Breaking News
Home / ਪੰਜਾਬ / ਭਾਜਪਾ ਦੇ ਸਮਾਗਮਾਂ ‘ਚੋਂ ਭਾਜਪਾਈ ਹੀ ਵੱਟਣ ਲੱਗੇ ਪਾਸਾ

ਭਾਜਪਾ ਦੇ ਸਮਾਗਮਾਂ ‘ਚੋਂ ਭਾਜਪਾਈ ਹੀ ਵੱਟਣ ਲੱਗੇ ਪਾਸਾ

ਕਿਸਾਨਾਂ ਦੇ ਡਰੋਂ ਭਾਜਪਾ ਆਗੂ ਆਪਣੇ ਘਰਾਂ ‘ਤੇ ਨਹੀਂ ਲਗਾ ਰਹੇ ਪਾਰਟੀ ਦੇ ਝੰਡੇ
ਜਲੰਧਰ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਦਾ 41ਵਾਂ ਸਥਾਪਨਾ ਦਿਵਸ ਕਿਸਾਨਾਂ ਦੇ ਡਰ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਲੰਧਰ ‘ਚ ਮਨਾਇਆ ਗਿਆ। ਦੀਨਦਿਆਲ ਉਪਾਧਿਆਏ ਨਗਰ ਵਿੱਚ ਭਾਜਪਾ ਦੇ ਸਥਾਪਨਾ ਦਿਵਸ ਸਬੰਧੀ ਕਰਵਾਏ ਹਵਨ ਵਿੱਚ ਭਾਜਪਾ ਆਗੂਆਂ ਤੇ ਵਰਕਰਾਂ ਦੀ ਗਿਣਤੀ ਸੈਂਕੜਾ ਵੀ ਪਾਰ ਨਾ ਕਰ ਸਕੀ। ਪਾਰਟੀ ਦੇ ਸੂਤਰਾਂ ਅਨੁਸਾਰ ਸਥਾਪਨਾ ਦਿਵਸ ਮੌਕੇ ਕਿਸਾਨਾਂ ਦੇ ਆਉਣ ਦਾ ਡਰ ਏਨਾ ਸਤਾ ਰਿਹਾ ਸੀ ਕਿ ਬਹੁਤੇ ਅਹੁਦੇਦਾਰ ਸ਼ਾਮਲ ਹੀ ਨਹੀਂ ਹੋਏ।
ਸਥਾਪਨਾ ਦਿਵਸ ਤੋਂ ਪਹਿਲਾਂ ਭਾਜਪਾ ਵੱਲੋਂ ਅਹੁਦੇਦਾਰਾਂ ਨੂੰ ਪਾਰਟੀ ਦੇ 50-50 ਝੰਡੇ ਦਿੱਤੇ ਗਏ ਸਨ ਤਾਂ ਜੋ ਸਥਾਪਨਾ ਦਿਵਸ ‘ਤੇ ਅਹੁਦੇਦਾਰ ਆਪਣੇ ਘਰ ਵੀ ਝੰਡਾ ਲਾਉਣ ਤੇ ਆਪਣੇ ਸਾਥੀਆਂ ਨੂੰ ਵੀ ਝੰਡਾ ਲਾਉਣ ਲਈ ਤਿਆਰ ਕਰਨ ਪਰ ਬਹੁਤੇ ਅਹੁਦੇਦਾਰਾਂ ਨੇ ਨਾ ਆਪਣੇ ਘਰਾਂ ‘ਤੇ ਝੰਡੇ ਲਾਏ ਤੇ ਨਾ ਹੀ ਅੱਗੇ ਲਾਉਣ ਲਈ ਕਿਸੇ ਨੂੰ ਕਿਹਾ। ਜਿਹੜੇ ਅਹੁਦੇਦਾਰ ਸਥਾਪਨਾ ਦਿਵਸ ਮੌਕੇ ਕਰਵਾਏ ਹਵਨ ਤੋਂ ਦੂਰ ਰਹੇ, ਉਨ੍ਹਾਂ ਵਿੱਚ ਜ਼ਿਲ੍ਹਾ ਤੇ ਮੰਡਲ ਪੱਧਰ ਦੇ ਆਗੂ ਤੇ ਪਾਰਟੀ ਵੱਲੋਂ ਬਣਾਏ ਵੱਖ-ਵੱਖ ਸੈੱਲਾਂ ਦੇ ਆਗੂ ਸ਼ਾਮਲ ਹਨ। ਇਨ੍ਹਾਂ ਆਗੂਆਂ ਨੇ ਵੱਖ-ਵੱਖ ਬਹਾਨੇ ਬਣਾ ਕੇ ਹਵਨ ਵਿੱਚ ਨਾ ਆਉਣ ਬਾਰੇ ‘ਮਜਬੂਰੀ’ ਜ਼ਾਹਰ ਕੀਤੀ। ਹਵਨ ਯੱਗ ਵਿੱਚ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕੁਮਾਰ ਸ਼ਰਮਾ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਭਾਜਪਾ ਦੇ ਉਪ ਪ੍ਰਧਾਨ ਰਾਕੇਸ਼ ਰਾਠੌਰ, ਸਾਬਕਾ ਪ੍ਰਧਾਨ ਸੁਭਾਸ਼ ਸੂਦ ਤੇ ਰਮਨ ਪੱਬੀ ਸ਼ਾਮਲ ਹੋਏ। ਇਸ ਸਮਾਗਮ ਵਿੱਚ ਬੈਠਣ ਲਈ ਕੁਰਸੀਆਂ ਦਾ ਇੰਤਜ਼ਾਮ ਵੀ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਬਹੁਤੀਆਂ ਖਾਲੀ ਰਹੀਆਂ।

 

Check Also

ਚੰਡੀਗੜ੍ਹ ’ਚ ਆਏਗਾ ‘ਇੰਡੀਆ’ ਗੱਠਜੋੜ ਦਾ ਲੋਕਲ ਚੋਣ ਮੈਨੀਫੈਸਟੋ

ਕਾਂਗਰਸ ਤੇ ‘ਆਪ’ ਨੇ ਬਣਾਈ ਕਮੇਟੀ, ਨਾਮਜ਼ਦਗੀ ਤੋਂ ਬਾਅਦ ਮੈਨੀਫੈਸਟੋ ਕੀਤਾ ਜਾਵੇਗਾ ਜਾਰੀ ਚੰਡੀਗੜ੍ਹ/ਬਿਊਰੋ ਨਿਊਜ਼ …