Breaking News
Home / ਹਫ਼ਤਾਵਾਰੀ ਫੇਰੀ / 39 ਅਗਵਾ ਭਾਰਤੀਆਂ ਦੇ ਮਾਰੇ ਜਾਣ ਬਾਰੇ ਸਰਕਾਰ ਨੇ ਚਾਰ ਸਾਲ ਬਾਅਦ ਤੋੜੀ ਚੁੱਪ

39 ਅਗਵਾ ਭਾਰਤੀਆਂ ਦੇ ਮਾਰੇ ਜਾਣ ਬਾਰੇ ਸਰਕਾਰ ਨੇ ਚਾਰ ਸਾਲ ਬਾਅਦ ਤੋੜੀ ਚੁੱਪ

ਪੰਜਾਬ ਦੇ 27 ਵਿਹੜਿਆਂ ‘ਚ ਵਿਛੇ ਸੱਥਰ
ਨਵੀਂ ਦਿੱਲੀ/ਬਿਊਰੋ ਨਿਊਜ਼
ਜੂਨ 2014 ਵਿਚ ਅੱਤਵਾਦੀ ਜਮਾਤ ਇਸਲਾਮਿਕ ਸਟੇਟ (ਆਈਐੱਸ) ਵੱਲੋਂ ਅਗਵਾ 39 ਭਾਰਤੀਆਂ ਨੂੰ ਲੈ ਕੇ ਜੋ ਖ਼ਦਸ਼ਾ ਸੀ ਉਹ ਸੱਚ ਸਾਬਿਤ ਹੋਇਆ ਹੈ। ਸਰਕਾਰ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਇਨ੍ਹਾਂ ਭਾਰਤੀਆਂ ਦੀ ਮੌਤ ਹੋ ਚੁੱਕੀ ਹੈ। ਮਾਰੇ ਗਏ 39 ਨੌਜਵਾਨਾਂ ਵਿਚੋਂ 27 ਪੰਜਾਬ ਨਾਲ ਸਬੰਧਤ ਸਨ। ਇਹ ਮੰਦਭਾਗੀ ਖਬਰ ਨਸ਼ਰ ਹੁੰਦਿਆਂ ਹੀ ਪੰਜਾਬ ਦੇ 27 ਵਿਹੜਿਆਂ ਵਿਚ ਸੱਥਰ ਵਿਛ ਗਏ ਅਤੇ ਪੂਰੇ ਪੰਜਾਬ ਵਿਚ ਸੋਗ ਦੀ ਲਹਿਰ ਫੈਲ ਗਈ। ਇਨ੍ਹਾਂ ਦੇ ਕੰਕਾਲਾਂ ਦੀ ਨਾ ਸਿਰਫ਼ ਬਰਾਮਦਗੀ ਹੋ ਗਈ ਹੈ ਬਲਕਿ 38 ਲਾਸ਼ਾਂ ਦੇ ਡੀਐੱਨਏ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲ ਵੀ ਗਏ ਹਨ। ਬਾਕੀ ਬਚੇ ਇਕ ਕੰਕਾਲ ਦੇ ਡੀਐੱਨਏ ਦੇ ਮਿਲਾਨ ਦਾ ਕੰਮ ਵੀ ਅਗਲੇ ਕੁਝ ਦਿਨਾਂ ਵਿਚ ਪੂਰਾ ਹੋਣ ਦੇ ਆਸਾਰ ਹਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਹਿਲਾਂ ਰਾਜ ਸਭਾ ਵਿਚ ਬਿਆਨ ਦੇ ਕੇ ਅਤੇ ਬਾਅਦ ਵਿਚ ਪ੍ਰੈੱਸ ਕਾਨਫਰੰਸ ਜ਼ਰੀਏ ਇਸ ਬਾਰੇ ਜਾਣਕਾਰੀ ਦਿੱਤੀ।
ਸਾਲ 2014 ਵਿਚ ਇਰਾਕ ਦੀ ਇਕ ਸਰਕਾਰੀ ਕੰਪਨੀ ਦੇ ਪ੍ਰਾਜੈਕਟ ਵਿਚ ਕੰਮ ਕਰਦੇ 40 ਭਾਰਤੀ ਜਿਨ੍ਹਾਂ ਵਿਚ 27 ਪੰਜਾਬੀ ਸਨ ਦੇ ਅਗਵਾ ਹੋਣ ਦਾ ਮਾਮਲਾ ਪਿਛਲੇ ਚਾਰ ਸਾਲਾਂ ਤੋਂ ਰਹੱਸ ਬਣਿਆ ਹੋਇਆ ਸੀ। ਇਨ੍ਹਾਂ ਦੇ ਅਗਵਾ ਹੋਣ ਦੀ ਸੂਚਨਾ ਭਾਰਤੀ ਅਧਿਕਾਰੀਆਂ ਨੂੰ 7 ਜੂਨ 2014 ਨੂੰ ਮਿਲੀ ਸੀ। ਅਗਵਾ ਭਾਰਤੀਆਂ ਵਿਚੋਂ ਕੁਝ ਨੇ ਅੰਤਿਮ ਵਾਰ ਆਪਣੇ ਪਰਿਵਾਰ ਨੂੰ 15 ਜੂਨ 2014 ਨੂੰ ਜਾਣਕਾਰੀ ਦਿੱਤੀ ਸੀ। ਉਸ ਤੋਂ ਬਾਅਦ ਉਨ੍ਹਾਂ ਨਾਲ ਕੋਈ ਸਿੱਧਾ ਸੰਪਰਕ ਨਹੀਂ ਹੋ ਸਕਿਆ। ਇਹ ਮੁੱਦਾ ਕਈ ਵਾਰ ਸਦਨ ਵਿਚ ਵੀ ਉਠਿਆ। ਸ਼ੁਰੂ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਦਨ ਵਿਚ ਬਿਆਨ ਦਿੱਤਾ ਸੀ ਕਿ ਸਰਕਾਰ ਕੋਲ ਅਗਵਾ ਭਾਰਤੀਆਂ ਦੇ ਜ਼ਿੰਦਾ ਹੋਣ ਦੀ ਸੂਚਨਾ ਹੈ। ਪਰ ਸਮੇਂ ਦੇ ਨਾਲ ਉਨ੍ਹਾਂ ਦਾ ਬਿਆਨ ਵੀ ਬਦਲਿਆ। ਨਵੰਬਰ 2014 ਤੋਂ ਪਿੱਛੋਂ ਉਹ ਕਹਿੰਦੇ ਰਹੇ ਹਨ ਕਿ ਅਗਵਾ ਭਾਰਤੀਆਂ ਬਾਰੇ ਪੱਕੀ ਜਾਣਕਾਰੀ ਮਿਲਣ ਪਿੱਛੋਂ ਹੀ ਉਹ ਉਨ੍ਹਾਂ ਦੇ ਜ਼ਿੰਦਾ ਹੋਣ ਜਾਂ ਮਾਰੇ ਜਾਣ ਬਾਰੇ ਕੋਈ ਦਾਅਵਾ ਕਰਨਗੇ। ਹੁਣ ਵਿਦੇਸ਼ ਮੰਤਰੀ ਸਵਰਾਜ ਨੇ ਵਿਸਥਾਰ ਵਿਚ ਦੱਸਿਆ ਹੈ ਕਿ ਲਾਪਤਾ ਭਾਰਤੀਆਂ ਦੀਆਂ ਲਾਸ਼ਾਂ ਨੂੰ ਇਰਾਕ ਦੇ ਬੋਦੁਸ਼ ਦੀ ਇਕ ਸਮੂਹਿਕ ਕਬਰ ਦੇ ਟਿੱਲੇ ਤੋਂ ਲੱਭ ਲਿਆ ਗਿਆ ਹੈ। ਇਸ ਟਿੱਲੇ ਦੀ ਜਾਣਕਾਰੀ ਵਿਦੇਸ਼ ਰਾਜ ਮੰਤਰੀ ਜਨਰਲ (ਸੇਵਾ ਮੁਕਤ) ਵੀ ਕੇ ਸਿੰਘ ਨੂੰ ਉਦੋਂ ਮਿਲੀ ਜਦੋਂ ਜੁਲਾਈ 2017 ਪਿੱਛੋਂ ਉਹ ਲਾਪਤਾ ਭਾਰਤੀਆਂ ਦਾ ਪਤਾ ਲਾਉਣ ਲਈ ਉੱਥੇ ਗਏ। ਭਾਰਤ ਦੀ ਬੇਨਤੀ ‘ਤੇ ਇਰਾਕ ਸਰਕਾਰ ਨੇ ਰਡਾਰ ਜ਼ਰੀਏ ਇਹ ਪਤਾ ਲਾਇਆ ਕਿ ਟਿੱਲੇ ਅੰਦਰ ਕਈ ਲਾਸ਼ਾਂ ਹਨ।
ਸਵਰਾਜ ਮੁਤਾਬਕ ਟਿੱਲੇ ਅੰਦਰ ਕੁਲ 39 ਲਾਸ਼ਾਂ ਨਿਕਲਣ ਨਾਲ ਇਨ੍ਹਾਂ ਦੇ ਭਾਰਤੀ ਹੋਣ ਦਾ ਪਹਿਲਾ ਸਬੂਤ ਮਿਲਿਆ। ਲਾਸ਼ਾਂ ਵਿਚ ਲੰਬੇ ਵਾਲਾਂ ਵਾਲਿਆਂ ਦਾ ਮਿਲਣਾ ਤੇ ਕੁਝ ਇਕ ਦੇ ਹੱਥਾਂ ਵਿਚ ਕੜਿਆਂ ਦੇ ਮਿਲਣ ਨਾਲ ਵੀ ਇਸ ਖ਼ਦਸ਼ੇ ਨੂੰ ਬਲ ਮਿਲਿਆ ਕਿ ਇਹ ਲਾਸ਼ਾਂ ਭਾਰਤੀਆਂ ਦੀਆਂ ਹਨ। ਇਨ੍ਹਾਂ ਲਾਸ਼ਾਂ ਦੇ ਮਿਲਾਨ ਤੋਂ ਪਹਿਲਾਂ ਭਾਰਤ ਸਰਕਾਰ ਨੇ ਇਰਾਕ ਸਰਕਾਰ ਨੂੰ ਲਾਪਤਾ 39 ਭਾਰਤੀਆਂ ਦੇ ਪਰਿਵਾਰਾਂ ਦੇ ਡੀਐੱਨਏ ਸੌਂਪ ਦਿੱਤੇ ਸਨ। ਲਾਸ਼ਾਂ ਦੀ ਡੀਐੱਨਏ ਨਾਲ ਪਛਾਣ ਦਾ ਕੰਮ ਮਾਰਟਿਸ ਫਾਊਂਡੇਸ਼ਨ ਨਾਂ ਦੀ ਇਕ ਐੱਨਜੀਓ ਕਰ ਰਹੀ ਸੀ। ਇਸ ਫਾਊਂਡੇਸ਼ਨ ਨੇ ਵੀ ਮੰਗਲਵਾਰ ਨੂੰ ਇਰਾਕ ਵਿਚ ਪ੍ਰੈੱਸ ਕਾਨਫਰੰਸ ਕਰਕੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ਤੇ ਕਿਹਾ ਕਿ ਸਰਕਾਰ ਵਿਦੇਸ਼ਾਂ ਵਿਚ ਕੰਮ ਕਰਦੇ ਭਾਰਤੀਆਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਸਵਰਾਜ ਨੇ ਦੱਸਿਆ ਕਿ ਇਕ-ਇਕ ਕਰਕੇ ਫਾਊਂਡੇਸ਼ਨ ਦੇ ਲੋਕ ਡੀਐੱਨਏ ਮਿਲਾਨ ਦੀ ਸੂਚਨਾ ਭਾਰਤੀ ਅਧਿਕਾਰੀਆਂ ਨੂੰ ਦੇ ਰਹੇ ਸਨ ਤੇ ਉੱਥੋਂ ਇਹ ਸੂਚਨਾ ਭਾਰਤ ਤੱਕ ਆ ਰਹੀ ਹੈ। ਸਭ ਤੋਂ ਪਹਿਲਾਂ ਮ੍ਰਿਤਕ ਸੰਦੀਪ ਕੁਮਾਰ ਦੇ ਡੀਐੱਨਏ ਦਾ ਮਿਲਾਨ ਹੋਇਆ ਹੈ। ਸੋਮਵਾਰ ਨੂੰ ਵਿਦੇਸ਼ ਮੰਤਰੀ ਨੂੰ 38 ਭਾਰਤੀਆਂ ਦੇ ਡੀਐੱਨਏ ਮਿਲਾਣ ਦੀ ਪੁਸ਼ਟੀ ਦੀ ਜਾਣਕਾਰੀ ਦਿੱਤੀ ਗਈ ਹੈ। 39ਵੀਂ ਲਾਸ਼ ਬਿਹਾਰ ਦੇ ਰਾਜੂ ਯਾਦਵ ਦੇ ਹੋਣ ਦਾ ਖ਼ਦਸ਼ਾ ਹੈ ਪਰ ਉਸ ਦੇ ਡੀਐੱਨਏ ਦਾ ਪੂਰੀ ਤਰ੍ਹਾਂ ਮਿਲਾਨ ਨਹੀਂ ਹੋ ਸਕਿਆ। ਇਸ ਦਾ ਕਾਰਨ ਇਹ ਹੈ ਕਿ ਡੀਐੱਨਏ ਮਿਲਾਣ ਲਈ ਉਨ੍ਹਾਂ ਦੇ ਕਿਸੇ ਦੂਰ ਦੇ ਰਿਸ਼ਤੇਦਾਰ ਦਾ ਸੈਂਪਲ ਭੇਜਿਆ ਗਿਆ ਹੈ। ਸਵਰਾਜ ਮੁਤਾਬਕ ਮਾਰਟਿਸ ਫਾਊਂਡੇਸ਼ਨ 98 ਫ਼ੀਸਦੀ ਡੀਐੱਨਏ ਮਿਲਾਨ ਪਿੱਛੋਂ ਹੀ ਐਲਾਨ ਕਰਦੀ ਹੈ ਪਰ ਰਾਜੂ ਯਾਦਵ ਦੇ ਮਾਮਲੇ ਵਿਚ ਮਿਲਾਨ ਅਜੇ 70 ਫ਼ੀਸਦੀ ਹੋ ਸਕਿਆ ਹੈ। ਅਗਲੇ ਕੁਝ ਦਿਨਾਂ ਵਿਚ ਇਸ ਦੇ ਵੀ ਪੂਰਾ ਹੋਣ ਦੇ ਆਸਾਰ ਹਨ। ਮ੍ਰਿਤਕਾਂ ਦੀਆਂ ਅਸਥੀਆਂ ਲਿਆਉਣ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਇਸ ਲਈ ਹਵਾਈ ਫ਼ੌਜ ਦਾ ਇਕ ਵਿਸ਼ੇਸ਼ ਜਹਾਜ਼ ਜਨਰਲ ਵੀ ਕੇ ਸਿੰਘ ਲੈ ਕੇ ਜਾਣਗੇ। ਜਹਾਜ਼ ਵਾਪਸ ਆਉਣ ‘ਤੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਜਾਵੇਗਾ ਜਿੱਥੋਂ ਪੰਜਾਬ ਦੇ 27 ਨੌਜਵਾਨਾਂ ਦੀਆਂ ਅਸਥੀਆਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪੀਆਂ ਜਾਣਗੀਆਂ। ਹਿਮਾਚਲ ਪ੍ਰਦੇਸ਼ ਦੇ ਚਾਰ ਮ੍ਰਿਤਕ ਇਸ ਵਿਚ ਸ਼ਾਮਿਲ ਹਨ ਜਿਨ੍ਹਾਂ ਦੀਆਂ ਅਸਥੀਆਂ ਵੀ ਉੱਥੇ ਹੀ ਸੌਂਪੀਆਂ ਜਾ ਸਕਦੀਆਂ ਹਨ। ਉਸ ਤੋਂ ਬਾਅਦ ਜਹਾਜ਼ ਪਟਨਾ ਜਾਵੇਗਾ ਜਿੱਥੇ ਛੇ ਹੋਰ ਵਿਅਕਤੀਆਂ ਦੀਆਂ ਅਸਥੀਆਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪੀਆਂ ਜਾਣਗੀਆਂ। ਫਿਰ ਕੋਲਕਾਤਾ ਵਿਚ ਬਾਕੀ ਬਚੇ ਦੋ ਨੌਜਵਾਨਾਂ ਦੀਆਂ ਅਸਥੀਆਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪੀਆਂ ਜਾਣਗੀਆਂ। ਕੀ ਸਰਕਾਰ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਕੋਈ ਮੁਆਵਜ਼ਾ ਦੇਵੇਗੀ, ਇਸ ‘ਤੇ ਅਜੇ ਕੋਈ ਵੀ ਸਪੱਸ਼ਟ ਜਵਾਬ ਨਹੀਂ ਮਿਲਿਆ ਹੈ। ਸਵਰਾਜ ਨੇ ਕਿਹਾ ਕਿ ਇਸ ਬਾਰੇ ਸੂਬਾ ਸਰਕਾਰਾਂ ਨਾਲ ਗੱਲ ਕਰਨ ਪਿੱਛੋਂ ਹੀ ਕੁਝ ਕਿਹਾ ਜਾ ਸਕੇਗਾ। ਸਰਕਾਰ ਵੱਲੋਂ ਵਿਸਥਾਰ ਵਿਚ ਬਿਆਨ ਆਉਣ ਬਾਅਦ ਇਹ ਮਾਮਲਾ ਸਿਆਸੀ ਤੂਲ ਫੜਦਾ ਨਜ਼ਰ ਆ ਰਿਹਾ ਹੈ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …