿਆਂ ਵਿੱਚ ਹੋਏ ਵਾਧੇ ਕਾਰਨ ਹੀ ਉਨ੍ਹਾਂ ਵੱਲੋਂ 8 ਫਰਵਰੀ ਨੂੰ ਇਹ ਸਿਖ਼ਰ ਵਾਰਤਾ ਰੱਖੀ ਗਈ ਹੈ ਤਾਂ ਕਿ ਕੈਨੇਡੀਅਨ ਸੜਕਾਂ ਤੋਂ ਕਾਰਾਂ ਚੋਰੀ ਕਰਕੇ ਮੁਨਾਫਾ ਕਮਾਉਣ ਵਰਗੇ ਇਸ ਸੰਗਠਿਤ ਜੁਰਮ ਨੂੰ ਰੋਕਿਆ ਜਾ ਸਕੇ। ਇੱਕ ਅੰਦਾਜੇ ਮੁਤਾਬਕ 2022 ਵਿੱਚ ਉਸ ਤੋਂ ਪਿਛਲੇ ਸਾਲ ਦੇ ਮੁਕਾਬਲੇ ਕਾਰਾਂ ਚੋਰੀ ਕਰਨ ਦੇ ਮਾਮਲਿਆਂ ਵਿੱਚ ਦੁੱਗਣਾ ਵਾਧਾ ਹੋਇਆ ਤੇ ਇਹੋ ਹਾਲ ਓਨਟਾਰੀਓ ਵਿੱਚ ਵੀ ਪਾਇਆ ਗਿਆ। ਇੱਕ ਰਿਪੋਰਟ ਮੁਤਾਬਕ 2015 ਤੋਂ ਲੈ ਕੇ ਹੁਣ ਤੱਕ ਕਾਰਜੈਕਿੰਗ ਦੇ ਮਾਮਲਿਆਂ ਵਿੱਚ 300 ਫੀ ਸਦੀ ਦਾ ਵਾਧਾ ਦਰਜ ਕੀਤਾ ਜਾ ਚੁੱਕਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਗੈਂਗ ਕਾਰਾਂ ਚੋਰੀ ਕਰਦੇ ਹਨ ਤੇ ਫਿਰ ਸੰਗਠਿਤ ਗਰੁੱਪਜ਼ ਨਾਲ ਮਿਲ ਕੇ ਉਨ੍ਹਾਂ ਵਿੱਚ ਕਈ ਤਰ੍ਹਾਂ ਦੇ ਬਦਲਾਅ ਕਰਕੇ ਉਨ੍ਹਾਂ ਨੂੰ ਮੱਧ ਪੂਰਬ ਤੇ ਅਫਰੀਕਾ ਭੇਜ ਦਿੰਦੇ ਹਨ।