ਟੋਰਾਂਟੋ/ਬਿਊਰੋ ਨਿਊਜ਼ : ਉਨਟਾਰੀਓ ਸਰਕਾਰ ਸਕੂਲਾਂ ਵਿਚ ਬੁਲਿੰਗ ਨੂੰ ਰੋਕਣ ਲਈ ਨਵੇਂ ਮਾਪਦੰਡ ਅਪਣਾਉਣ ਜਾ ਰਹੀ ਹੈ। ਹੈਮਿਲਟਨ ਦੇ 14 ਸਾਲਾ ਲੜਕੇ ਦੀ ਕਥਿਤ ਤੌਰ ਉੱਤੇ ਬੁਲਿੰਗ ਕਾਰਨ ਹੋਈ ਮੌਤ ਦੇ ਮੱਦੇਨਜ਼ਰ ਸਕੂਲਾਂ ਵਿੱਚ ਬੁਲਿੰਗ ਰੋਕਣ ਲਈ ਓਨਟਾਰੀਓ ਸਰਕਾਰ ਵੱਲੋਂ ਨਵੇਂ ਮਾਪਦੰਡ ਅਪਣਾਏ ਜਾ ਰਹੇ ਹਨ। ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਦੱਸਿਆ ਕਿ ਪਿਛਲੇ ਮਹੀਨੇ ਹਾਈ ਸਕੂਲ ਦੇ ਬਾਹਰ ਚਾਕੂ ਮਾਰ ਕੇ ਜਿਸ ਵਿਦਿਆਰਥੀ ਡੇਵਨ ਬ੍ਰੈਸੀ ਸੈਲਵੀ ਦਾ ਕਤਲ ਕੀਤਾ ਗਿਆ ਸੀ, ਉਸ ਦੀ ਕਹਾਣੀ ਨੇ ਸਰਕਾਰ ਨੂੰ ਝੰਜੋੜ ਕੇ ਰੱਖ ਦਿੱਤਾ ਤੇ ਇਸ ਘਟਨਾ ਤੋਂ ਬਾਅਦ ਹੀ ਸਰਕਾਰ ਨੇ ਇਸ ਸਬੰਧ ਵਿੱਚ ਕਾਰਵਾਈ ਕਰਨ ਦਾ ਮਨ ਬਣਾਇਆ ਹੈ। ਲਿਚੇ ਨੇ ਆਖਿਆ ਕਿ ਅਸੀਂ ਉਨ੍ਹਾਂ ਮਾਪਿਆਂ, ਜਿਨ੍ਹਾਂ ਦੀਆਂ ਜ਼ਿੰਦਗੀਆਂ ਹਨ੍ਹੇਰੀਆਂ ਹੋ ਗਈਆਂ ਹਨ, ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਇਨ੍ਹਾਂ ਮਿਸਾਲਾਂ ਤੋਂ ਸਬਕ ਸਿੱਖ ਕੇ ਬਣਦੀ ਕਾਰਵਾਈ ਕਰਨ ਲਈ ਵਚਨਬੱਧ ਹਾਂ।
ਉਨ੍ਹਾਂ ਆਖਿਆ ਕਿ ਅਸੀਂ ਅਜਿਹੇ ਮਾਪਿਆਂ ਤੇ ਬੁਲਿੰਗ ਦਾ ਸ਼ਿਕਾਰ ਹੋਣ ਵਾਲੇ ਬੱਚਿਆਂ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਉਹ ਇੱਕਲੇ ਨਹੀਂ ਹਨ। ਅਜਿਹੇ ਲੋਕ ਵੀ ਹਨ ਜਿਹੜੇ ਤੁਹਾਨੂੰ ਪਿਆਰ ਕਰਦੇ ਹਨ ਤੇ ਤੁਹਾਡੀ ਕੇਅਰ ਕਰਦੇ ਹਨ। ਪ੍ਰੋਵਿੰਸ਼ੀਅਲ ਸਰਕਾਰ ਦੀ ਯੋਜਨਾ ਦੇ ਹਿੱਸੇ ਵਜੋਂ ਐਜੂਕੇਟਰਜ਼ ਨੂੰ ਐਂਟੀ ਬੁਲਿੰਗ ਤੇ ਡੀ-ਐਸਕੇਲੇਸ਼ਨ ਸਬੰਧੀ ਤਕਨੀਕਾਂ ਸਿਖਾਈਆਂ ਜਾਣਗੀਆਂ। ਲਿਚੇ ਨੇ ਆਖਿਆ ਕਿ ਇਸ ਨਾਲ ਬੁਲਿੰਗ ਦੀਆਂ ਘਟਨਾਵਾਂ ਵਿੱਚ ਕਮੀ ਆਵੇਗੀ ਤੇ ਬੁਲਿੰਗ ਤੋਂ ਪਰੇਸ਼ਾਨ ਬੱਚਿਆਂ ਨੂੰ ਰਾਹਤ ਮਿਲੇਗੀ।
ਵਿਦਿਆਰਥੀਆਂ ਨੂੰ ਬੁਲਿੰਗ ਸਬੰਧੀ ਆਪਣੇ ਤਜ਼ਰਬੇ ਬਾਰੇ ਇੱਕ ਸਰਵੇਖਣ ਮੁਕੰਮਲ ਕਰਨਾ ਹੋਵੇਗਾ। ਸਰਕਾਰ, ਇਹ ਯਕੀਨੀ ਬਣਾਉਣ ਲਈ ਕਿ ਬੁਲਿੰਗ ਦੀਆਂ ਸਾਰੀਆਂ ਕਿਸਮਾਂ, ਜਿਨ੍ਹਾਂ ਵਿੱਚ ਸਾਈਬਰ ਬੁਲਿੰਗ ਵੀ ਸ਼ਾਮਲ ਹੋਵੇਗੀ, ਨੂੰ ਧਿਆਨ ਵਿੱਚ ਰੱਖਿਆ ਜਾ ਸਕੇ, ਆਪਣੀਆਂ ਨੀਤੀਆਂ ਵਿੱਚ ਬੁਲਿੰਗ ਦੀ ਪਰੀਭਾਸ਼ਾ ਦਾ ਮੁਲਾਂਕਣ ਵੀ ਕਰੇਗੀ। ਇਸ ਤੋਂ ਇਲਾਵਾ ਬੁਲਿੰਗ ਸਬੰਧੀ ਘਟਨਾਵਾਂ ਦੀ ਰਿਪੋਰਟਿੰਗ ਲਈ ਸਕੂਲ ਬੋਰਡਾਂ ਨੂੰ ਆਪਣੀਆਂ ਪ੍ਰੈਕਟਿਸਿਜ਼ ਦਾ ਮੁਲਾਂਕਣ ਕਰਨ ਲਈ ਵੀ ਆਖਿਆ ਜਾਵੇਗਾ। ਇਹ ਨਵੀਆਂ ਪਹਿਲਕਦਮੀਆਂ ਸਰਕਾਰ ਵੱਲੋਂ ਪਾਜ਼ੀਟਿਵ ਸਕੂਲ ਕਲਾਈਮੇਟ ਨੂੰ ਹੱਲਾਸੇ ਦੇਣ ਤੇ ਬੁਲਿੰਗ ਤੇ ਸਾਈਬਰਬੁਲਿੰਗ ਰੋਕਣ ਲਈ ਰਾਖਵੇਂ ਰੱਖੇ ਗਏ 3.18 ਮਿਲੀਅਨ ਡਾਲਰ ਦਾ ਹੀ ਹਿੱਸਾ ਹੋਣਗੀਆਂ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …