ਮਾਲਟਨ/ਡਾ. ਝੰਡ : ‘ਪੰਜਾਬੀ ਚੈਰਿਟੀ ਫਾਊਂਡੇਸ਼ਨ ਟੋਰਾਂਟੋ’ ਵੱਲੋ ਵੱਖ-ਵੱਖ ਉਮਰ-ਵਰਗਾਂ ਦੇ ਸਲਾਨਾ ਪੰਜਾਬੀ ਲਿਖਾਈ ਮੁਕਾਬਲੇ ਲਿੰਕਨ ਐੱਮ. ਅਲੈਗਜ਼ੈਂਡਰ ਸਕੂਲ ਵਿਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ 80 ਪ੍ਰਤੀਯੋਗੀਆਂ ਨੇ ਲਿਆ। ਕਿਉਂ ਜੋ ਇਸ ਵਾਰ ਇਹ ਪੰਜਾਬੀ ਲਿਖਾਈ ਮੁਕਾਬਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸਨ, ਇਸ ਲਈ ਸਾਰੇ ਗਰੁੱਪਾਂ ਦੇ ਵਿਸ਼ੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਸਬੰਧਿਤ ਰੱਖੇ ਗਏ ਸਨ। ਬਾਲਗਾਂ ਤੇ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਆਪਣੇ ਵਿਚਾਰ ਦੱਸਣ ਲਈ ਕਿਹਾ ਗਿਆ, ਜਦਕਿ ਇਸ ਤੋਂ ਹੇਠਲੇ ਉਮਰ-ਵਰਗਾਂ ਲਈ ਵੱਖ-ਵੱਖ ਵਿਸ਼ੇ ਗੁਰੂ ਜੀ ਦੀਆਂ ਸਿੱਖਿਆਵਾਂ ਨਾਲ ਜੁੜੇ ਹੋਏ ਹਨ। ਸਾਰੇ ਵਿਦਿਆਰਥੀਆਂ ਅਤੇ ਬਾਲਗਾਂ ਨੇ ਆਪੋ-ਆਪਣੇ ਵਿਚਾਰ ਬੜੀ ਸੰਜੀਦਗੀ ਨਾਲ ਸਤਿਕਾਰਿਤ ਸ਼ੈਲੀ ਵਿਚ ਲਿਖੇ।
ਪ੍ਰਤੀਯੋਗੀਆਂ ਨੂੰ ਸਟਰੀਫ਼ੀਕੇਟ ਦੇਣ ਦੀ ਸੇਵਾ ਪ੍ਰਭਜੋਤ ਕੌਰ ਕੈਂਥ (‘ਪਲੈਨੱਟ ਵਨ ਅਰਥ’) ਵੱਲੋਂ ਕੀਤੀ ਗਈ। ਇਸ ਦੌਰਾਨ ‘ਖਾਲਸਾ ਪੀਜ਼ਾ’ ਵੱਲੋਂ ਪੀਜ਼ੇ ਦੀ ਸੇਵਾ ਕੀਤੀ ਗਈ ਅਤੇ ਜੇਤੂਆਂ ਨੂੰ ਟਰਾਫ਼ੀਆਂ ਤੇ ਸਨਮਾਨ-ਚਿੰਨ੍ਹ ਦਿੱਤੇ ਗਏ। ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਨੂੰ ਸਫ਼ਲਤਾ ਸਹਿਤ ਸਿਰੇ ਚੜ੍ਹਾਉਣ ਵਿਚ ਡਾ. ਗੁਰਨਾਮ ਸਿੰਘ ਢਿੱਲੋਂ ਅਤੇ ਬਲਿਹਾਰ ਸਿੰਘ ਨਵਾਂ ਸ਼ਹਿਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਮਨਜਿੰਦਰ ਸਿੰਘ ਥਿੰਦ, ਜਸਬੀਰ ਸਿੰਘ ਪਾਬਲਾ, ਅਜਾਇਬ ਸਿੰਘ ਸਿੱਧੂ, ਗੁਰਜੀਤ ਸਿੰਘ, ਗੁਲਸ਼ੇਰ ਸਿੰਘ, ਰਵਜੋਤ ਕੌਰ, ਜਗਤਾਰ ਸਿੰਘ ਮਾਨ, ਜਸਵਿੰਦਰ ਕੌਰ ਅਤੇ ਕਮਲਦੀਪ ਕੌਰ ਵੱਲੋਂ ਜੱਜਾਂ ਦੀ ਡਿਊਟੀ ਬਾਖ਼ੂਬੀ ਨਿਭਾਈ ਗਈ। ਇਸ ਦੌਰਾਨ ਬੱਚਿਆਂ ਅਤੇ ਮਾਪਿਆਂ ਵਿਚ ਇਨ੍ਹਾਂ ਮੁਕਾਬਲਿਆਂ ਲਈ ਪੂਰਾ ਉਤਸ਼ਾਹ ਵੇਖਣ ਨੂੰ ਮਿਲਿਆ।
ਇਨ੍ਹਾਂ ਮੁਕਾਬਲਿਆਂ ਵਿਚ ਗਰੇਡ ਜੇ.ਕੇ./ਐੱਸ.ਕੇ. ਵਿਚ ਗੁਰਸ਼ਾਨ ਸਿੰਘ ਪਹਿਲੇ, ਪ੍ਰਿਮ ਕੌਰ ਦੂਸਰੇ ਅਤੇ ਜਪਸਿਦਕ ਕੌਰ ਤੀਸਰੇ ਸਥਾਨ ‘ਤੇ ਰਹੇ, ਜਦਕਿ ਗਰੇਡ-1/2 ਵਿਚ ਹਸਰਤ ਕੌਰ ਘਈ ਪਹਿਲੇ, ਹਰਜਾਪ ਸਿੰਘ ਦੂਸਰੇ ਅਤੇ ਅਸ਼ਵਨਪ੍ਰੀਤ ਕੌਰ ਤੀਸਰੇ ਨੰਬਰ ‘ਤੇ ਸਨ। ਇੰਜ ਹੀ, ਗਰੇਡ-3/4 ਵਿਚ ਅਸ਼ਨੀਰ ਕੌਰ ਮਾਂਗਟ ਪਹਿਲੇ, ਅਸੀਮ ਕੌਰ ਸਰਾਂ ਦੂਸਰੇ ਅਤੇ ਗੁਰਅੰਸ਼ ਸਿੰਘ ਘਈ ਤੀਸਰੇ ਸਥਾਨ ‘ਤੇ ਰਹੇ ਅਤੇ ਗਰੇਡ-5/6 ਵਿਚ ਮਨਜੋਤ ਕੌਰ ਗਿੱਲ, ਗੁੰਜਨ ਕੌਰ ਚਾਵਲਾ ਦੂਸਰੇ ਅਤੇ ਨਿਮਰਤ ਕੌਰ ਤੀਸਰੇ ਨੰਬਰ ‘ਤੇ ਸਨ। ਗਰੇਡ-7/8 ਵਿਚ ਮਨਜੋਤ ਕੌਰ ਭੁੱਲਰ ਪਹਿਲੇ, ਜਸਲੀਨ ਕੌਰ ਦੂਸਰੇ ਅਤੇ ਗੁਰਅੰਜਨ ਸਿੰਘ ਤੀਸਰੇ ਨੰਬਰ ਉਤੇ ਸਨ। ਸੀਨੀਅਰ ਕਲਾਸਾਂ ਵਿਚ ਗਰੇਡ-9/10 ਹਰਨੂਰ ਕੌਰ ਪਹਿਲੇ ਅਤੇ ਹਰਮਨ ਕੌਰ ਦੂਸਰੇ, ਗਰੇਡ-11/12 ਵਿਚ ਗਗਨਪ੍ਰੀਤ ਕੌਰ ਪਹਿਲੇ ਅਤੇ ਕੀਰਤ ਕੌਰ ਦੂਸਰੇ ਅਤੇ ਬਾਲਗਾਂ ਵਿਚ ਜਸਪ੍ਰੀਤ ਕੌਰ ਪਹਿਲੇ, ਹਰਮਨਪ੍ਰੀਤ ਕੌਰ ਦੂਸਰੇ ਅਤੇ ਕੁਲਵਿੰਦਰ ਕੌਰ ਗਰੇਵਾਲ ਤੀਸਰੇ ਸਥਾਨ ਉਤੇ ਰਹੇ।
ਇਹ ਵੇਖਣ ਵਿਚ ਆਇਆ ਕਿ ਵੱਖ-ਵੱਖ ਉਮਰ-ਵਰਗਾਂ ਦੇ ਪ੍ਰਤੀਯੋਗੀਆਂ ਵਿਚ ਲੜਕੀਆਂ ਦੀ ਗਿਣਤੀ ਲੜਕਿਆਂ ਦੇ ਮੁਕਾਬਲੇ ਵਧੇਰੇ ਸੀ ਜਿਸ ਨੂੰ ‘ਸ਼ੁਭ-ਸ਼ਗਨ’ ਹੀ ਕਿਹਾ ਜਾ ਸਕਦਾ ਹੈ।
ਕੁਲ ਮਿਲਾ ਕੇ ਇਹ ਮੁਕਾਬਲੇ ਕਾਫ਼ੀ ਰੌਚਕ ਅਤੇ ਉਤਸ਼ਾਹ-ਪੂਰਵਕ ਰਹੇ ਜਿਸ ਦਾ ਸਿਹਰਾ ਇਨ੍ਹਾਂ ਪ੍ਰਤੀਯੋਗੀਆਂ ਅਤੇ ਇਨ੍ਹਾਂ ਦੇ ਮਾਪਿਆਂ ਨੂੰ ਜਾਂਦਾ ਹੈ। ਇਹ ਸਲਾਨਾ ਮੁਕਾਬਲੇ ਕਰਵਾਉਣ ਵਾਲੀ ਸੰਸਥਾ ਅਤੇ ਇਸ ਦੇ ਪ੍ਰਬੰਧਕ ਇਸ ਦੇ ਲਈ ਵਧਾਈ ਦੇ ਹੱਕਦਾਰ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …