ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋ ਇਹ ਐਲਾਨ ਕੀਤਾ ਗਿਆ ਕਿ ਹਾਊਸਿੰਗ ਦਾ ਮਸਲਾ ਅਸਾਨੀ ਨਾਲ ਸੁਲਝਾਇਆ ਜਾ ਸਕਦਾ ਹੈ।
ਉਨ੍ਹਾਂ ਫੈਡਰਲ ਸਰਕਾਰ ਦੇ ਹਾਊਸਿੰਗ ਐਕਸਲਰੇਟਰ ਫੰਡ ਤਹਿਤ ਕੀਤੇ ਗਏ ਮਿਊਂਸਪਲ ਸਮਝੌਤੇ ਨੂੰ ਅਮਲ ਵਿੱਚ ਲਿਆਉਣ ਦਾ ਕਰਾਰ ਕੀਤਾ। ਇਹ ਨਿੱਕੇ ਪੱਧਰ ਉੱਤੇ ਚੁੱਕਿਆ ਜਾਣ ਵਾਲਾ ਕਦਮ ਹੈ ਤੇ ਲਿਬਰਲ ਇਹ ਦੱਸਣਾ ਚਾਹੁੰਦੇ ਹਨ ਕਿ ਕਿਸ ਤਰ੍ਹਾਂ ਇਸ ਨਾਲ ਵੱਡੀ ਸਮੱਸਿਆ ਦਾ ਹੱਲ ਹੋ ਸਕਦਾ ਹੈ।
ਲੰਡਨ, ਓਨਟਾਰੀਓ ਨਾਲ 74 ਮਿਲੀਅਨ ਡਾਲਰ ਦੀ ਇਹ ਡੀਲ ਅਗਲੇ ਤਿੰਨ ਸਾਲਾਂ ਵਿੱਚ 2,000 ਦੇ ਨੇੜੇ ਤੇੜੇ ਹਾਊਸਿੰਗ ਯੂਨਿਟ ਤਿਆਰ ਕਰਨ ਦੇ ਕੰਮ ਵਿੱਚ ਤੇਜ਼ੀ ਲੈ ਆਵੇਗੀ ਤੇ ਇਸ ਦੇ ਨਾਲ ਹੀ ਆਉਣ ਵਾਲੇ ਸਾਲਾਂ ਵਿੱਚ ਕਈ ਹਜ਼ਾਰ ਘਰ ਹੋਰ ਤਿਆਰ ਕੀਤੇ ਜਾ ਸਕਣਗੇ। ਲਿਬਰਲਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਬਹੁ ਪੜਾਵੀ ਹਾਊਸਿੰਗ ਰਣਨੀਤੀ ਦਾ ਹੀ ਹਿੱਸਾ ਹੈ। ਇਸ ਲਈ ਰੀ-ਜ਼ੋਨਿੰਗ ਦੀ ਲੋੜ ਨਹੀਂ ਹੋਵੇਗੀ ਤੇ ਇਸ ਨਾਲ ਡੂਪਲੈਕਸਿਜ਼, ਟ੍ਰਿਪਲੈਕਸਿਜ਼ ਦੇ ਨਾਲ ਨਾਲ ਨਿੱਕੇ ਅਪਾਰਟਮੈਂਟਸ ਦਾ ਨਿਰਮਾਣ ਵੀ ਕੀਤਾ ਜਾ ਸਕੇਗਾ।
ਟਰੂਡੋ ਨੇ ਆਖਿਆ ਕਿ ਇਸ ਤਰ੍ਹਾਂ ਦੀਆ ਡੀਲਜ਼ ਹੀ ਹੋਰਨਾਂ ਸਿਟੀਜ਼ ਨਾਲ ਵੀ ਕੀਤੀਆਂ ਗਈਆਂ ਹਨ ਤੇ ਜਲਦ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਅਫੋਰਡੇਬਲ ਘਰ ਮਾਰਕਿਟ ਵਿੱਚ ਆ ਜਾਣਗੇ। ਟਰੂਡੋ ਨੇ ਆਖਿਆ ਕਿ ਹਾਊਸਿੰਗ ਸੁਲਝਾਉਣ ਯੋਗ ਸਮੱਸਿਆ ਹੈ ਤੇ ਜੇ ਅਸੀਂ ਰਲ ਕੇ ਕੰਮ ਕਰੀਏ ਤਾਂ ਇਸ ਨੂੰ ਜਲਦ ਹੀ ਸੁਲਝਾਇਆ ਜਾ ਸਕਦਾ ਹੈ। ਕੈਨੇਡਾ ਪਹਿਲਾਂ ਵੀ ਅਜਿਹਾ ਕਰ ਚੁੱਕਿਆ ਹੈ ਤੇ ਇੱਕ ਵਾਰੀ ਫਿਰ ਅਸੀਂ ਅਜਿਹਾ ਕਰਨ ਜਾ ਰਹੇ ਹਾਂ।