ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੇ ਸੱਭ ਤੋਂ ਵੱਡੇ ਸਕੂਲ ਬੋਰਡ ਵੱਲੋਂ ਆਪਣੇ ਸਾਰੇ ਸਟਾਫ ਤੇ ਵਿਦਿਆਰਥੀਆਂ ਨੂੰ ਇੰਡੋਰਜ਼ ਵਿੱਚ ਮਾਸਕ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਪਰ ਬੋਰਡ ਦਾ ਕਹਿਣਾ ਹੈ ਕਿ ਭਾਵੇਂ ਓਟਵਾ ਦੇ ਟਰਸੱਟੀਜ਼ ਵੱਲੋਂ ਮੁੜ ਮਾਸਕ ਲਾਜ਼ਮੀ ਕਰ ਦਿੱਤੇ ਗਏ ਹੋਣ ਪਰ ਉਹ ਪ੍ਰੋਵਿੰਸ਼ੀਅਲ ਸਰਕਾਰ ਦੀ ਮਦਦ ਨਾਲ ਜਾਂ ਬਿਨਾਂ ਮਦਦ ਤੋਂ ਇਨ੍ਹਾਂ ਨੂੰ ਮੁੜ ਲਾਜ਼ਮੀ ਨਹੀਂ ਕਰਨ ਵਾਲਾ।
ਓਟਵਾ-ਕਾਰਲਟਨ ਸਕੂਲ ਬੋਰਡ ਨੇ ਮੰਗਲਵਾਰ ਨੂੰ ਇੱਕ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਸੀ ਕਿ ਉਨ੍ਹਾਂ ਦੀਆਂ ਸਾਰੀਆਂ ਬਿਲਡਿੰਗਾਂ ਵਿੱਚ ਮਾਸਕ ਪਾਏ ਜਾਣਗੇ।
ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਮਹੀਨੇ ਫੋਰਡ ਸਰਕਾਰ ਵੱਲੋਂ ਬਹੁਤੀਆਂ ਥਾਂਵਾਂ ਉੱਤੇ ਮਾਸਕ ਦੀ ਪਾਬੰਦੀ ਖਤਮ ਕਰ ਦਿੱਤੀ ਸੀ। ਬੁੱਧਵਾਰ ਸਵੇਰੇ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੀ ਡਾਇਰੈਕਟਰ ਆਫ ਐਜੂਕੇਸ਼ਨ ਕੌਲੀਨ ਰੱਸਲ-ਰਾਲਿੰਜ ਨੇ ਆਖਿਆ ਕਿ ਮਹਾਂਮਾਰੀ ਦੀ ਛੇਵੀਂ ਵੇਵ ਵਿੱਚੋਂ ਸਾਨੂੰ ਬਚਾਉਣ ਲਈ ਪ੍ਰੋਵਿੰਸ ਨੂੰ ਸਕੂਲਾਂ ਵਿੱਚ ਮਾਸਕ ਪਾਉਣਾ ਮੁੜ ਲਾਜ਼ਮੀ ਕਰ ਦੇਣਾ ਚਾਹੀਦਾ ਹੈ।
ਪਰ ਉਨ੍ਹਾਂ ਇਹ ਵੀ ਆਖਿਆ ਕਿ ਜਦੋਂ ਤੱਕ ਅਜਿਹਾ ਨਹੀਂ ਹੁੰਦਾ ਉਦੋਂ ਤੱਕ ਬੋਰਡ ਦੇ ਹੱਥ ਬੰਨ੍ਹੇ ਹੋਏ ਹਨ। ਉਨ੍ਹਾਂ ਆਖਿਆ ਕਿ ਪ੍ਰੋਵਿੰਸ਼ੀਅਲ ਸਰਕਾਰ ਦੇ ਹੁਕਮਾਂ ਤੋਂ ਬਿਨਾਂ ਉਹ ਕਿਸੇ ਤਰ੍ਹਾਂ ਦੀ ਤਬਦੀਲੀ ਆਪਣੇ ਆਪ ਨਹੀਂ ਕਰ ਸਕਦੇ।
ਬੁੱਧਵਾਰ ਨੂੰ ਮਾਪਿਆਂ ਨੂੰ ਭੇਜੇ ਪੱਤਰ ਵਿੱਚ ਟੀਡੀਐਸਬੀ ਨੇ ਆਖਿਆ ਕਿ ਉਨ੍ਹਾਂ ਵੱਲੋਂ ਕੋਵਿਡ ਦੇ ਮਾਮਲਿਆਂ ਤੋਂ ਬਚਣ ਲਈ ਵਿਦਿਆਰਥੀਆਂ ਨੂੰ ਸਹੀ ਫਿਟਿੰਗ ਵਾਲੇ ਮਾਸਕ ਪਾਉਣ ਲਈ ਤਾਂ ਆਖਿਆ ਜਾਂਦਾ ਹੈ ਪਰ ਅਜਿਹਾ ਕਰਨਾ ਜ਼ਰੂਰੀ ਨਹੀਂ ਹੈ।