10.3 C
Toronto
Tuesday, October 28, 2025
spot_img
Homeਕੈਨੇਡਾਸਟੇਜ ਅਤੇ ਟੀ ਵੀ ਕਲਾਕਾਰ ਸਤਿੰਦਰ ਸੱਤੀ ਦੀ ਪਹਿਲੀ ਕਾਵਿ-ਪੁਸਤਕ ਰਿਲੀਜ਼

ਸਟੇਜ ਅਤੇ ਟੀ ਵੀ ਕਲਾਕਾਰ ਸਤਿੰਦਰ ਸੱਤੀ ਦੀ ਪਹਿਲੀ ਕਾਵਿ-ਪੁਸਤਕ ਰਿਲੀਜ਼

ਮਿਸੀਸਾਗਾ/ਬਿਊਰੋ ਨਿਊਜ਼
ਸਟੇਜ ਅਦਾਕਾਰ, ਗਾਇਕਾ, ਫਿਲਮ ਅਦਾਕਾਰ ਅਤੇ ਟੀ ਵੀ ਸਟਾਰ ਵਜੋਂ ਸਤਿੰਦਰ ਸੱਤੀ ਦੇ ਕਈ ਰੂਪ ਹਨ। ਪੰਜਾਬੀ ਮਨੋਰੰਜਨ ਜਗਤ ਦੀ ਇਸ ਜਾਣੀ ਪਛਾਣੀ ਸਖਸ਼ੀਅਤ ਨੂੰ ਕੁੱਝ ਕੁ ਦੇਰ ਪਹਿਲਾਂ ਪੰਜਾਬ ਦੀ ਪ੍ਰਮੁੱਖ ਕਲਾ ਸੰਸਥਾ ‘ਪੰਜਾਬ ਆਰਟਸ ਕੌਂਸਲ’ ਦੀ ਚੇਅਰਪਰਸਨ ਵੀ ਨਿਯੁਕਤ ਕੀਤਾ ਗਿਆ ਹੈ। ਸਤਿੰਦਰ ਸੱਤੀ ਹੁਣ ਇਕ ਸ਼ਾਇਰਾ ਦੇ ਰੂਪ ਵਿੱਚ ਆਪਣੀ ਪਹਿਲੀ ਕਾਵਿ ਪੁਸਤਕ ‘ਅਣਜੰਮਿਆ ਬੋਟ’ ਲੈਕੇ ਹਾਜ਼ਰ ਹੋਈ ਹੈ, ਜਿਸਦਾ ਪ੍ਰਕਾਸ਼ਨ ਯੂਨੀਸਟਾਰ ਬੁੱਕਸ ਚੰਡੀਗੜ੍ਹ ਦੁਆਰਾ ਕੀਤਾ ਗਿਆ ਹੈ।
ਸਤਿੰਦਰ ਦੀ ਇਸ ਕਾਵਿ-ਪੁਸਤਕ ਨੂੰ ਰਿਲੀਜ਼ ਕਰਨ ਲਈ ਇਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਸਰਗਮ ਰੇਡੀਓ ਦੁਆਰਾ ਬੀਤੇ ਦਿਨੀ ਕਰਵਾਇਆ ਗਿਆ। ਡਾ ਬਲਵਿੰਦਰ ਅਤੇ ਸੰਦੀਪ ਕੌਰ ਦੇ ਉਦਮ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਪੰਜਾਬੀ ਸਾਹਿਤ ਨਾਲ ਜੁੜੀਆਂ ਜੀ ਟੀ ਏ ਦੀਆਂ ਕਈ ਅਹਿਮ ਸਖਸ਼ੀਅਤਾਂ ਮੌਜੂਦ ਸਨ।
ਕਿਤਾਬ ਰਿਲੀਜ਼ ਕਰਨ ਦੀ ਰਸਮ ਮੌਕੇ ਸਰਗਮ ਵੱਲੋਂ ਡਾ ਬਲਵਿੰਦਰ ਅਤੇ ਸੰਦੀਪ ਕੌਰ, ਜਾਣੀ-ਪਛਾਣੀ ਸ਼ਾਇਰਾ ਸੁਰਜੀਤ ਕੌਰ, ਪੱਤਰਕਾਰ ਤੇ ਲੇਖਕ ਸ਼ਮੀਲ, ਸ਼ਾਇਰ ਭੁਪਿੰਦਰ ਦੁਲੇਹ, ਕਲਮਾਂ ਦਾ ਕਾਫਲਾ ਸੰਸਥਾ ਵੱਲੋਂ ਕੁਲਵਿੰਦਰ ਖਹਿਰਾ ਅਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵੱਲੋਂ ਤਲਵਿੰਦਰ ਮੰਡ ਮੌਜੂਦ ਸਨ।
ਪੰਜਾਬੀ ਕਵਿਤਾ ਦੀ ਦੁਨੀਆ ਵਿੱਚ ਇੱਕ ਸ਼ਾਇਰਾ ਵਜੋਂ ਸਤਿੰਦਰ ਸੱਤੀ ਦਾ ਸੁਆਗਤ ਕਰਦਿਆਂ ਸ਼ਮੀਲ ਨੇ ਕਿਹਾ ਕਿ ਇੱਕ ਪੌਪੂਲਰ ਕਲਾਕਾਰ ਤੇ ਸਖਸ਼ੀਅਤ ਦੁਆਰਾ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਆਉਣਾ ਇੱਕ ਚੰਗੀ ਘਟਨਾ ਹੈ। ਨਵੀਂ ਪੰਜਾਬੀ ਕਵਿਤਾ ਦਾ ਸਭ ਤੋਂ ਵੱਡਾ ਸੰਕਟ ਇਹ ਹੈ ਕਿ ਇਹ ਸਟੇਜ ਅਤੇ ਪੇਸ਼ਕਾਰੀ ਦੀ ਕਲਾ ਨਾਲੋਂ ਟੁੱਟ ਗਈ ਹੈ ਅਤੇ ਗੰਭੀਰਤਾ ਦੇ ਨਾਂ ਹੇਠ ਆਪਣੇ ਆਪ ਵਿੱਚ ਸਿਮਟਦੀ ਜਾ ਰਹੀ ਹੈ। ਇਸ ਸਥਿਤੀ ਨੂੰ ਸਾਵਾਂ ਕਰਨ ਲਈ ਜ਼ਰੂਰੀ ਹੈ ਕਿ ਪੰਜਾਬੀ ਕਵਿਤਾ ਨੂੰ ਮੁੜ ਤੋਂ ਸਟੇਜ ਨਾਲ ਜੋੜਨ ਵਾਲੇ ਕੁੱਝ ਲੋਕ ਵੀ ਆਉਣ। ਪੰਜਾਬੀ ਕਵੀ ਜੇ ਸਟੇਜ ਨੂੰ ਇੱਕ ਚੁਣੌਤੀ ਦੇ ਰੂਪ ਵਿੱਚ ਲੈਂਦੇ ਹੋਏ ਆਪਣੀ ਕਲਾ ਨੂੰ ਸੁਣਨ ਵਾਲੀ ਕਲਾ ਦੇ ਰੂਪ ਵਿੱਚ ਵੀ ਜਿੰਦਾ ਰੱਖਣ ਦੀਆਂ ਜੁਗਤਾਂ ਵਿਕਸਤ ਕਰ ਲੈਣ ਤਾਂ ਅੱਜ ਦੀ ਕਵਿਤਾ ਦਾ ਵੀ ਸਾਡੀ ਮੱਧਕਾਲੀਨ ਕਵਿਤਾ ਦੀ ਤਰ੍ਹਾਂ ਜਾਂ ਉਰਦੂ ਸ਼ਾਇਰੀ ਦੀ ਤਰ੍ਹਾਂ ਇਕ ਵੱਡਾ ਸਮਾਜਕ ਰੋਲ ਤੇ ਸਥਾਨ ਹੋ ਸਕਦਾ ਹੈ। ਸਤਿੰਦਰ ਸੱਤੀ ਵਿੱਚ ਇਹ ਸਮਰਥਾ ਹੈ ਕਿ ਉਹ ਪੰਜਾਬੀ ਕਵਿਤਾ ਵਿੱਚ ਸਟੇਜ ਦੀ ਪਰੰਪਰਾ ਨੂੰ ਅੱਗੇ ਤੋਰਨ ਵਿੱਚ ਰੋਲ ਅਦਾ ਕਰ ਸਕਦੀ ਹੈ।
ਸਤਿੰਦਰ ਸੱਤੀ ਦੀ ਪਲੇਠੀ ਕਿਤਾਬ ਦਾ ਸਾਹਿਤਕ ਨਜ਼ਰੀਏ ਤੋਂ ਪਾਠ ਅਤੇ ਮੁਲਾਂਕਣ ਕਰਦਿਆਂ ਸ਼ਾਇਰ ਭੁਪਿੰਦਰ ਦੁਲੇਹ ਨੇ ਕਿਹਾ ਕਿ ਇਸ ਪਹਿਲੀ ਪੁਸਤਕ ਨੇ ਸੱਤੀ ਦੀਆਂ ਇੱਕ ਚੰਗੇ ਸ਼ਾਇਰ ਵਜੋਂ ਸੰਭਾਵਨਾਵਾਂ ਨੂੰ ਉਘਾੜਿਆ ਹੈ। ਸੱਤੀ ਨੇ ਜੀਵਨ ਦੇ ਕਿੰਨੇ ਹੀ ਪਹਿਲੂਆਂ ਨਾਲ ਜੁੜੇ ਅਹਿਸਾਸਾਂ ਨੂੰ ਇਨ੍ਹਾਂ ਕਵਿਤਾਵਾਂ ਦਾ ਵਿਸ਼ਾ ਬਣਾਇਆ ਹੈ ਅਤੇ ਕਈ ਥਾਵਾਂ ਤੇ ਉਸਦੇ ਅਨੁਭਵ ਅਤੇ ਪ੍ਰਗਟਾਵੇ ਵਿੱਚ ਕਾਫੀ ਤਾਜ਼ਗੀ ਨਜ਼ਰ ਆਉਂਦੀ ਹੈ। ਸੱਤੀ ਨੇ ਕਵਿਤਾ ਦੇ ਪਰੰਪਰਕ ਹਲਕਿਆਂ ਵਿੱਚ ਕਵਿਤਾ ਲਿਖਣ ਦਾ ਅਭਿਆਸ ਨਹੀਂ ਕੀਤਾ, ਇਸ ਕਰਕੇ ਕਈ ਥਾਵਾਂ ਤੇ ਕਾਵਿ-ਸ਼ਿਲਪ ਦੀਆਂ ਕਮੀਆਂ ਨਜ਼ਰ ਆਉਂਦੀਆਂ ਹਨ ਪਰ ਸੱਤੀ ਆਪਣੀ ਪ੍ਰਤਿਭਾ ਅਤੇ ਮਿਹਨਤ ਨਾਲ ਅਗਲੀਆਂ ਪੁਸਤਕਾਂ ਵਿੱਚ ਇਨ੍ਹਾਂ ਨੂੰ ਦੂਰ ਕਰ ਸਕਦੀ ਹੈ।  ਇੱਕ ਕਵੀ ਵਜੋਂ ਪੰਜਾਬੀ ਸਾਹਿਤ ਜਗਤ ਅੱਗੇ ਪੇਸ਼ ਹੋਣ ਦੇ ਆਪਣੇ ਅਨੁਭਵ ਬਾਰੇ ਬੋਲਦਿਆਂ ਸੱਤੀ ਨੇ ਕਿਹਾ ਕਿ ਮੈਂ ਕਵਿਤਾ ਬਹੁਤ ਸਾਲਾਂ ਤੋਂ ਲਿਖ ਰਹੀ ਹਾਂ। ਅਸਲ ਵਿੱਚ ਇਕ ਸਟੇਜ ਜਾਂ ਫਿਲਮ ਕਲਾਕਾਰ ਦੇ ਰੂਪ ਵਿੱਚ ਸਾਹਮਣੇ ਆਉਣ ਤੋਂ ਵੀ ਪਹਿਲਾਂ ਮੈਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਪਰ ਐਨੇ ਸਾਲਾਂ ਤੱਕ ਇਸ ਪਾਸੇ ਸੋਚਣ ਦੀ ਫੁਰਸਤ ਨਹੀਂ ਮਿਲੀ ਕਿ ਇਨ੍ਹਾਂ ਨੂੰ ਇਕ ਕਿਤਾਬ ਦੇ ਰੂਪ ਵਿੱਚ ਛਾਪਿਆ ਜਾਵੇ। ਕਵਿਤਾ ਮੇਰੇ ਦਿਲ ਦੇ ਕਰੀਬ ਹੈ ਅਤੇ ਮੇਰੇ ਅਹਿਸਾਸਾਂ ਨੂੰ ਇਸ ਰਾਹੀਂ ਅਵਾਜ਼ ਮਿਲਦੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਪਹਿਲੀ ਵਾਰ ਸਰਗਮ ਦੇ ਉਪਰਾਲੇ ਨਾਲ ਇਹ ਕਿਤਾਬ ਰਿਲੀਜ਼ ਹੋ ਰਹੀ ਹੈ ਅਤੇ ਪਹਿਲੀ ਵਾਰ ਹੀ ਇਥੋਂ ਦੇ ਸਾਹਿਤਕ ਲੋਕਾਂ ਦੇ ਰੂਬਰੂ ਹੋਣ ਦਾ ਮੌਕਾ ਮੈਨੂੰ ਮਿਲ ਰਿਹਾ ਹੈ।

RELATED ARTICLES

ਗ਼ਜ਼ਲ

POPULAR POSTS