Breaking News
Home / ਪੰਜਾਬ / ਮੁੱਖ ਮੰਤਰੀ ਵਲੋਂ ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਮਨਜ਼ੂਰ

ਮੁੱਖ ਮੰਤਰੀ ਵਲੋਂ ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਮਨਜ਼ੂਰ

ਕਿਸੇ ਵੀ ਆਂਗਣਵਾੜੀ ਸੈਂਟਰ ਨੂੰ ਨਹੀਂ ਕੀਤਾ ਜਾਵੇਗਾ ਬੰਦ
ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ 2 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਨੂੰ ਮਨਜ਼ੂਰ ਕਰਦਿਆਂ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਡਾਇਰੈਕਟਰ ਤੋਂ ਪੱਤਰ ਜਾਰੀ ਕਰਵਾ ਦਿੱਤਾ ਹੈ, ਜਿਸ ਵਿਚ ਸਰਕਾਰ ਨੇ ਕਿਹਾ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਦੇ ਬਾਵਜੂਦ ਕਿਸੇ ਵੀ ਆਂਗਣਵਾੜੀ ਸੈਂਟਰ ਨੂੰ ਬੰਦ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਕਿਸੇ ਆਂਗਣਵਾੜੀ ਵਰਕਰ ਨੂੰ ਨੌਕਰੀ ਤੋਂ ਕੱਢਿਆ ਜਾਵੇਗਾ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੂੰ ਖਾਸ ਤੌਰ ‘ਤੇ ਦੀਨਾਨਗਰ ਭੇਜਿਆ, ਜਿਥੇ ਆਂਗਣਵਾੜੀ ਵਰਕਰਾਂ ਨੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਦੇ ਘਰ ਦੇ ਬਾਹਰ ਧਰਨਾ ਲਾਇਆ ਹੋਇਆ ਸੀ। ਜਾਖੜ ਨੇ ਧਰਨੇ ‘ਤੇ ਬੈਠੇ ਆਂਗਣਵਾੜੀ ਵਰਕਰਾਂ ਨੂੰ ਮੁੱਖ ਮੰਤਰੀ ਵਲੋਂ ਜਾਰੀ ਕਰਵਾਇਆ ਗਿਆ ਪੱਤਰ ਸੌਂਪਿਆ ਅਤੇ ਉਨ੍ਹਾਂ ਦਾ ਧਰਨਾ ਖਤਮ ਕਰਵਾਇਆ। ਇਸ ਮੌਕੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਅਤੇ ਕਾਂਗਰਸੀ ਨੇਤਾ ਅਸ਼ੋਕ ਚੌਧਰੀ ਵੀ ਮੌਜੂਦ ਸਨ।
ਜਾਖੜ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਪ੍ਰੀ-ਪ੍ਰਾਇਮਰੀ ਕਲਾਸਾਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਸ਼ੁਰੂ ਕਰਨ ਦੇ ਬਾਵਜੂਦ ਆਂਗਣਵਾੜੀ ਕੇਂਦਰ ਬੰਦ ਨਹੀਂ ਹੋਣਗੇ ਅਤੇ ਆਂਗਣਵਾੜੀ ਵਰਕਰ ਹੁਣ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਬੱਚਿਆਂ ਦੀ ਦੇਖ-ਭਾਲ ਕਰਨਗੇ। ਸਰਕਾਰੀ ਪੱਤਰ ਵਿਚ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਸਿਧਾਂਤਕ ਤੌਰ ‘ਤੇ ਸਮੂਹ ਆਂਗਣਵਾੜੀ ਕੇਂਦਰ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਕੈਂਪਸ ਵਿਚ ਹੀ ਚਲਾਏ ਜਾਣੇ ਹਨ ਅਤੇ ਜਿਨ੍ਹਾਂ ਬੱਚਿਆਂ ਦਾ ਨਾਂ ਆਂਗਣਵਾੜੀ ਕੇਂਦਰਾਂ ਵਿਚ ਦਰਜ ਹੋਵੇਗਾ, ਉਨ੍ਹਾਂ ਸਾਰੇ ਬੱਚਿਆਂ ਦਾ ਨਾਂ ਪ੍ਰੀ-ਪ੍ਰਾਇਮਰੀ ਕਲਾਸਾਂ ਵਿਚ ਦਰਜ ਕੀਤਾ ਜਾਵੇਗਾ। ਜਾਖੜ ਵਲੋਂ ਮੁੱਖ ਮੰਤਰੀ ਦਾ ਫੈਸਲਾ ਸੁਣਾਏ ਜਾਣ ਤੋਂ ਬਾਅਦ ਆਂਗਣਵਾੜੀ ਵਰਕਰਾਂ ਨੇ ਸਿੱਖਿਆ ਮੰਤਰੀ ਦੇ ਨਿਵਾਸ ਸਥਾਨ ਦੇ ਬਾਹਰ ਧਰਨਾ ਹਟਾ ਲਿਆ। ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਂਗਣਵਾੜੀ ਵਰਕਰਾਂ ਦੇ ਸਾਰੇ ਸ਼ੱਕ ਤੇ ਖਦਸ਼ਿਆਂ ਦਾ ਹੱਲ ਕਰਦਿਆਂ ਉਨ੍ਹਾਂ ਦੀਆਂ ਮੰਗਾਂ ਨੂੰ ਮਨਜ਼ੂਰ ਕਰ ਲਿਆ ਹੈ।

Check Also

ਦੇਸ਼ ਅਤੇ ਵਿਦੇਸ਼ਾਂ ’ਚ ਧੂਮਧਾਮ ਨਾਲ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਨਤਮਸਤਕ ਅੰਮਿ੍ਰਤਸਰ/ਬਿਊਰੋ ਨਿਊਜ਼ : ਪਹਿਲੀ …