ਮਿ੍ਰਤਕ ਦੀ ਪਛਾਣ ਹਰਿਆਣਾ ਦੇ ਚਰਖੀ ਦਾਦਰੀ ਦੇ ਵਿਅਕਤੀ ਵਜੋਂ ਹੋਈ
ਬਠਿੰਡਾ/ਬਿਊਰੋ ਨਿਊਜ਼
ਬਠਿੰਡਾ ਦੇ ਪਿੰਡ ਆਕਲੀਆ ਖੁਰਦ ਦੇ ਖੇਤਾਂ ਵਿਚ ਅੱਜ ਬੁੱਧਵਾਰ ਨੂੰ ਵੱਡੇ ਤੜਕੇ ਕਰੀਬ 1.30 ਵਜੇ ਅਣਪਛਾਤਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਦੌਰਾਨ ਜਹਾਜ਼ ’ਚ ਧਮਾਕਾ ਹੋਣ ਕਾਰਨ ਕਈ ਵਿਅਕਤੀ ਇਸਦੀ ਲਪੇਟ ਵਿਚ ਆ ਗਏ। ਹਾਲਾਂਕਿ ਘਟਨਾ ਸਥਾਨ ’ਤੇ ਪੁਲਿਸ ਪ੍ਰਸਾਸ਼ਨ ਨੇ ਪਹੁੰਚ ਕੇ ਮੌਕੇ ਦੀ ਸਥਿਤੀ ਨੂੰ ਸੰਭਾਲਿਆ। ਪੁਲਿਸ ਅਤੇ ਫੌਜ ਪ੍ਰਸ਼ਾਸਨ ਦੀ ਸਖਤੀ ਕਾਰਨ ਕਿਸੇ ਨੂੰ ਵੀ ਹਾਦਸੇ ਵਾਲੀ ਥਾਂ ਨੇੜੇ ਨਹੀਂ ਢੁੱਕਣ ਦਿੱਤਾ ਗਿਆ। ਇਹ ਜਹਾਜ਼ ਡਿੱਗਣ ਦੀ ਘਟਨਾ ਨੂੰ ਲੋਕਾਂ ਵੱਲੋਂ ਪਾਕਿਸਤਾਨੀ ਫੌਜੀ ਹਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਮੌਕੇ ਇਕ ਵਿਅਕਤੀ ਦੀ ਮੌਤ ਵੀ ਹੋ ਗਈ ਅਤੇ ਇਹ ਵਿਅਕਤੀ ਹਰਿਆਣਾ ਦੇ ਚਰਖੀ ਦਾਦਰੀ ਦਾ ਰਹਿਣ ਵਾਲਾ ਇੱਕ ਖੇਤ ਮਜ਼ਦੂਰ ਸੀ। ਦੱਸਿਆ ਗਿਆ ਕਿ ਕਈ ਖੇਤ ਮਜ਼ਦੂਰ ਮੰਗਲਵਾਰ ਦੇਰ ਰਾਤ ਸਥਾਨਕ ਅਨਾਜ ਮੰਡੀ ਵਿਚ ਸਨ, ਜਦੋਂ ਉਨ੍ਹਾਂ ਨੇ ਇੱਕ ਜਹਾਜ਼ ਨੂੰ ਅਸਾਧਾਰਨ ਤੌਰ ’ਤੇ ਹੇਠਾਂ ਆਉਂਦੇ ਦੇਖਿਆ ਅਤੇ ਕੁਝ ਪਲਾਂ ਬਾਅਦ ਇਹ ਖੇਤਾਂ ਵਿੱਚ ਹਾਦਸਾਗ੍ਰਸਤ ਹੋ ਗਿਆ।