ਓਨਟਾਰੀਓ/ਬਿਊਰੋ ਨਿਊਜ਼ : ਯੂ ਕੇ ਵਿਚ ਆਏ ਨਵੇਂ ਅਤੇ ਖਤਰਨਾਕ ਵਾਇਰਸ ਨੂੰ ਧਿਆਨ ਵਿਚ ਰੱਖਦਿਆਂ ਕੈਨੇਡਾ ਸਰਕਾਰ ਨੇ ਯੂ ਕੇ ਤੋਂ ਆਉਣ ਅਤੇ ਜਾਣ ਵਾਲੀਆਂ ਸਾਰੀਆਂ ਉਡਾਣਾਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਦੂਜੇ ਪਾਸੇ ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ ਦਾ ਕਹਿਣਾ ਹੈ ਕਿ ਕੈਨੇਡੀਅਨਾਂ ਨੂੰ ਕਰੋਨਾ ਵਾਇਰਸ ਤੋਂ ਬਚਾਉਣ ਲਈ ਫੈਡਰਲ ਸਰਕਾਰ ਸਰਹੱਦੀ ਪਾਬੰਦੀਆਂ ਲਾ ਕੇ ਕਾਫੀ ਕੋਸ਼ਿਸ਼ਾਂ ਕਰ ਰਹੀ ਹੈ।
ਬਲੇਅਰ ਨੇ ਗੱਲਬਾਤ ਕਰਦਿਆਂ ਆਖਿਆ ਕਿ ਕੈਨੇਡਾ ਦੀ ਸਰਹੱਦ ‘ਤੇ ਦੁਨੀਆ ਭਰ ਦੀਆਂ ਸਰਹੱਦਾਂ ਨਾਲ ਬਹੁਤ ਜ਼ਿਆਦਾ ਚੌਕਸੀ ਵਰਤੀ ਜਾਂਦੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਕੈਨੇਡਾ ਵਿੱਚ ਕਰੋਨਾ ਵਾਇਰਸ ਦੇ 98 ਫੀਸਦੀ ਮਾਮਲੇ ਕੌਮਾਂਤਰੀ ਟਰੈਵਲ ਕਾਰਨ ਨਹੀਂ ਸਗੋਂ ਕਮਿਊਨਿਟੀ ਟਰਾਂਸਮਿਸ਼ਨ ਕਾਰਨ ਉਪਜੇ ਹਨ। ਬਲੇਅਰ ਨੇ ਆਖਿਆ ਕਿ ਕੌਮਾਂਤਰੀ ਟਰੈਵਲ ਕਾਰਨ ਦੇਸ਼ ਵਿੱਚ ਸਿਰਫ 1.9 ਫੀਸਦੀ ਮਾਮਲੇ ਹੀ ਸਾਹਮਣੇ ਆਏ ਹਨ। ਬਲੇਅਰ ਨੇ ਅੱਗੇ ਆਖਿਆ ਕਿ ਬਾਰਡਰ ਉੱਤੇ ਵੀ ਪਬਲਿਕ ਹੈਲਥ ਮਾਪਦੰਡ ਵਧਾ ਦਿੱਤੇ ਗਏ ਹਨ।
ਬਲੇਅਰ ਦੀਆਂ ਇਨ੍ਹਾਂ ਟਿੱਪਣੀਆਂ ਦੀ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਸਖ਼ਤ ਨੁਕਤਾਚੀਨੀ ਕੀਤੀ ਗਈ। ਫੋਰਡ ਨੇ ਆਖਿਆ ਸੀ ਕਿ ਦੇਸ਼ ਵਿੱਚ ਕਰੋਨਾ ਵਾਇਰਸ ਲਿਆਉਣ ਵਾਲੇ ਕੌਮਾਂਤਰੀ ਟਰੈਵਲਰਜ਼ ਨੂੰ ਰੋਕਣ ਲਈ ਫੈਡਰਲ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਹੋਣਗੇ। ਇੱਕ ਵਾਰੀ ਮੁੜ ਫੈਡਰਲ ਸਰਕਾਰ ਉੱਤੇ ਵਾਰ ਕਰਦਿਆਂ ਫੋਰਡ ਨੇ ਗੱਲਬਾਤ ਕਰਦਿਆਂ ਆਖਿਆ ਕਿ ਫੈਡਰਲ ਸਰਕਾਰ ਨੂੰ ਇੰਤਜ਼ਾਮ ਕਰਨਾ ਚਾਹੀਦਾ ਹੈ ਕਿ ਕੈਨੇਡੀਅਨ ਧਰਤੀ ਉੱਤੇ ਪੈਰ ਧਰਨ ਤੋਂ ਪਹਿਲਾਂ ਟਰੈਵਲਰਜ਼ ਦਾ ਕਰੋਨਾ ਟੈਸਟ ਹਰ ਹਾਲ ਨੈਗੇਟਿਵ ਆਏ।
ਜ਼ਿਕਰਯੋਗ ਹੈ ਕਿ ਯੂਕੇ ਵਿੱਚ ਕੋਵਿਡ-19 ਦਾ ਨਵਾਂ ਵਾਇਰਸ ਪਾਏ ਜਾਣ ਤੋਂ ਬਾਅਦ ਕੈਨੇਡਾ ਵੱਲੋਂ 21 ਦਸੰਬਰ ਤੋਂ ਉੱਥੋਂ ਆਉਣ ਜਾਣ ਵਾਲੀਆਂ ਫਲਾਈਟਾਂ ਉੱਤੇ ਰੋਕ ਲਾ ਦਿੱਤੀ ਗਈ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …