10.6 C
Toronto
Thursday, October 16, 2025
spot_img
Homeਭਾਰਤ130 ਭਾਰਤੀ ਕਾਬੁਲ ਤੋਂ ਸੁਰੱਖਿਅਤ ਵਤਨ ਪਰਤੇ

130 ਭਾਰਤੀ ਕਾਬੁਲ ਤੋਂ ਸੁਰੱਖਿਅਤ ਵਤਨ ਪਰਤੇ

ਗ੍ਰਹਿ ਮੰਤਰਾਲੇ ਨੇ ਵੀਜ਼ਾ ਨਿਯਮਾਂ ’ਚ ਕੀਤੇ ਬਦਲਾਅ
ਨਵੀਂ ਦਿੱਲੀ/ਬਿਊਰੋ ਨਿਊਜ਼
ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਕਾਬੁਲ ਸਥਿਤ ਰਾਜਦੂਤ ਅਤੇ ਉਨ੍ਹਾਂ ਦੇ ਭਾਰਤੀ ਸਟਾਫ ਨੂੰ ਵਾਪਸ ਬੁਲਾ ਲਿਆ ਹੈ। ਭਾਰਤੀ ਹਵਾਈ ਫੌਜ ਦਾ ਗਲੋਬ ਮਾਸਟਰ ਸੀ 17 ਏਅਰ ਕਰਾਫਟ ਕਾਬੁਲ ਤੋਂ 130 ਤੋਂ ਜ਼ਿਆਦਾ ਭਾਰਤੀਆਂ ਨੂੰ ਲੈ ਕੇ ਗੁਜਰਾਤ ਦੇ ਜਾਮਨਗਰ ਵਿਖੇ ਪਹੁੰਚਿਆ। ਭਾਰਤੀ ਰਾਜਦੂਤ ਵੀ ਇਸੇ ਜਹਾਜ਼ ਰਾਹੀਂ ਵਤਨ ਪਰਤੇ। ਅਫਗਾਨਿਸਤਾਨ ’ਚ ਫਸੇ ਬਾਕੀ ਭਾਰਤੀ ਸੁਰੱਖਿਅਤ ਇਲਾਕਿਆਂ ’ਚ ਹਨ ਅਤੇ ਉਨ੍ਹਾਂ ਨੂੰ ਵੀ ਇਕ-ਦੋ ਦਿਨਾਂ ’ਚ ਭਾਰਤ ਲਿਆਂਦਾ ਜਾਵੇਗਾ।
ਦੂਜੇ ਪਾਸੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਅਫਗਾਨਿਸਤਾਨ ’ਚ ਫਸੇ ਭਾਰਤੀ ਆਪਣੇ ਵਤਨ ਪਰਤਣਾ ਚਾਹੁੰਦੇ ਹਨ ਅਤੇ ਅਸੀਂ ਲਗਾਤਾਰ ਉਨ੍ਹਾਂ ਨਾਲ ਸੰਪਰਕ ਬਣਾਇਆ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਹਰ ਭਾਰਤੀ ਨੂੰ ਅਪੀਲ ਕਰਦੇ ਹਾਂ ਕਿ ਉਹ ਤੁਰੰਤ ਭਾਰਤ ਪਰਤ ਆਉਣ। ਅਸੀਂ ਅਫਗਾਨੀ ਸਿੱਖਾਂ, ਹਿੰਦੂ ਭਾਈਚਾਰੇ ਦੇ ਪ੍ਰਤੀਨਿਧੀਆਂ ਨਾਲ ਵੀ ਸੰਪਰਕ ਬਣਾਇਆ ਹੋਇਆ ਹੈ। ਜੋ ਵਿਅਕਤੀ ਅਫਗਾਨਿਸਤਾਨ ਛੱਡਣਾ ਚਾਹੁੰਦੇ ਹਨ ਉਨ੍ਹਾਂ ਨੂੰ ਭਾਰਤ ਲਿਆਉਣ ਦੀ ਪੂਰੀ ਸਹੂਲਤ ਦਿੱਤੀ ਜਾਵੇਗੀ।
ਉਧਰ ਗ੍ਰਹਿ ਮੰਤਰਾਲੇ ਨੇ ਅਫਗਾਨਿਸਤਾਨ ਤੋਂ ਭਾਰਤ ਆਉਣ ਵਾਲੇ ਵਿਅਕਤੀਆਂ ਦੇ ਲਈ ਵੀਜ਼ਾ ਨਿਯਮਾਂ ’ਚ ਬਦਲਾਅ ਕੀਤਾ ਹੈ। ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਇਲੈਕਟ੍ਰਾਨਿਕ ਵੀਜ਼ਾ ਦੀ ਇਕ ਨਵੀਂ ਕੈਟਾਗਿਰੀ ਵੀ ਸ਼ੁਰੂ ਕੀਤੀ ਗਈ ਹੈ ਤਾਂ ਅਫਗਾਨਿਸਤਾਨ ਤੋਂ ਭਾਰਤ ਆਉਣ ਵਾਲੇ ਵਿਅਕਤੀਆਂ ਨੂੰ ਛੇਤੀ ਤੋਂ ਛੇਤੀ ਵੀਜ਼ਾ ਮਿਲ ਸਕੇ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਅਫਗਾਨਿਸਤਾਨ ’ਚੋਂ ਫੌਜ ਨੂੰ ਵਾਪਸ ਬੁਲਾਉਣ ਵਾਲਾ ਉਨ੍ਹਾਂ ਦਾ ਫੈਸਲਾ ਸਹੀ ਸੀ। ਉਨ੍ਹਾਂ ਨੇ ਵ੍ਹਾਈਟ ਹਾਊਸ ’ਚ ਕਿਹਾ ਕਿ ਉਹ ਆਪਣੇ ਫੈਸਲੇ ’ਤੇ ਦਿ੍ਰੜ ਹਨ ਪ੍ਰੰਤੂ ਤਾਲਿਬਾਨ ਨੇ ਜਿਸ ਤੇਜੀ ਨਾਲ ਅਫਗਾਨਿਸਤਾਨ ’ਤੇ ਕਬਜ਼ਾ ਕੀਤਾ ਹੈ ਇਸ ਦੀ ਆਸ ਨਹੀਂ ਸੀ।

 

RELATED ARTICLES
POPULAR POSTS