Breaking News
Home / ਕੈਨੇਡਾ / ‘ਸਿੱਕ-ਕਿੱਡਜ’ ਹਸਪਤਾਲ ਦੀ ਸਹਾਇਤਾ ਲਈ ‘ਪੈਦਲ-ਮਾਰਚ’ ਆਯੋਜਿਤ

‘ਸਿੱਕ-ਕਿੱਡਜ’ ਹਸਪਤਾਲ ਦੀ ਸਹਾਇਤਾ ਲਈ ‘ਪੈਦਲ-ਮਾਰਚ’ ਆਯੋਜਿਤ

‘ਵਾਕ’ ਦੌਰਾਨ 20,000 ਡਾਲਰ ਰਕਮ ਇਕੱਤਰ ਹੋਈ, ਚੈੱਕ 30 ਜੁਲਾਈ ਐਤਵਾਰ ਨੂੰ ‘ਸਿੱਕ ਕਿੱਡਜ਼’ ਹਸਪਤਾਲ ਨੂੰ ਭੇਂਟ ਕੀਤਾ ਜਾਏਗਾ
ਮਾਲਟਨ/ਡਾ. ਸੁਖਦੇਵ ਸਿੰਘ ਝੰਡ
ਲੰਘੇ ਐਤਵਾਰ 23 ਜੁਲਾਈ ਨੂੰ ‘ਸਿੱਖ ਸਪੋਰਟਸ ਕਲੱਬ’ ਵੱਲੋਂ ਡੈਰੀ ਰੋਡ ਅਤੇ ਗੋਰ ਰੋਡ ਦੇ ਇੰਟਰਸੈੱਕਸ਼ਨ ਦੇ ਨਜ਼ਦੀਕ ਸਥਿਤ ‘ਵਾਈਲਡ ਵੁੱਡ ਪਾਰਕ’ ਤੋਂ ਮਾਲਟਨ ਗੁਰੂਘਰ ਤੱਕ ਇਕ ਸਫ਼ਲ ‘ਪੈਦਲ ਮਾਰਚ’ ਦਾ ਆਯੋਜਨ ਕੀਤਾ ਗਿਆ ਜਿਸ ਵਿਚ 300 ਦੇ ਲੱਗਭੱਗ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਭਾਗ ਲਿਆ। ਇਸ ‘ਵਾਕ’ ਦੇ ਸ਼ੁਰੂ ਹੋਣ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ, ਐੱਮ.ਪੀ.ਪੀ. ਜਗਮੀਤ ਸਿੰਘ ਜੋ ਕਿ ਐੱਨ.ਡੀ.ਪੀ.ਫੈੱਡਰਲ ਲੀਡਰਸ਼ਿਪ ਦੀ ਚੋਣ ਲੜ ਹਨ ਅਤੇ ਜਰਮਨਜੀਤ ਸਿੰਘ ਜੋ ਪੀ.ਸੀ. ਪਾਰਟੀ ਵੱਲੋਂ ਬਰੈਂਪਟਨ ਈਸਟ ਤੋਂ ਐੱਮ.ਪੀ.ਪੀ. ਦੀ ਨਾਮੀਨੇਸ਼ਨ ਚੋਣ ਲਈ ਉਮੀਦਵਾਰ ਹਨ, ਨੇ ਇਸ ਵਾਕ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਹੱਲਾਸ਼ੇਰੀ ਦਿੱਤੀ।
ਬੀਮਾਰ ਬੱਚਿਆਂ ਦੀ ਤੰਦਰੁਸਤੀ ਨੂੰ ਸਮੱਰਪਿਤ ਇਹ ‘ਵਾਕ’ ਇਸ ਖ਼ੂਬਸੂਰਤ ਪਾਰਕ ਤੋਂ ਸ਼ੁਰੂ ਹੋ ਕੇ ਨਸ਼ੂਆ ਡਰਾਈਵ, ਰੈਕਸਵੁੱਡ ਰੋਡ, ਡਾਰਸਲ ਐਵੀਨਿਊ ਅਤੇ ਮਾਰਨਿੰਗ ਸਟਾਰ ਦੇ ਨਾਲ ਨਾਲ ਬਣੇ ਫੁੱਟ-ਪਾਥਾਂ ਤੇ ਚੱਲਦੀ ਹੋਈ ਮਾਲਟਨ ਗੁਰੂਘਰ ਵਿਖੇ ਆ ਕੇ ਸਮਾਪਤ ਹੋਈ ਜਿੱਥੇ ਇਸ ਵਿਚ ਸ਼ਾਮਲ ਹੋਣ ਵਾਲਿਆਂ ਦਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਭਰਵਾਂ ਸੁਆਗ਼ਤ ਕੀਤਾ ਗਿਆ। ਇਸ ਮੌਕੇ ਕਮਿਊਨਿਟੀ ਦੇ ਕਈ ਆਗੂਆਂ ਨੇ ਉਨ੍ਹਾਂ ਨੂੰ ਸੰਬੋਧਨ ਕੀਤਾ ਜਿਨ੍ਹਾਂ ਵਿਚ ਮਾਲਟਨ ਗੁਰੂਘਰ ਦੇ ਮੁੱਖ- ਸੇਵਾਦਾਰ ਦਲਜੀਤ ਸਿੰਘ ਸੇਖੋਂ, ਜਗਤਾਰਨ ਸਿੰਘ ਸੇਖੋਂ, ‘ਕੈਨੇਡੀਅਨ ਪੰਜਾਬੀ ਪੋਸਟ’ ਦੇ ਸੰਪਾਦਕ ਜਗਦੀਸ਼ ਸਿੰਘ ਗਰੇਵਾਲ, ‘ਪੰਜਾਬੀ ਡੇਲੀ ਆਨਲਾਈਨ’ ਦੇ ਸੰਪਾਦਕ ਸੁਖਮਿੰਦਰ ਸਿੰਘ ਹੰਸਰਾ, ਗੁਰਮੀਤ ਸਿੰਘ ਪੰਨੂੰ, ਮਨਜੀਤ ਸਿੰਘ ਸੋਢੀ, ਹਰਦੀਪ ਸਿੰਘ ਗਰੇਵਾਲ ਤੇ ਜਸਬੀਰ ਸਿੰਘ ਬੋਪਾਰਾਏ ਪ੍ਰਮੁੱਖ ਸਨ।  ‘ਵਾਈਲਡ ਵੁੱਡ ਪਾਰਕ’ ਅਤੇ ਰਸਤੇ ਵਿਚ ਕਈ ਥਾਈਂ ਪਾਣੀ, ਜੂਸ ਅਤੇ ਫ਼ਲਾਂ ਆਦਿ ਦਾ ਸ਼ਾਨਦਾਰ ਪ੍ਰਬੰਧ ਸਿੱਖ ਸਪੋਰਟਸ ਕਲੱਬ ਵੱਲੋਂ ਕੀਤਾ ਗਿਆ। ਇੱਥੋਂ ਤੱਕ ਕਿ ਇਕ ਛੋਟਾ ਟਰੱਕ ਇਹ ਵਸਤਾਂ ਲੈ ਕੇ ਤੁਰਨ ਵਾਲਿਆਂ ਦੇ ਨਾਲ ਹੌਲੀ-ਹੌਲੀ ਚੱਲ ਰਿਹਾ ਸੀ ਅਤੇ ਕਈ ਵਾਲੰਟੀਅਰ ਇਨ੍ਹਾਂ ਨੂੰ ਲੋੜਵੰਦ ਵਾਕਰਾਂ ਤੀਕ ਪਹੁੰਚਾ ਰਹੇ ਸਨ। ‘ਵਾਕ’ ਦੇ ਸਮਾਪਤ ਹੋਣ ਵਾਲੇ ਅਸਥਾਨ ਮਾਲਟਨ ਗੁਰੂਘਰ ਦੀ ਖੁੱਲ੍ਹੀ ਪਾਰਕਿੰਗ ਵਿਚ ਛੋਲੇ-ਭਠੂਰੇ, ਭੰਗੂਰ, ਫ਼ਲਾਂ, ਜੂਸ ਤੇ ਹੋਰ ਕਈ ਖਾਣ-ਪੀਣ ਦੀਆਂ ਵਸਤਾਂ ਦਾ ਲੰਗਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਲਗਾਇਆ ਗਿਆ। ਇੱਥੇ ਇਹ ਵਰਨਣਯੋਗ ਹੈ ਕਿ ਇਹ ਵਾਕ ਟੋਰਾਂਟੋ ਡਾਊਨ ਟਾਊਨ ਵਿਚ ਯੂਨੀਵਰਸਿਟੀ ਐਵੀਨਿਊ ਸਥਿਤ ‘ਸਿੱਕ-ਕਿੱਡਜ਼ ਹਸਪਤਾਲ’ ਜੋ ਕਿ ਯੂਨੀਵਰਸਿਟੀ ਆਫ਼ ਟੋਰਾਂਟੋ ਦੀ ਫ਼ੈਕਲਟੀ ਆਫ਼ ਮੈਡੀਸਿਨ ਨਾਲ ਸਬੰਧਿਤ ਹੈ, ਦੀ ਸਹਾਇਤਾ ਲਈ ਆਯੋਜਿਤ ਕੀਤੀ ਗਈ। ਇਸ ‘ਵਾਕ’ ਦੌਰਾਨ ਇਸ ਵਿਚ ਸ਼ਾਮਲ ਵਿਅਕਤੀਆਂ ਅਤੇ ਹੋਰ ਦਾਨੀਆਂ ਵੱਲੋਂ 20,000 ਡਾਲਰ ਦਾਨ ਵਜੋਂ ਇਕੱਠੇ ਹੋਏ ਜਿਸ ਵਿਚ ‘ਰਾਇਲ ਐਂਪਲਾਇਮੈਂਟ ਏਜੰਸੀ’ ਦੇ ਮਾਲਕ ਅਬਦੁਲ ਰਹਿਮਾਨ (416-741-6669) ਹੋਰਾਂ ਵੱਲੋਂ 5,000 ਡਾਲਰ ਦਾ ਅਹਿਮ ਯੋਗਦਾਨ ਸ਼ਾਮਲ ਹੈ। ਇਸ ਤਰ੍ਹਾਂ ਸਮਾਜ-ਭਲਾਈ ਲਈ ਕੀਤੇ ਗਏ ਇਸ ਉਪਰਾਲੇ ਵਿਚ ਲੋਕਾਂ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਰਾਜਪਾਲ ਸਿੰਘ ਹੋਠੀ (ਕਰਾਊਨ ਇੰਮੀਗਰੇਸ਼ਨ) ਨੇ ਇਸ ਪੈਦਲ-ਮਾਰਚ ਵਿਚਲੇ ਅਹਿਮ-ਨਜ਼ਾਰਿਆਂ ਨੂੰ ਆਪਣੇ ਸਟਿੱਲ ਕੈਮਰੇ ਵਿਚ ਕੈਦ ਕੀਤਾ। ਇਸ ‘ਵਾਕ’ ਨੂੰ ਕੱਵਰ ਕਰਨ ਲਈ ਮੀਡੀਆ ਵੱਲੋਂ ‘ਜ਼ੀ.ਟੀ.ਵੀ.’,’ਪੀ.ਟੀ.ਸੀ.’,’ਹਮਦਰਦ ਟੀ.ਵੀ.’ ਦੇ ਨੁਮਾਇੰਦੇ ‘ਪੰਜਾਬੀ ਡੇਲੀ ਆਨਲਾਈਨ’ ਦੇ ਹਰਪ੍ਰੀਤ ਹੰਸਰਾ ਤੇ ਕਈ ਹੋਰ ਅਖ਼ਬਾਰਾਂ ਦੇ ਪੱਤਰਕਾਰ ਪਹੁੰਚੇ।
‘ਵਾਕ’ ਦੇ ਪ੍ਰਬੰਧਕਾਂ ਨੇ ਭਵਿੱਖ ਵਿਚ ਵੀ ਸਮਾਜ ਭਲਾਈ ਲਈ ਅਜਿਹੇ ਕਾਰਜਾਂ ਦਾ ਆਯੋਜਨ ਕਰਨ ਦਾ ਅਹਿਦ ਲਿਆ ਅਤੇ ਉਨ੍ਹਾਂ ਵੱਲੋਂ ਸਮੁੱਚੇ ਮੀਡੀਏ ਅਤੇ ਪੀਲ ਪੋਲੀਸ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰਬੰਧਕਾਂ ਵੱਲੋਂ ਸੂਚਨਾ ਪ੍ਰਾਪਤ ਹੋਈ ਹੈ ਕਿ ਇਸ ‘ਵਾਕ’ ਦੌਰਾਨ ਇਕੱਤਰ ਹੋਈ 20,000 ਡਾਲਰ ਦੀ ਇਸ ਰਕਮ ਦਾ ਚੈੱਕ ‘ਸਿੱਖ ਸਪੋਰਟਸ ਕਲੱਬ’ ਦੇ ਬੱਚਿਆਂ ਵੱਲੋਂ ‘ਸਿੱਕ ਕਿੱਡਜ਼’ ਹਸਪਤਾਲ ਦੇ ਅਧਿਕਾਰੀਆਂ ਨੂੰ 30 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9.30 ਵਜੇ 7455 ਡਿਕਸੀ ਰੋਡ ਵਿਖੇ ਕਰਵਾਏ ਜਾ ਰਹੇ ਸੰਖੇਪ ਸਮਾਗ਼ਮ ਵਿਚ ਭੇਂਟ ਕੀਤਾ ਜਾਵੇਗਾ। ਸਾਰਿਆਂ ਨੂੰ ਇਸ ਸਮਾਗ਼ਮ ਵਿਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕਲੱਬ ਦੇ ਪ੍ਰਧਾਨ ਨਿਰਮਲ ਸਿੰਘ ਸੰਧੂ (647-999-1657), ਮੀਤ-ਪ੍ਰਧਾਨ ਪਰਮਜੀਤ ਸਿੰਘ ਮਾਂਗਟ (416-990-9912, ਸਕੱਤਰ ਪੀਟਰ ਮਾਹਲ (647-505-5234), ਖ਼ਜ਼ਾਨਚੀ ਹਰਜਿੰਦਰ ਸਿੰਘ ਅਟਵਾਲ (416-371-2412) ਜਾਂ ‘ਸਿੱਖ ਸਪੋਰਟਸ ਕਲੱਬ’ ਦੇ ਦਫ਼ਤਰ ਦੇ ਫ਼ੋਨ ਨੰਬਰ 416-744-2999 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …