ਮ੍ਰਿਤਕ ਦੇਹ ਭੇਜੀ ਜਾਵੇਗੀ ਸ਼ੁੱਕਰਵਾਰ ਨੂੰ ਭਾਰਤ ਵਾਪਸ
ਟੋਰਾਂਟੋ/ਬਿਊਰੋ ਨਿਊਜ਼ : ਲੰਘੀ 7 ਅਪ੍ਰੈਲ ਨੂੰ ਸ਼ਾਮ 5 ਵਜੇ ਦੇ ਕਰੀਬ ਸ਼ੇਰਬੌਰਨ ਸਬਵੇਅ ਦੇ ਬਾਹਰ ਇਕ ਸਿਰਫਿਰੇ ਵਿਅਕਤੀ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਭਾਰਤੀ ਮੂਲ ਦੇ ਅੰਤਰਰਾਸ਼ਟਰੀ ਵਿਦਿਆਰਥੀ ਕਾਰਤਿਕ ਵਾਸੂਦੇਵ ਨੂੰ ਲੰਘੇ ਬੁੱਧਵਾਰ ਨੂੰ ਉਨ੍ਹਾਂ ਦੇ ਸਾਥੀਆਂ ਵੱਲੋਂ ਲੋਟਸ ਫਿਊਨਰਲ ਹੋਮ ਵਿਚ ਅੰਤਿਮ ਵਿਦਾਇਗੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਕਾਰਤਿਕ ਵਾਸੂਦੇਵ ਜਨਵਰੀ ਮਹੀਨੇ ਭਾਰਤ ਤੋਂ ਕੈਨੇਡਾ ਪੜ੍ਹਨ ਲਈ ਆਇਆ ਸੀ ਅਤੇ ਪਿਛਲੇ ਤਿੰਨ ਮਹੀਨਿਆਂ ਤੋਂ ਸੈਨਿਕਾ ਕਾਲਜ ਵਿਚ ਪੜ੍ਹਾਈ ਕਰ ਰਿਹਾ ਸੀ। 7 ਅਪ੍ਰੈਲ ਨੂੰ ਸ਼ਾਮ ਨੂੰ ਜਦੋਂ ਉਹ ਕੰਮ ‘ਤੇ ਜਾ ਰਿਹਾ ਸੀ ਤਾਂ ਸ਼ੇਰਬੌਰਨ ਸਬਵੇਅ ਤੋਂ ਬਾਹਰ ਨਿਕਲਦਿਆਂ ਹੀ 39 ਸਾਲਾ ਰਿਚਰਡ ਨਾਂ ਦੇ ਇਕ ਕਾਲੇ ਵਿਅਕਤੀ ਨੇ ਉਸ ਨੂੰ ਛੇ ਗੋਲੀਆਂ ਮਾਰ ਕੇ ਮੌਕੇ ‘ਤੇ ਹੀ ਢੇਰ ਕਰ ਦਿੱਤਾ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਟੋਰਾਂਟੋ ਪੁਲਿਸ ਦੇ ਚੀਫ਼ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕਾਰਤਿਕ ਦਾ ਇਸ ਰਿਚਰਡ ਨਾਂ ਦੇ ਵਿਅਕਤੀ ਨਾਲ ਕੋਈ ਸਬੰਧ ਨਹੀਂ ਸੀ। ਹੈਰਾਨੀ ਦੀ ਗੱਲ ਹੈ ਕਿ ਰਿਚਰਡ ਨੇ ਕਾਰਤਿਕ ਦਾ ਕਤਲ ਕਿਉਂ ਕੀਤਾ। ਇਥੇ ਹੀ ਬੱਸ ਨਹੀਂ ਰਿਚਰਡ ਨੇ ਦੋ ਦਿਨ ਬਾਅਦ ਐਗਲਿੰਟਨ ਸਬਵੇਅ ਦੇ ਨੇੜੇ ਇਸੇ ਤਰ੍ਹਾਂ ਇਕ ਹੋਰ ਵਿਅਕਤੀ ਦਾ ਬਿਨਾ ਕਿਸੇ ਕਾਰਨ ਦੇ ਕਤਲ ਕਰ ਦਿੱਤਾ ਸੀ। ਇਨ੍ਹਾਂ ਦੋ ਕਤਲਾਂ ਤੋਂ ਬਾਅਦ ਹਰਕਤ ਵਿਚ ਆਈ ਟੋਰਾਂਟੋ ਪੁਲਿਸ ਨੇ ਰਿਚਰਡ ਨੂੰ ਉਸਦੇ ਘਰ ਵਿਚ ਹੀ ਜਾ ਦਬੋਚਿਆ, ਜਿੱਥੇ ਪੁਲਿਸ ਨੂੰ ਵੱਡੀ ਮਾਤਰਾ ਵਿਚ ਅਸਲਾ ਮਿਲਿਆ। ਟੋਰਾਂਟੋ ਪੁਲਿਸ ਦੇ ਚੀਫ਼ ਦਾ ਕਹਿਣਾ ਹੈ ਕਿ ਜੇ ਰਿਚਰਡ ਤੁਰੰਤ ਪੁਲਿਸ ਦੇ ਕਾਬੂ ਨਾ ਆਉਂਦਾ ਤਾਂ ਅਜੇ ਕਈ ਹੋਰ ਇਸੇ ਤਰ੍ਹਾਂ ਨਿਰਦੋਸ਼ ਲੋਕਾਂ ਦੀਆਂ ਜਾਨਾਂ ਜਾ ਸਕਦੀਆਂ ਸਨ। ਉਧਰ ਜਦੋਂ ‘ਪਰਵਾਸੀ’ ਮੀਡੀਆ ਗਰੁੱਪ ਨੇ ਕਾਰਤਿਕ ਦੇ ਪਿਤਾ ਜਿਤੇਸ਼ ਵਾਸੂਦੇਵ ਨਾਲ ਗਾਜ਼ੀਆਬਾਦ ਵਿਚ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਕਾਰਤਿਕ ਪਿਛਲੇ 3 ਸਾਲ ਤੋਂ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ ਅਤੇ ਕੈਨੇਡਾ ਪਹੁੰਚ ਕੇ ਉਹ ਬਹੁਤ ਹੀ ਖੁਸ਼ ਸੀ ਅਤੇ ਵਾਰ-ਵਾਰ ਉਹ ਫੋਨ ਕਰਕੇ ਦੱਸਦਾ ਸੀ ਕਿ ਕੈਨੇਡਾ ਇਕ ਚੰਗਾ ਮੁਲਕ ਹੈ ਅਤੇ ਇਥੇ ਬਹੁਤ ਹੀ ਸ਼ਾਂਤੀ ਹੈ। ਪ੍ਰੰਤੂ ਉਨ੍ਹਾਂ ਦਾ ਸਵਾਲ ਸੀ ਕਿ ਉਨ੍ਹਾਂ ਦੇ ਨਿਰਦੋਸ਼ ਬੇਟੇ ਨੂੰ ਕਿਉਂ ਮਾਰਿਆ ਗਿਆ ਇਸ ਬਾਰੇ ਪੁਲਿਸ ਹਾਲੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦੇ ਰਹੀ।
ਉਧਰ ਲੋਟਸ ਫਿਊਨਰਲ ਹੋਮ ਦੇ ਪ੍ਰਬੰਧਕਾਂ ਨਾਲ ‘ਪਰਵਾਸੀ ਰੇਡੀਓ’ ‘ਤੇ ਕੀਤੀ ਗਈ ਇੰਟਰਵਿਊ ਦੌਰਾਨ ਕਾਰਤਿਕ ਦੇ ਪਿਤਾ ਨੂੰ ਦੱਸਿਆ ਕਿ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਿਸ ਵਿਚ ਭਾਰਤੀ ਕੌਂਸਲੇਟ ਦਫ਼ਤਰ ਦਾ ਵੱਡਾ ਸਹਿਯੋਗ ਰਿਹਾ ਅਤੇ ਹੁਣ ਸ਼ੁੱਕਰਵਾਰ ਨੂੰ ਕਾਰਤਿਕ ਦੀ ਮ੍ਰਿਤਕ ਦੇਹ ਭਾਰਤ ਰਵਾਨਾ ਕੀਤੀ ਜਾਵੇਗੀ। ਕਾਰਤਿਕ ਦੇ ਪਰਿਵਾਰ ਦੀ ਮਦਦ ਲਈ ‘ਗੋ ਫੰਡ ਮੀਂ’ ਵੈਬਸਾਈਟ ‘ਤੇ ਫੰਡਰੇਜ਼ਿੰਗ ਵੀ ਕੀਤੀ ਜਾ ਰਹੀ ਹੈ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …