ਕਰਨਲ ਅਜੇ ਕਠਿਆਲ ਨੂੰ ਬਣਾਇਆ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਉਤਰਾਖੰਡ ਵਿਖੇ ਪਹੁੰਚੇ। ਇਥੇ ਉਨ੍ਹਾਂ ਇਕ ਪ੍ਰੈਸ ਕਾਨਫਰੰਸ ਕਰਕੇ ਕਈ ਵੱਡੇ ਐਲਾਨ ਕੀਤੇ। ਇਸ ਦੌਰਾਨ ਉਨ੍ਹਾਂ ਨੇ ਉਤਰਾਖੰਡ ਵਿਧਾਨ ਸਭਾ ਚੋਣਾਂ 2022 ’ਚ ਆਮ ਆਦਮੀ ਪਾਰਟੀ ਤੋਂ ਕਰਨਲ ਅਜੇ ਕੁਠਿਆਲ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉਣ ਦਾ ਐਲਾਨ ਵੀ ਕੀਤਾ। ਕੇਜਰੀਵਾਲ ਨੇ ਕਿਹਾ ਕਿ ਅਸੀਂ ਸੂਬੇ ਦੀ ਜਨਤਾ ਤੋਂ ਸੁਝਾਅ ਮੰਗੇ ਕਿ ਆਪ ਵੱਲੋਂ ਮੁੱਖ ਮੰਤਰੀ ਉਮੀਦਵਾਰ ਕਿਸ ਨੂੰ ਬਣਾਇਆ ਜਾਣਾ ਚਾਹੀਦਾ ਹੈ। ਇਸ ਸਬੰਧ ’ਚ ਸੂਬੇ ਦੀ ਜਨਤਾ ਨੇ ਵਧੀਆ ਸੁਝਾਅ ਦਿੱਤੇ।
ਸੂਬੇ ਦੇ ਲੋਕਾਂ ਨੇ ਕਿਹਾ ਕਿ ਜਦੋਂ ਦਾ ਉਤਰਾਖੰਡ ਬਣਿਆ ਹੈ ਉਦੋਂ ਤੋਂ ਹੀ ਕੁੱਝ ਪਾਰਟੀਆਂ ਅਤੇ ਆਗੂਆਂ ਨੇ ਉਤਰਖੰਡ ਨੂੰ ਲੁੱਟਿਆ ਹੈ। ਹੁਣ ਸਾਨੂੰ ਪਾਰਟੀ ਨਹੀਂ ਬਲਕਿ ਦੇਸ਼ ਭਗਤ ਫੌਜੀ ਚਾਹੀਦਾ ਹੈ। ਬਹੁਤ ਵੱਡੇ ਪੱਧਰ ’ਤੇ ਲੋਕਾਂ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਭਰੋਸੇ ਉਤਰਾਖੰਡ ਅੱਗੇ ਨਹੀਂ ਵਧ ਸਕਦਾ। ਸਾਨੂੰ ਕਰਨਲ ਅਜੇ ਕੁਠਿਆਲ ਹੀ ਚਾਹੀਦਾ ਹੈ। ਇਹ ਫੈਸਲਾ ਆਮ ਆਦਮੀ ਪਾਰਟੀ ਨੇ ਨਹੀਂ ਬਲਕਿ ਸੂਬੇ ਦੀ ਜਨਤਾ ਨੇ ਲਿਆ ਹੈ।
ਕੇਜਰੀਵਾਲ ਨੇ ਕਿਹਾ ਕਿ ਅਜੇ ਕੁਠਿਆਲ ਉਹ ਸਖ਼ਸ ਹੈ ਜਿਨ੍ਹਾਂ ਨੇ ਆਪਣੀ ਬਾਜ਼ੀ ਲਗਾ ਕੇ ਦੇਸ਼ ਦੀ ਰੱਖਿਆ ਕੀਤੀ। ਜਦੋਂ ਉਤਰਾਖੰਡ ਦੇ ਆਗੂ ਇਸ ਸੂਬੇ ਨੂੰ ਲੁੱਟ ਰਹੇ ਸਨ, ਉਦੋਂ ਇਹ ਸਖ਼ਤ ਸਰਹੱਦ ’ਤੇ ਦੇਸ਼ ਦੀ ਰੱਖਿਆ ’ਚ ਲੱਗਿਆ ਹੋਇਆ ਸੀ। ਕੁਝ ਸਾਲ ਪਹਿਲਾਂ ਜਦੋਂ ਕੇਦਾਰਨਾਥ ਕੁਦਰਤੀ ਆਫ਼ਤ ਆਈ ਸੀ ਤਾਂ ਉਦੋਂ ਵੀ ਕੁਠਿਆਲ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਕੇਦਾਰਨਾਥ ਦਾ ਪੁਨਰ ਨਿਰਮਾਣ ਕੀਤਾ ਸੀ। ਹੁਣ ਇਨ੍ਹਾਂ ਨੇ ਹੀ ਉਤਰਾਖੰਡ ਦੇ ਨਵਨਿਰਮਾਣ ਦਾ ਬੀੜਾ ਚੁੱਕਿਆ ਹੈ। ਕੇਜਰੀਵਾਲ ਨੇ ਅੱਗੇ ਕਿਹਾ ਕਿ ਅਸੀਂ ਉਤਰਾਖੰਡ ਨੂੰ ਦੇਵ ਭੂਮੀ ਕਹਿੰਦੇ ਹਾਂ। ਇਥੇ ਬਹੁਤ ਸਾਰੇ ਤੀਰਥ ਅਸਥਾਨ ਹਨ ਅਤੇ ਕਿੰਨੇ ਹੀ ਦੇਵੀ ਦੇਵਤਿਆਂ ਦਾ ਵਾਸ ਹੈ। ਪੂਰੀਆ ਦੁਨੀਆ ਤੋਂ ਹਿੰਦੂ ਇਥੇ ਸ਼ਰਧਾ ਨਾਲ ਦਰਸ਼ਨ ਕਰਨ ਲਈ ਆਉਂਦੇ ਹਨ ਅਸੀਂ ਉਤਰਾਖੰਡ ਨੂੰ ਹਿੰਦੂ ਦੀ ਧਾਰਮਿਕ ਰਾਜਧਾਨੀ ਵਜੋਂ ਵਿਕਸਤ ਕਰਾਂਗੇ।