Breaking News
Home / ਕੈਨੇਡਾ / ਸੀਪੀਟੀਪੀਪੀ ਟਰੇਡ ਡੀਲ ਨਾਲ ਕੈਨੇਡਾ ਦੀ ਜੀਡੀਪੀ ਵਿਚ 4.2 ਬਿਲੀਅਨ ਡਾਲਰ ਤੱਕ ਵਾਧਾ ਹੋਣ ਦੀ ਆਸ : ਸੋਨੀਆ ਸਿੱਧੂ

ਸੀਪੀਟੀਪੀਪੀ ਟਰੇਡ ਡੀਲ ਨਾਲ ਕੈਨੇਡਾ ਦੀ ਜੀਡੀਪੀ ਵਿਚ 4.2 ਬਿਲੀਅਨ ਡਾਲਰ ਤੱਕ ਵਾਧਾ ਹੋਣ ਦੀ ਆਸ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਮਹੀਨੇ ਨਵੇਂ ਕੰਪਰੀਹੈਂਨਸਿਵ ਐਂਡ ਪਰੌਗਰੈੱਸਿਵ ਐਗਰੀਮੈਂਟ ਫ਼ਾਰ ਟਰਾਂਸ-ਪੈਸਿਫ਼ਿਕ ਪਾਰਟਨਰਸ਼ਿਪ (ਸੀਪੀਟੀਪੀਪੀ) ਨੂੰ ਪ੍ਰਵਾਨਗੀ ਦੇਣ ਵਾਲਾ ਕੈਨੇਡਾ ਪੰਜਵਾਂ ਦੇਸ਼ ਬਣ ਗਿਆ ਹੈ। ਹੁਣ ਆਸਟ੍ਰੇਲੀਆ ਵੱਲੋਂ ਵੀ ਇਸ ਨੂੰ ਪ੍ਰਵਾਨਗੀ ਮਿਲਣ ਨਾਲ ਇਸ ਸਮਝੌਤਾ ਇਸ ਸਾਲ 30 ਦਸੰਬਰ ਨੂੰ ਲਾਗੂ ਹੋ ਜਾਏਗਾ ਅਤੇ ਕੈਨੇਡਾ-ਵਾਸੀ ਜਲਦੀ ਹੀ ਹੋਰ ਅੱਧੇ ਬਿਲੀਅਨ ਲੋਕਾਂ ਨਾਲ ਫ਼ਰੀ ਟਰੇਡ ਦਾ ਉਸਾਰੂ ਅਸਰ ਮਹਿਸੂਸ ਕਰਨਗੇ। ਇਸ ਸਮਝੌਤੇ ਦੇ ਸ਼ੁਰੂ ਹੋ ਜਾਣ ਨਾਲ ਕੈਨੇਡਾ ਦੀ ਜੀ.ਡੀ.ਪੀ. ਵਿਚ 4.2 ਬਿਲੀਅਨ ਡਾਲਰ ਦਾ ਵਾਧਾ ਹੋਣ ਦੀ ਆਸ ਹੈ।
ਪ੍ਰਧਾਨ ਮੰਤਰੀ ਵੱਲੋਂ ਪਿਛਲੇ ਮਹੀਨੇ ਬਹੁਤ ਸਾਰੇ ਸਾਊਥ ਈਸਟ ਏਸ਼ੀਅਨ ਬਿਜ਼ਨੈੱਸ ਆਗੂਆਂ ਅਤੇ ਏ.ਐੱਸ.ਈ.ਐੱਨ. ਤੇ ਏ.ਪੀ.ਈ.ਸੀ. ਦੇ ਮੈਂਬਰ ਦੇਸ਼ਾਂ ਨਾਲ ਹੋਈਆਂ ਕਈ ਮੀਟਿੰਗਾਂ ਤੋਂ ਬਾਅਦ ਸੀਪੀਟੀਪੀਪੀ ਸਮਝੌਤੇ ਨੂੰ ਮਿਲੀ ਪ੍ਰਵਾਨਗੀ ਨਾਲ ਸਰਕਾਰ ਟਰੇਡ ਦੀ ਵਿਭਿੰਨਤਾ, ਵਿਸ਼ਵ-ਪੱਧਰ ‘ਤੇ ਪੂੰਜੀ ਨਿਵੇਸ਼ ਖਿੱਚਣ ਅਤੇ ਕੈਨੇਡਾ ਵਿਚ ਆਰਥਿਕ ਖ਼ੁਸ਼ਹਾਲੀ ਲਈ ਨਵੇਂ ਮੌਕੇ ਪੈਦਾ ਕਰਨ ਲਈ ਵਚਨਬੱਧ ਹੈ। ਇਸ ਦੇ ਬਾਰੇ ਆਪਣਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਹੋਇਆਂ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਕਿਹਾ, ”ਆਯਾਤ ਤੇ ਨਿਰਯਾਤ ਕੈਨੇਡਾ ਦੀ ਜੀ.ਡੀ.ਪੀ. ਦਾ 60% ਹਿੱਸਾ ਹਨ ਅਤੇ ਏਸੇ ਲਈ ਹੀ ਸੀਪੀਟੀਪੀਪੀ ਵਰਗੇ ਟਰੇਡ ਸਮਝੌਤਿਆਂ ਦੀ ਏਨੀ ਅਹਿਮੀਅਤ ਹੈ। ਸਾਡੀ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਮਿਡਲ ਕਲਾਸ ਨੂੰ ਮਜ਼ਬੂਤ ਕਰੇਗੀ, ਨਵੀਆਂ ਨੌਕਰੀਆਂ ਪੈਦਾ ਕਰੇਗੀ ਅਤੇ ਕੈਨੇਡਾ-ਵਾਸੀਆਂ ਲਈ ਰੋਜ਼ਗਾਰ ਦੇ ਹੋਰ ਮੌਕੇ ਪੈਦਾ ਕਰੇਗੀ। ਅਸੀਂ ਜਾਣਦੇ ਹਾਂ ਕਿ ਦੇਸ਼ ਦੀ ਆਰਥਿਕਤਾ ਵਿਚ ਵਾਧਾ ਕਰਨ ਲਈ ਕੈਨੇਡਾ ਦੇ ਬਿਜ਼ਨੈੱਸਾਂ ਨੂੰ ਨਵੀਆਂ ਮੰਡੀਆਂ ਦੀ ਜ਼ਰੂਰਤ ਹੈ ਅਤੇ ਇਹ ਸਮਝੌਤਾ ਏਹੀ ਕੁਝ ਕਰ ਰਿਹਾ ਹੈ।” ਸੀਪੀਟੀਪੀਪੀ ਦੇ 11 ਮੈਂਬਰ ਦੇਸ਼ ਅੱਧਾ ਬਿਲੀਅਨ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ ਅਤੇ ਇਸ ਦੇ ਨਾਲ ਹੀ 13.5 ਟ੍ਰਿਲੀਅਨ ਡਾਲਰ ਦੀ ਸਾਂਝੀ ਜੀ.ਡੀ.ਪੀ. ਨੂੰ ਦਰਸਾਉਂਦੇ ਹਨ। ਸਾਲ 2017 ਦੌਰਾਨ ਕੈਨੇਡਾ ਅਤੇ ਹੋਰ 10 ਦੇਸ਼ਾਂ ਵਿਚਕਾਰ 95 ਬਿਲੀਅਨ ਡਾਲਰ ਦਾ ਆਪਸੀ ਵਿਉਪਾਰ ਹੋਇਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …