ਬਰੈਂਪਟਨ/ਡਾ. ਝੰਡ : ਲੰਘੇ ਸ਼ੁੱਕਰਵਾਰ 15 ਨਵੰਬਰ ਐਸੋਸੀਏਸ਼ਨ ਆਫ਼ ਸੀਨੀਅਰਜ਼ ਦਾ ਵਫ਼ਦ, ਜਿਸ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ, ਪ੍ਰੋ. ਨਿਰਮਲ ਸਿੰਘ ਧਾਰਨੀ, ਕਰਤਾਰ ਸਿੰਘ ਚਾਹਲ, ਬਲਵਿੰਦਰ ਸਿੰਘ ਬਰਾੜ ਤੇ ਦੇਵ ਸੂਦ ਸ਼ਾਮਲ ਸਨ, ਓਨਟਾਰੀਓ ਦੇ ਸਮਾਲ ਬਿਜ਼ਨੈੱਸ ਐਂਡ ਰੈੱਡ ਟੇਪਿਜ਼ਮ ਰੀਡਕਸ਼ਨ ਮੰਤਰੀ ਪ੍ਰਭਮੀਤ ਸਰਕਾਰੀਆ ਨੂੰ ਉਨ੍ਹਾਂ ਦੇ ਦਫ਼ਤਰ ਜਾ ਕੇ ਮਿਲਿਆ ਅਤੇ ਬਰੈਂਪਟਨ-ਵਾਸੀਆਂ ਦੇ ਮੁੱਖ ਮਸਲਿਆਂ ਬਾਰੇ ਲੱਗਭੱਗ ਦੋ ਘੰਟੇ ਵਿਚਾਰ-ਵਟਾਂਦਰਾ ਕੀਤਾ।
ਐਸੋਸੀਏਸ਼ਨ ਵੱਲੋਂ ਕਾਫ਼ੀ ਸਮਾਂ ਪਹਿਲਾਂ ਉਠਾਏ ਗਏ ਸੀਨੀਅਰਾਂ ਨਾਲ ਸਬੰਧਿਤ ਸੱਭ ਤੋਂ ਅਹਿਮ ਮਸਲੇ ਡੈਂਟਲ ਕੇਅਰ ਬਾਰੇ ਮੰਤਰੀ ਜੀ ਨੇ ਦੱਸਿਆ ਕਿ ਸੀਨੀਅਰਾਂ ਦੇ ਲਈ ਮੁਫ਼ਤ ਡੈਂਟਲ ਕੇਅਰ ਦਾ ਕੰਮ 20 ਨਵੰਬਰ ਤੋਂ ਸ਼ੁਰੂ ਹੋ ਜਾਏਗਾ। ਇਸ ਡੈਂਟਲ ਕੇਅਰ ਵਿਚ ਦੰਦਾਂ ਦਾ ਚੈੱਕ-ਅੱਪ ਜਿਸ ਵਿਚ ਸਕੇਲਿੰਗ, ਫ਼ਲੋਰਾਈਡ ਤੇ ਪਾਲਿਸ਼ਿੰਗ, ਟੁੱਟੇ ਹੋਏ ਦੰਦਾਂ ਤੇ ਕੈਵਿਟੀਆਂ ਦੀ ਮੁਰੰਮਤ, ਐੱਕਸ-ਰੇ, ਓਰਲ ਸਰਜਰੀ (ਦੰਦ-ਦਾੜ੍ਹ ਤੇ ਅਣਚਾਹੇ ਟਿਸ਼ੂ ਬਾਹਰ ਕੱਢਣੇ), ਐਨੱਸਥੀਸ਼ੀਆ, ਇਨਫ਼ੈੱਕਸ਼ਨ ਤੇ ਦਰਦ ਦਾ ਇਲਾਜ ਅਤੇ ਮਸੂੜਿਆਂ ਦੀਆਂ ਬੀਮਾਰੀਆਂ ਦਾ ਇਲਾਜ ਸ਼ਾਮਲ ਹੈ। ਇਸ ਦੇ ਨਾਲ ਹੀ ‘ਡੈਂਚਰ’ (ਨਵਾਂ ਜਬਾੜੇ ਲਗਾਉਣ) ਨੂੰ ਸਰਕਾਰ ਵੱਲੋਂ ਅੰਸ਼ਕ ਤੌਰ ‘ਤੇ ਕੱਵਰ ਕੀਤਾ ਜਾਏਗਾ।
ਗੱਲਬਾਤ ਦੇ ਅਗਲੇ ਦੌਰ ਵਿਚ ਬਰੈਂਪਟਨ ਵਿਚ ਇਸ ਸਮੇਂ ਚੱਲ ਰਹੀ ਸੱਭ ਤੋਂ ਮਹਿੰਗੀ ਆਟੋ ਇਨਸ਼ੋਅਰੈਂਸ, ਯੂਨੀਵਰਸਿਟੀ ਅਤੇ ਇਕ ਹੋਰ ਹਸਪਤਾਲ ਦੀ ਫ਼ੌਰੀ ਲੋੜ ਦੇ ਮਸਲੇ ਆਏ ਜਿਨ੍ਹਾਂ ਬਾਰੇ ਮੰਤਰੀ ਜੀ ਦਾ ਕਹਿਣਾ ਸੀ ਕਿ ਸਰਕਾਰ ਇਨ੍ਹਾਂ ਬਾਰੇ ਗੰਭੀਰਤਾ ਨਾਲ ਸੋਚ ਰਹੀ ਹੈ। ਇਸ ਸ਼ਹਿਰ ਵਿਚ ਆਟੋ ਇਨਸ਼ੋਅਰੈਂਸ ਦੀ ਦਰ ਘਟਾਉਣ ਲਈ ਵਫ਼ਦ ਵੱਲੋਂ ਇਸ ਨੂੰ ਬੀ.ਸੀ. ਸੂਬੇ ਵਾਂਗ ਪਬਲਿਕ ਅੰਡਰਟੇਕਿੰਗ ਦੇ ਖ਼ੇਤਰ ਵਿਚ ਲਿਆਉਣ ਲਈ ਉਨ੍ਹਾਂ ਨੇ ਆਪਣੀ ਅਸਹਿਮਤੀ ਪ੍ਰਗਟ ਕੀਤੀ ਅਤੇ ਕਿਹਾ ਕਿ ਉਹ ਇਨਸ਼ੋਅਰੈਂਸ ਇੰਡਸਟਰੀ ਵਿਚ ਮੁਕਾਬਲਾ ਪੈਦਾ ਕਰਕੇ ਇਸ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨਗੇ। ਏਸੇ ਤਰ੍ਹਾਂ ਬਰੈਂਪਟਨ ਵਿਚ ਯੂਨੀਵਰਸਿਟੀ ਬਾਰੇ ਉਨ੍ਹਾਂ ਦਾ ਵਿਚਾਰ ਸੀ ਕਿ ਇਸ ਸਮੇਂ ਇਸ ਦੇ ਨੇੜਲੇ ਸ਼ਹਿਰਾਂ ਵਿਚਲੀਆਂ ਯੂਨੀਵਰਸਿਟੀਆਂ ਵਿਚ ਚੱਲ ਰਹੇ ਕੋਰਸਾਂ ਵਿਚ ਬਹੁਤ ਸਾਰੀਆਂ ਸੀਟਾਂ ਖ਼ਾਲੀ ਰਹਿ ਜਾਂਦੀਆਂ ਹਨ, ਜਦਕਿ ਬਰੈਂਪਟਨ ਵਿਚ ਹੋਰਂ ਹਸਪਤਾਲ ਦੀ ਲੋੜ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਇੱਥੇ ਨਵੇਂ ਹਸਪਤਾਲ ਲਈ ਬਹੁਤ ਸਾਰੇ ਫ਼ੰਡਾਂ ਅਤੇ ਯਤਨਾਂ ਦੀ ਜ਼ਰੂਰਤ ਹੈ।
ਅਲਬੱਤਾ, ਸੂਬਾ ਸਰਕਾਰ ਕੁਈਨਜ਼ ਤੇ ਕੈਨੇਡੀ ਰੋਡ ਨੇੜਲੇ ਪੀਲ ਰੀਜਨ ਹਸਪਤਾਲ ਜਿੱਥੇ ਹੁਣ ਕੇਵਲ ਦਿਨ ਦੇ ਸਮੇਂ ਹੀ ਮਰੀਜ਼ਾਂ ਦੇ ਇਲਾਜ ਲਈ ਸੁਵਿਧਾ ਹੈ, ਨੂੰ ਹੋਰ ਫ਼ੰਡ ਮੁਹੱਈਆ ਕਰਵਾ ਕੇ ਆਉਂਦੇ ਦੋ ਸਾਲਾਂ ਵਿਚ ਇਸ ਨੂੰ ਪੂਰਾ ਹਸਪਤਾਲ ਬਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਰਕਾਰ ਵੱਲੋਂ ਸੀਨੀਅਰਾਂ ਦੇ ਲਈ ਡੈਂਟਲ ਕੇਅਰ ਦੀ ਅਹਿਮ ਮੰਗ ਪੂਰੀ ਕਰਨ ਅਤੇ ਉਪਰੋਕਤ ਗੱਲਬਾਤ ਵਿਚ ਉਠਾਏ ਗਏ ਮਸਲਿਆਂ ਨੂੰ ਧਿਆਨ ਨਾਲ ਸੁਣਨ ਤੇ ਉਨ੍ਹਾਂ ਉੱਪਰ ਯੋਗ ਕਾਰਵਾਈ ਕਰਨ ਦੇ ਭਰੋਸੇ ਲਈ ਵਫ਼ਦ ਦੇ ਮੈਂਬਰਾਂ ਵੱਲੋਂ ਮੰਤਰੀ ਜੀ ਦਾ ਹਾਰਦਿਕ ਧੰਨਵਾਦ ਕੀਤਾ ਗਿਆ।
Home / ਕੈਨੇਡਾ / ਮੰਤਰੀ ਪ੍ਰਭਮੀਤ ਸਰਕਾਰੀਆ ਨੇ ਐਸੋਸੀਏਸ਼ਨ ਆਫ਼ ਸੀਨੀਅਰਜ਼ ਦੇ ਵਫ਼ਦ ਨਾਲ ਸੀਨੀਅਰਾਂ ਲਈ ਫ਼ਰੀ ਡੈਂਟਲ ਕੇਅਰ ਆਰੰਭ ਕਰਨ ਦੀ ਖ਼ੁਸ਼ਖ਼ਬਰੀ ਸਾਂਝੀ ਕੀਤੀ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …