ਹਾਦਸੇ ’ਚ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੁਪਾਣੀ ਦਾ ਵੀ ਦਿਹਾਂਤ
ਨਵੀਂ ਦਿੱਲੀ/ਬਿਊਰੋ ਨਿਊਜ਼
ਗੁਜਰਾਤ ਦੇ ਅਹਿਮਦਾਬਾਦ ਵਿਚ ਅੱਜ ਦੁਪਹਿਰੇ ਏਅਰ ਇੰਡੀਆ ਦਾ ਬੋਇੰਗ 787 ਡਰੀਮ ਲਾਈਨਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਣੀ ਦਾ ਵੀ ਦਿਹਾਂਤ ਹੋ ਗਿਆ ਹੈ। ਦੱਸਣਯੋਗ ਹੈ ਕਿ ਵਿਜੇ ਰੁਪਾਣੀ ਪੰਜਾਬ ਅਤੇ ਚੰਡੀਗੜ੍ਹ ਭਾਜਪਾ ਦੇ ਇੰਚਾਰਜ ਵੀ ਹਨ। ਇਸ ਜਹਾਜ਼ ਵਿਚ 242 ਯਾਤਰੀ ਸਵਾਰ ਸਨ। ਇਨ੍ਹਾਂ ਵਿਚ 53 ਬਿ੍ਰਟਿਸ਼, 7 ਪੁਰਤਗਾਲੀ ਅਤੇ ਇਕ ਕੈਨੇਡਾ ਦਾ ਨਾਗਰਿਕ ਵੀ ਸ਼ਾਮਲ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਾਦਸੇ ਵਿਚ ਸਾਰੇ 242 ਯਾਤਰੀਆਂ ਦੀ ਜਾਨ ਚਲੇ ਗਈ ਹੈ। ਇਹ ਜਹਾਜ਼ ਜਿਸ ਬਿਲਡਿੰਗ ਨਾਲ ਟਕਰਾਇਆ ਹੈ, ਉਥੇ ਅਹਿਮਦਾਬਾਦ ਦੇ ਸਿਵਲ ਹਸਪਤਾਲ ਦੇ ਡਾਕਟਰ ਰਹਿੰਦੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ 15 ਡਾਕਟਰ ਵੀ ਇਸ ਹਾਦਸੇ ਵਿਚ ਜ਼ਖ਼ਮੀ ਹੋਏ ਹਨ। ਏਅਰ ਇੰਡੀਆ ਦੀ ਇਸ ਫਲਾਈਟ ਨੇ ਦੁਪਹਿਰੇ 1 ਵੱਜ ਕੇ 38 ਮਿੰਟ ’ਤੇ ਉਡਾਨ ਭਰੀ ਸੀ ਅਤੇ ਦੋ ਮਿੰਟ ਬਾਅਦ ਹੀ 1 ਵੱਜ ਕੇ 40 ਮਿੰਟ ’ਤੇ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਤੋਂ ਤੁਰੰਤ ਬਾਅਦ ਪੂਰੇ ਇਲਾਕੇ ਵਿਚ ਧੂੰਆਂ ਫੈਲ ਗਿਆ ਸੀ।

