ਨਵੇਂ ਤੇ ਮੁੜ ਨੰਵਿਆਏ ਪਾਸਪੋਰਟ ਚਾਹੁਣ ਵਾਲੇ ਕੈਨੇਡੀਅਨਜ਼ ਨੂੰ ਹੋ ਰਹੀ ਦੇਰ ਨੂੰ ਖ਼ਤਮ ਕਰਨ ਲਈ ਸਰਵਿਸ ਕੈਨੇਡਾ ਨੇ ਆਪਣੇ ਪਾਸਪੋਰਟ ਸਰਵਿਸ ਕਾਊਂਟਰਾਂ ਉੱਤੇ ਸਟਾਫ ਵਧਾ ਦਿੱਤਾ ਹੈ। ਇਹ ਕਦਮ ਗਰਮੀਆਂ ਵਿੱਚ ਟਰੈਵਲ ਸੀਜ਼ਨ ਨੂੰ ਵੇਖਦਿਆਂ ਹੋਇਆਂ ਚੁੱਕਿਆ ਗਿਆ ਹੈ।
ਪਰ ਟਰੈਵਲਰਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਵੀ ਲੰਮੇਂ ਉਡੀਕ ਸਮੇਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਏਜੰਸੀ ਨੇ ਐਲਾਨ ਕੀਤਾ ਕਿ ਜਿੰਨੇ ਵੀ ਪਾਸਪੋਰਟ ਸਰਵਿਸ ਕਾਊਂਟਰ ਕੋਵਿਡ-19 ਕਾਰਨ ਬੰਦ ਕਰ ਦਿੱਤੇ ਗਏ ਸਨ ਉਨ੍ਹਾਂ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ ਤੇ ਇਸ ਨਾਲ ਸਮਰੱਥਾ ਵਿੱਚ 40 ਫੀ ਸਦੀ ਵਾਧਾ ਹੋਇਆ ਹੈ।
ਏਜੰਸੀ ਨੇ ਇੱਕ ਨਿਊਜ਼ ਰਲੀਜ਼ ਵਿੱਚ ਆਖਿਆ ਕਿ ਉਨ੍ਹਾਂ ਨੇ ਪਾਸਪੋਰਟ ਅਰਜ਼ੀਆਂ ਨੂੰ ਪੋ੍ਰਸੈੱਸ ਕਰਨ ਲਈ 600 ਨਵੇਂ ਕਰਮਚਾਰੀ ਵੀ ਹਾਇਰ ਕੀਤੇ ਹਨ ਤੇ 300 ਸੈਂਟਰਾਂ ਉੱਤੇ ਹੋਰ ਪਾਸਪੋਰਟ ਕਾਊਂਟਰ ਵੀ ਖੋਲ੍ਹੇ ਗਏ ਹਨ। ਪਰ ਕਈ ਟਰੈਵਲਰਜ਼ ਲਈ ਇਹ ਨਵੇਂ ਮਾਪਦੰਡ ਕਾਫੀ ਰਾਹਤ ਦੇਣ ਵਾਲੇ ਹਨ।
ਦੂਜੇ ਪਾਸੇ ਸਰਵਿਸ ਕੈਨੇਡਾ ਦੇ ਪਾਸਪੋਰਟ ਸਟਾਫ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵੀ ਇਸ ਦੇਰ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰ ਰਹੀ ਹੈ। ਯੂਨੀਅਨ ਆਫ ਨੈਸ਼ਨਲ ਇੰਪਲੌਈਜ਼ ਦੇ ਨੈਸ਼ਨਲ ਪ੍ਰੈਜ਼ੀਡੈਂਟ ਕੈਵਿਨ ਕਿੰਗ ਨੇ ਆਖਿਆ ਕਿ ਅਸੀਂ ਉਮੀਦ ਕਰਦੇ ਹਾਂ ਕਿ ਉਡੀਕ ਸਮੇਂ ਨੂੰ ਖ਼ਤਮ ਕਰਨ ਤੇ ਵਰਕਰਜ਼ ਦੀ ਹਿਫਾਜ਼ਤ ਲਈ ਸਰਕਾਰ ਕੋਈ ਠੋਸ ਪਲੈਨ ਜ਼ਰੂਰ ਲਿਆਵੇਗੀ।