Breaking News
Home / ਪੰਜਾਬ / ਦਿੱਲੀ ਮੋਰਚੇ ਲਈ ਦੋਆਬੀਆਂ ਨੇ ਦਿਖਾਇਆ ਉਤਸ਼ਾਹ

ਦਿੱਲੀ ਮੋਰਚੇ ਲਈ ਦੋਆਬੀਆਂ ਨੇ ਦਿਖਾਇਆ ਉਤਸ਼ਾਹ

ਸ਼ਹਾਦਤ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੀ ਹੋਵੇਗੀ ਆਰਥਿਕ ਮੱਦਦ
ਜਲੰਧਰ/ਬਿਊਰੋ ਨਿਊਜ਼ : ਦੋਆਬੇ ਦੇ ਚਾਰੇ ਜ਼ਿਲ੍ਹਿਆਂ ਦੇ ਪਿੰਡਾਂ ਵਿੱਚੋਂ ਲੋਕ ਕੜਾਕੇ ਦੀ ਠੰਢ ਦੌਰਾਨ ਵੀ ਲਗਾਤਾਰ ਦਿੱਲੀ ਮੋਰਚਿਆਂ ਵੱਲ ਕੂਚ ਕਰ ਰਹੇ ਹਨ। ਦੋਆਬੇ ਵਿੱਚੋਂ ਉਹ ਲੋਕ ਵੀ ਵੱਡੀ ਗਿਣਤੀ ‘ਚ ਕਿਸਾਨੀ ਘੋਲ ਵਿੱਚ ਸ਼ਾਮਲ ਹੋ ਰਹੇ ਹਨ, ਜਿਹੜੇ ਸਿਰਫ ਇੱਕ ਦਿਨ ਲਈ ਹੀ ਜਾਂਦੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਮੁਲਾਜ਼ਮ ਵਰਗ ਹੈ, ਜਿਹੜਾ ਛੁੱਟੀਆਂ ਦੇ ਹਿਸਾਬ ਨਾਲ ਮੋਰਚਿਆਂ ਵਿੱਚ ਹਾਜ਼ਰੀ ਭਰ ਰਿਹਾ ਹੈ। ਇੱਕ ਦਿਨ ਲਈ ਜਾਣ ਵਾਲੇ ਜਿੱਥੇ ਮੋਰਚੇ ਦੀ ਆਰਥਿਕ ਸਹਾਇਤਾ ਕਰ ਰਹੇ ਹਨ, ਉਥੇ ਸਮਰੱਥਾ ਅਨੁਸਾਰ ਲੰਗਰਾਂ ਲਈ ਰਸਦ ਤੇ ਹੋਰ ਲੋੜੀਂਦਾ ਸਾਮਾਨ ਪਹੁੰਚਾ ਰਹੇ ਹਨ। ਮੀਂਹ ਕਾਰਨ ਤਰਪਾਲਾਂ ਦੀ ਮੰਗ ਨੂੰ ਪੂਰਾ ਕੀਤਾ ਜਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ ਨੇ ਦੱਸਿਆ ਕਿ ਕਿਸਾਨੀ ਮੋਰਚਿਆਂ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ। ਸ਼ਹਾਦਤ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕੀਤੀ ਜਾਵੇਗੀ ਤੇ ਹੋਰ ਜਥੇਬੰਦੀਆਂ, ਜਿਨ੍ਹਾਂ ਵਿੱਚ ਵਿਦੇਸ਼ ਦੀਆਂ ਸੰਸਥਾਵਾਂ ਵੀ ਮਦਦ ਲਈ ਅੱਗੇ ਆਈਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡ ਰਾਏਪੁਰ, ਹਰਦੋ ਫਰਾਲਾ, ਦੌਲਤਪੁਰ, ਸਲਾਰਪੁਰ ਤੇ ਚਾਚੋਵਾਲ ਵੱਲੋਂ ਸਿੰਘੂ ਬਾਰਡਰ ‘ਤੇ ਲੱਗੇ ਕਿਸਾਨੀ ਮੋਰਚੇ ਲਈ 5 ਲੱਖ ਦਾ ਲੰਗਰ ਲਈ ਸਾਮਾਨ ਭੇਜਿਆ ਗਿਆ ਹੈ, ਜਿਸ ਵਿੱਚ 150 ਟੀਨ ਰਿਫਾਇੰਡ, ਚਾਰ ਕੁਇੰਟਲ ਦੁੱਧ, 450 ਪੇਟੀਆਂ ਪਾਣੀ ਦੀਆਂ ਬੋਤਲਾਂ ਅਤੇ 10 ਹਜ਼ਾਰ ਡਿਸਪੋਜ਼ਲ ਪਲੇਟਾਂ ਤੇ ਹੋਰ ਸਾਮਾਨ ਸ਼ਾਮਲ ਹੈ। ਇਸ ਮੌਕੇ ਬੀਕੇਯੂ ਦੋਆਬਾ ਦੇ ਕਿਰਪਾਲ ਸਿੰਘ ਮੂਸਾਪੁਰ, ਸਰਪੰਚ ਰਾਏਪੁਰ, ਬਲਬੀਰ ਸਿੰਘ, ਕੁਲਦੀਪ ਸਿੰਘ, ਸਰਪੰਚ ਸਲਾਰਪੁਰ ਤਰਨਜੀਤ ਸਿੰਘ ਹਾਜ਼ਰ ਸਨ।
ਇਸੇ ਤਰ੍ਹਾਂ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਪਿੰਡ ਸੈਦੋਵਾਲ ‘ਚ ਗੁਰਦੁਆਰਾ ਸਾਹਿਬ ‘ਚ ਇਕੱਤਰ ਹੋਈਆਂ ਬੀਬੀਆਂ ਨੇ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਜਾਗੋ ਕੱਢੀ ਅਤੇ ਦਿੱਲੀ ਜਾਣ ਦੇ ਨਾਲ-ਨਾਲ ‘ਚ ਹਰ ਤਰ੍ਹਾਂ ਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਪਿੰਡ ਡੱਲਾ ਅਤੇ ਭੱਲੋਵਾਲ ਵਿੱਚ ਭਰਵੀਆਂ ਮੀਟਿੰਗਾ ਕੀਤੀਆਂ, ਜਿਨ੍ਹਾਂ ਵਿੱਚ ਸੈਂਕੜੇ ਕਿਸਾਨਾਂ-ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ।
ਦਿੱਲੀ ਕਿਸਾਨ ਅੰਦੋਲਨ ਵਿੱਚ ਤਰਪਾਲਾਂ ਅਤੇ ਰਜਾਈਆਂ ਪਹੁੰਚਾਉਣ ਲਈ ਆਉਣ ਵਾਲੇ ਦਿਨਾਂ ‘ਚ ਇਕ ਹੋਰ ਜਥਾ ਦਿੱਲੀ ਰਵਾਨਾ ਹੋਵੇਗਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮੱਖਣ ਸਿੰਘ ਕੰਦੋਲਾ, ਰਛਪਾਲ ਸਿੰਘ ਸ਼ਾਦੀਪੁਰ, ਜੀਤਾ ਅਤੇ ਰਣਜੋਧ ਸਿੰਘ ਨੇ ਸੰਬੋਧਨ ਕੀਤਾ।

Check Also

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ

ਸੂਚੀ ਵਿਚ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਵੀ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ …