Breaking News
Home / ਕੈਨੇਡਾ / ਸੋਨੀਆ ਸਿੱਧੂ ਨੇ ਭਾਰਤ ਦੌਰੇ ਮੌਕੇ ਕੀਤੀ ਕੈਨੇਡਾ ਦੀ ਪ੍ਰਤੀਨਿਧਤਾ

ਸੋਨੀਆ ਸਿੱਧੂ ਨੇ ਭਾਰਤ ਦੌਰੇ ਮੌਕੇ ਕੀਤੀ ਕੈਨੇਡਾ ਦੀ ਪ੍ਰਤੀਨਿਧਤਾ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਬਰੈਂਪਟਨ ਸਾਊਥ ਹਲਕੇ ਤੋਂ ਲਿਬਰਲ ਪਾਰਟੀ ਦੀ ਐਮ ਪੀ ਸੋਨੀਆ ਸਿੱਧੂ ਨੇ ਇਕ ਕੌਮਾਂਤਰੀ ਪੱਧਰ ਦੇ ਪਾਰਲੀਮਾਨੀ ਪੋਲੀਓ ਵਫਦ ਵਿਚ ਸ਼ਾਮਿਲ ਹੋ ਕੇ ਕੈਨੇਡਾ  ਦੀ ਪ੍ਰਤੀਨਿਧਤਾ ਕੀਤੀ। ਨਵੀਂ ਦਿੱਲੀ ਤੋਂ ਇਲਾਵਾ ਭਾਰਤ ਦੇ ਹੋਰ ਕਈ ਥਾਵਾਂ ਤੇ ਇਸ ਵਫਦ ਦੀਆਂ ਮੀਟਿੰਗਾਂ ਹੋਈਆਂ ਜਿਸ ਵਿਚ ਬਰਤਾਨੀਆਂ, ਭਾਰਤ, ਅਫਗਾਨਿਸਤਾਨ, ਨਿਊਜ਼ੀਲੈਂਡ ਅਤੇ ਜਪਾਨ ਦੇ ਪਾਰਲੀਮੈਂਟ ਮੈਂਬਰ ਸ਼ਾਮਿਲ ਹੋਏ। ਨਵੀਂ ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਸੋਨੀਆ ਸਿੱਧੂ ਨੇ ਦੱਸਿਆ ਕਿ ਉਹ ‘ਸਿਹਤ ਸੰਭਾਲ ਖੇਤਰ ਵਾਲੇ ਪਿਛੋਕੜ ਅਤੇ ਹਾਊਸ ਆਫ ਕਾਮਨਜ ਦੀ ਸਿਹਤ ਮਾਮਲਿਆਂ ਬਾਰੇ ਕਮੇਟੀ ਦੀ ਮੈਂਬਰ ਹੋਣ ਦੇ ਨਾਤੇ ਵਿਸ਼ੇਸ਼ ਸੱਦੇ ਤੇ ਇਨ੍ਹਾਂ ਮੀਟਿੰਗਾਂ ਵਿਚ ਸ਼ਾਮਿਲ ਹੋਏ ਹਨ।’ ਲਿਬਰਲ ਐਮ ਪੀ ਸੋਨੀਆ ਸਿੱਧੂ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਲਗਭਗ ਇਕ ਹਫਤੇ ਦੇ ਦੌਰੇ ਦੌਰਾਨ ਸਿਹਤ ਵਿਭਾਗ ਦੇ ਵਿਸ਼ੇਸ਼ ਕਰਕੇ ਵਿਸ਼ਵ ਸਿਹਤ ਸੰਸਥਾ ਅਤੇ ਬਿਲ ਐਂਡ ਮਲਿੰਡਾ ਗੇਟਸ ਫਾਊਂਡੇਸ਼ਨ ਦੇ ਪ੍ਰਤੀਨਿਧਾਂ ਨੂੰ ਵੀ ਮਿਲੇ। ਮੀਟਿੰਗ ਵਿਚ ਸ਼ਾਮਿਲ ਮੈਂਬਰਾਂ ਨੇ ਪੋਲੀਓ ਰੋਕਥਾਮ ਲਈ ਦੁਨੀਆਂ ਭਰ ਵਿਚ ਚਲਾਈ ਜਾ ਰਹੀ ਮੁਹਿੰਮ ਅਤੇ ਦਵਾਈਆਂ ਬਾਰੇ ਮਾਹਿਰਾਂ ਨਾਲ ਵਿਚਾਰ ਵਟਾਂਦਰੇ ਕੀਤੇ।
ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ਤੇ ਕਿ ਐਮ ਪੀ ਬਣਨ ਮਗਰੋਂ ਭਾਰਤ ਆਉਣ ਤੇ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਹੈ ਤਾਂ ਸੋਨੀਆ ਦਾ ਕਹਿਣਾ ਸੀ ਕਿ ਆਪਣੀ ਜਨਮ ਭੂਮੀ ਤੇ ਆ ਕੇ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਭਾਰਤ ਸਰਕਾਰ ਦੇ ਕਈ ਸੀਨੀਅਰ ਅਧਿਕਾਰੀਆਂ ਨੂੰ ਮਿਲੇ ਅਤੇ ਨਵੀਂ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਨਾਲ ਮੁਲਾਕਾਤ ਕਰਕੇ ਆਪਣੇ ਹਲਕੇ ਦੇ ਲੋਕਾਂ ਨੂੰ ਵੀਜ਼ੇ ਸਬੰਧੀ ਆਉਂਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਨਾਲ ਭਾਰਤ ਕੈਨੇਡਾ ਦੇ ਸਬੰਧਾਂ ਬਾਰੇ ਵੀ ਵਿਚਾਰਾਂ ਕੀਤੀਆਂ। ਸੋਨੀਆਂ ਨੇ ਇਹ ਵੀ ਕਿਹਾ ਕਿ ਜਸਟਿਨ ਟਰੂਡੋ ਦੇ ਪ੍ਰਧਾਨ ਮੰਤਰੀ ਬਣਨ ਤੇ ਭਾਰਤ ਦਾ ਮੀਡੀਆ ਬਾਗੋ ਬਾਗ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਕੈਨੇਡਾ ਤੇ ਭਾਰਤ ਦੀ ਦੋਸਤੀ ਹੋਰ ਵੀ ਗੂੜ੍ਹੀ ਹੋਵੇਗੀ ਅਤੇ ਵਪਾਰਕ ਸਬੰਧ ਪਹਿਲਾਂ ਨਾਲੋਂ ਵਧਣਗੇ। ਸੋਨੀਆ ਸਿੱਧੂ ਬੀਤੇ ਦਿਨੀਂ ਆਪਣੀਆਂ ਮੀਟਿੰਗਾਂ ਕਰਨ ਪਿੱਛੋਂ ਵਾਪਸ ਕੈਨੇਡਾ ਲਈ ਰਵਾਨਾ ਹੋ ਗਏ।

Check Also

ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …