Breaking News
Home / ਪੰਜਾਬ / ਕੈਪਟਨ ਸਰਕਾਰ ਦੀ ‘ਨਸ਼ਾ ਮੁਕਤ ਪੰਜਾਬ’ ਮੁਹਿੰਮ ‘ਤੇ ਸਵਾਲੀਆ ਨਿਸ਼ਾਨ

ਕੈਪਟਨ ਸਰਕਾਰ ਦੀ ‘ਨਸ਼ਾ ਮੁਕਤ ਪੰਜਾਬ’ ਮੁਹਿੰਮ ‘ਤੇ ਸਵਾਲੀਆ ਨਿਸ਼ਾਨ

ਡਿਫਾਲਟਰ ਠੇਕੇਦਾਰ ਦਾ ਪੁਲਿਸ ਕੇਸ ਕੀਤਾ ਰੱਦ
ਬਠਿੰਡਾ/ਬਿਊਰੋ ਨਿਊਜ਼ : ਬਠਿੰਡਾ ਪੁਲਿਸ ਨੇ ‘ਉੜਤਾ ਪੰਜਾਬ’ ਨੂੰ ਖੰਭ ਲਾ ਦਿੱਤੇ ਹਨ। ਪੁਲਿਸ ਅਫਸਰਾਂ ਨੇ ਸਵਾ ਲੱਖ ਬੋਤਲਾਂ ਦੀ ਤਸਕਰੀ ਕੇਸ ਨੂੰ ਰੱਦ ਕਰ ਦਿੱਤਾ ਹੈ, ਜਿਸ ਨਾਲ ਮੁੱਖ ਮੰਤਰੀ ਦੀ ‘ਨਸ਼ਾ ਮੁਕਤ ਪੰਜਾਬ’ ਮੁਹਿੰਮ ‘ਤੇ ਉਂਗਲ ਉੱਠੀ ਹੈ। ਜ਼ਿਕਰਯੋਗ ਹੈ ਕਿ ਸਿਆਸੀ ਲੀਡਰਾਂ ਦੇ ਨੇੜਲੇ ਸ਼ਰਾਬ ਠੇਕੇਦਾਰ ਜਸਵਿੰਦਰ ਸਿੰਘ ਉਰਫ ਜੁਗਨੂੰ ਦੇ ਗ਼ੈਰਕਾਨੂੰਨੀ ਗੋਦਾਮ ਵਿਚੋਂ ਪੁਲਿਸ ਨੇ 28 ਜਨਵਰੀ 2017 ਨੂੰ ਚੋਣਾਂ ਮੌਕੇ ਕਰੀਬ 1.26 ਲੱਖ ਬੋਤਲਾਂ ਸ਼ਰਾਬ ਫੜੀ ਸੀ, ਜਿਸ ਦੀ ਕੀਮਤ 1.30 ਕਰੋੜ ਰੁਪਏ ਦੱਸੀ ਗਈ ਹੈ। ઠਥਾਣਾ ਕੈਨਾਲ ਬਠਿੰਡਾ ਵਿਚ ਇਸ ਸਬੰਧੀ ਐਫ.ਆਈ.ਆਰ ਨੰਬਰ 14 ,ਧਾਰਾ 420,61/1/14 ਆਫ ਐਕਸਾਈਜ਼ ਐਕਟ ਤਹਿਤ ਦਰਜ ਹੋਈ ਸੀ ਅਤੇ ਠੇਕੇਦਾਰ ਨੂੰ ਉਸ ਮਗਰੋਂ ਪੁਲਿਸ ਨੇ 20 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਦੀ ઠਜ਼ਮਾਨਤ ਮਾਰਚ ਦੇ ਅਖੀਰਲੇ ਦਿਨਾਂ ਵਿੱਚ ਹੋ ਗਈ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਮੈਸਰਜ਼ ਐਡਵਾਂਸ ਵਾਈਨਜ਼ ਨੂੰ ਸਾਲ 2016-17 ਦਾ ਬਠਿੰਡਾ ਜ਼ਿਲ੍ਹੇ ਦੇ ਸ਼ਰਾਬ ਕਾਰੋਬਾਰ ਦਾ ਕੰਮ ਮਿਲਿਆ ਸੀ, ਜਿਸ ਵਿੱਚ ਠੇਕੇਦਾਰ ਜੁਗਨੂੰ ਹਿੱਸੇਦਾਰ ਸੀ। ਬਠਿੰਡਾ ਦੇ ਸਨਅਤੀ ਖੇਤਰ ਦੇ ਗੋਦਾਮ ਨੰਬਰ ਏ-7 ਅਤੇ ਈ-10 ਵਿਚੋਂ ਪੁਲਿਸ ਨੇ ਚੋਣ ਪ੍ਰਚਾਰ ਦੇ ਦਿਨਾਂ ਵਿਚ ਕਰੀਬ 1.26 ਲੱਖ ਬੋਤਲਾਂ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਸੀ ਜੋ ਕਿ ਪੰਜਾਬ, ਹਰਿਆਣਾ ਅਤੇ ਅਰੁਣਾਚਲ ਪ੍ਰਦੇਸ਼ ਦੀ ਸੀ। ਆਬਕਾਰੀ ਮਹਿਕਮੇ ਨੇ ਐਡਵਾਂਸ ਵਾਈਨਜ਼ ਤੋਂ ਕਰੀਬ 22 ਕਰੋੜ ਰੁਪਏ ਕਿਸ਼ਤਾਂ ਦੇ ਲੈਣੇ ਹਨ, ਜਿਸ ਦੇ ਬਦਲੇ ਵਿੱਚ ਆਬਕਾਰੀ ਅਫਸਰਾਂ ਨੇ ਠੇਕੇਦਾਰ ਜੁਗਨੂੰ ਦੀ ਜ਼ਮੀਨ ਦੀ ਮਾਲ ਮਹਿਕਮੇ ਦੇ ਰਿਕਾਰਡ ਵਿਚ ਰੈੱਡ ਐਂਟਰੀ ਵੀ ਪਾਈ ਹੈ।
ਸੂਤਰਾਂ ਅਨੁਸਾਰ ਬਠਿੰਡਾ ਜ਼ੋਨ ਦੇ ਤਤਕਾਲੀ ਆਈ.ਜੀ.ਨੇ ਕੇਸ ਦਰਜ ਹੋਣ ਮਗਰੋਂ ਇਸ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ ਬਣਾਈ ਸੀ ਜਿਸ ਦੀ ਰਿਪੋਰਟ ਆਈ.ਜੀ.ਨੇ ਪ੍ਰਵਾਨ ਕਰ ਲਈ ਹੈ। ਤਤਕਾਲੀ ਸਿੱਟ ਇੰਚਾਰਜ ਐਸ.ਪੀ. ਦੇਸ ਰਾਜ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਇਸ ਮਾਮਲੇ ਵਿਚ ਕਾਨੂੰਨੀ ਰਾਇ ਲੈਣ ਮਗਰੋਂ ਹੀ ਰਿਪੋਰਟ ਦਿੱਤੀ ਸੀ। ਸੂਤਰ ਦੱਸਦੇ ਹਨ ਕਿ ‘ਸਿਟ’ ਦੀ ਸਿਫਾਰਸ਼ ‘ਤੇ ਹੀ ਐਫ.ਆਈ.ਆਰ. ਰੱਦ ਕੀਤੀ ਗਈ ਹੈ। ਦੂਜੇ ਪਾਸੇ ਆਈ.ਜੀ. ਬਠਿੰਡਾ ਮੁਖਵਿੰਦਰ ਸਿੰਘ ਛੀਨਾ ਨੇ ਕੇਸ ਰੱਦ ਹੋਣ ਬਾਰੇ ਅਣਜਾਣਤਾ ਪ੍ਰਗਟਾਉਂਦਿਆਂ ਕਿਹਾ ਕਿ ਉਹ ਰਿਕਾਰਡ ਦੇਖਣ ਮਗਰੋਂ ਹੀ ਕੁਝ ਦੱਸ ਸਕਦੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਕੈਂਸਲੇਸ਼ਨ ਰਿਪੋਰਟ ਅਦਾਲਤ ਨੂੰ ਦੇ ਦਿੱਤੀ ਹੈ ਜਿਸ ‘ਤੇ ਹਾਲੇ ਫ਼ੈਸਲਾ ਲਿਆ ਜਾਣਾ ਬਾਕੀ ਹੈ।
ਇਹ ਵੀ ਪਤਾ ਚਲਿਆ ਹੈ ਕਿ ਜੁਗਨੂ ਦੀ ਕਾਂਗਰਸ ਪਾਰਟੀ ਨਾਲ ਨੇੜਤਾ ਰਹੀ ਹੈ ਅਤੇ ਜੁਗਨੂੰ ਦਾ ਪਿਤਾ ਪੀਪਲਜ਼ ਪਾਰਟੀ ਆਫ਼ ਪੰਜਾਬ ਦਾ ਆਗੂ ਰਿਹਾ ਹੈ। ਤਤਕਾਲੀ ਈ.ਟੀ.ਓ. ਵਿਕਰਮ ਠਾਕੁਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਅਦਾਲਤ ਵਿਚ ਬਿਆਨ ਦਰਜ ਕਰਾ ਕੇ ਪੁਲਿਸ ਰਿਪੋਰਟ ਨਾਲ ਅਸਹਿਮਤੀ ਜਤਾਈ ਸੀ ਕਿਉਂਕਿ ਫੜੀ ਸ਼ਰਾਬ ਦੂਸਰੇ ਰਾਜਾਂ ਦੀ ਸੀ।ਥਾਣਾ ਕੈਨਾਲ ਦੇ ਮੁੱਖ ਅਫਸਰ ਕੁਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਐਫ.ਆਈ.ਆਰ ਨੰਬਰ 14 ਨੂੰ ਸਿੱਟ ਦੀ ਸਿਫਾਰਸ਼ ‘ਤੇ ਰੱਦ ਕੀਤਾ ਗਿਆ ਹੈ।

ਨਸ਼ਾ ਤਸਕਰੀ ਮਾਮਲੇ ‘ਚ ਐਸਐਸਪੀ ਹੁੰਦਲ ਤੇ ਹਰਪ੍ਰੀਤ ਸਿੱਧੂ ਆਹਮੋ-ਸਾਹਮਣੇ
ਚੰਡੀਗੜ੍ਹ/ਬਿਊਰੋ ਨਿਊਜ਼ : ਮੋਗੇ ਦੇ ਐਸ.ਐਸ.ਪੀ. ਰਾਜਜੀਤ ਸਿੰਘ ਹੁੰਦਲ ਨੇ ਵਿਸ਼ੇਸ਼ ਟਾਸਕ ਫੋਰਸ (ਐਸ.ਟੀ.ਐਫ.) ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ‘ਤੇ ਝੂਠੇ ਕੇਸ ਵਿੱਚ ਫਸਾਉਣ ਦੇ ਦੋਸ਼ ਲਾਏ ਹਨ। ਵਧੀਕ ਮੁੱਖ ਸਕੱਤਰ (ਗ੍ਰਹਿ) ਨਿਰਮਲਜੀਤ ਸਿੰਘ ਕਲਸੀ ਨੂੰ ਲਿਖੀ ਦੋ ਸਫ਼ਿਆਂ ਦੀ ਚਿੱਠੀ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਨੇ ਐਸ.ਟੀ.ਐਫ. ਦੇ ਮੁਖੀ ‘ਤੇ ਨਿੱਜੀ ਰੰਜਿਸ਼ ਰੱਖਣ ਅਤੇ ਸਾਖ਼ ਨੂੰ ਖ਼ਰਾਬ ਕਰਨ ਦੀ ਗੱਲ ਵੀ ਕਹੀ ਹੈ। ਇਨ੍ਹਾਂ ਦੋਸ਼ਾਂ ਨੂੰ ਅਧਾਰ ਬਣਾ ਕੇ ਰਾਜਜੀਤ ਸਿੰਘ ਨੇ ਮੰਗ ਕੀਤੀ ਹੈ ਕਿ ਐਸ.ਟੀ.ਐਫ.ਵੱਲੋਂ ਮੁਹਾਲੀ ਵਿਚ ਐਨ.ਡੀ.ਪੀ.ਐਸ.ਅਤੇ ਅਸਲਾ ਐਕਟ ਦੀਆਂ ਸੰਗੀਨ ਧਾਰਾਵਾਂ ਤਹਿਤ ਇਸੇ ਸਾਲ 12 ਜੂਨ ਨੂੰ ਦਰਜ ਕੀਤੀ ਐਫ.ਆਈ.ਆਰ.ਨੰਬਰ 1 ਦੀ ਤਫ਼ਤੀਸ ਕਿਸੇ ਨਿਰਪੱਖ ਏਜੰਸੀ ਤੋਂ ਕਰਾਈ ਜਾਵੇ। ਇਸ ਮਾਮਲੇ ਵਿੱਚ ਐਸ.ਟੀ.ਐਫ. ਵੱਲੋਂ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਰੌਚਕ ਗੱਲ ਹੈ ਕਿ ਐਸ.ਟੀ.ਐਫ. ਨੇ ਕੁੱਝ ਦਿਨ ਪਹਿਲਾਂ ਹੀ ਇੰਦਰਜੀਤ ਸਿੰਘ ਖ਼ਿਲਾਫ਼ ਮੁਹਾਲੀ ਦੀ ਅਦਾਲਤ ਵਿਚ ਪੇਸ਼ ਕੀਤੇ ਚਲਾਨ ਵਿੱਚ ਰਾਜਜੀਤ ਸਿੰਘ ਹੁੰਦਲ ਦਾ ਵੀ ਜ਼ਿਕਰ ਕੀਤਾ ਹੈ। ਵਧੀਕ ਮੁੱਖ ਸਕੱਤਰ (ਗ੍ਰਹਿ) ਨੇ ਮੀਮੋ ਨੰਬਰ 2/81/2017-1ਗ1/3614 ਰਾਹੀਂ ਪੁਲਿਸ ਮੁਖੀ ਸੁਰੇਸ਼ ਅਰੋੜਾ ਨੂੰ ਟਿੱਪਣੀ ਦੇਣ ਲਈ ਕਿਹਾ ਹੈ। ਗ੍ਰਹਿ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਡੀਜੀਪੀ ਦੀ ਟਿੱਪਣੀ ਤੋਂ ਬਾਅਦ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਜਾਵੇਗਾ ਤੇ ਅੰਤਿਮ ਫੈਸਲਾ ਮੁੱਖ ਮੰਤਰੀ ਵੱਲੋਂ ਹੀ ਲਿਆ ਜਾਣਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਦੇ ਗਠਨ ਤੋਂ ਪਹਿਲਾਂ ਹੀ ਨਸ਼ਿਆਂ ਦੀ ਸਮਗਲਿੰਗ ਰੋਕਣ ਲਈ ਐਸ.ਟੀ.ਐਫ. ਦੇ ਗਠਨ ਦਾ ਐਲਾਨ ਕੀਤਾ ਸੀ। ਸਰਕਾਰ ਬਣਦਿਆਂ ਹੀ ਵਧੀਕ ਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਇਸ ਦਾ ਗਠਨ ਕਰ ਦਿੱਤਾ ਗਿਆ ਸੀ। ਪੰਜਾਬ ਪੁਲਿਸ ਦੀ ਇਹ ਵਿਸ਼ੇਸ਼ ਟੀਮ ਮੁੱਖ ਮੰਤਰੀ ਦਫ਼ਤਰ ਅਧੀਨ ਕੰਮ ਕਰਦੀ ਹੈ। ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੀ ਨਸ਼ਿਆਂ ਦੀ ਵੱਡੀ ਬਰਾਮਦਗੀ ਦੇ ਮਾਮਲੇ ਵਿੱਚ ਗ੍ਰਿਫ਼ਤਾਰੀ ਨੂੰ ਐਸ.ਟੀ.ਐਫ. ਵੱਲੋਂ ਵੱਡੀ ਪ੍ਰਾਪਤੀ ਵਜੋਂ ਗਿਣਿਆ ਜਾਂਦਾ ਸੀ। ਇਸ ਤੋਂ ਬਾਅਦ ਐਸ.ਟੀ.ਐਫ.ਨੇ ਮੋਗਾ ਦੇ ਐਸ.ਐਸ.ਪੀ.ਰਾਜਜੀਤ ਸਿੰਘ ਹੁੰਦਲ ਨੂੰ ਵੀ ਪੁੱਛਗਿੱਛ ਲਈ ਤਲਬ ਕੀਤਾ ਸੀ। ਸੂਤਰਾਂ ਮੁਤਾਬਕ ਐਸ.ਟੀ.ਐਫ. ਅਧਿਕਾਰੀਆਂ ਨੇ ਮੁੱਖ ਮੰਤਰੀ ਦਫ਼ਤਰ ਨੂੰ ਦਿੱਤੀ ਜਾਣਕਾਰੀ ਮੁਤਾਬਕ ਇੰਦਰਜੀਤ ਸਿੰਘ ਰਾਜਜੀਤ ਸਿੰਘ ਦੇ ਮਾਤਾਹਿਤ ਕੰਮ ਕਰਦੇ ਸਮੇਂ ਹੀ ਗੈਰ ਕਾਨੂੰਨੀ ਕੰਮ ਕਰਦਾ ਸੀ।
ਐਸ.ਐਸ.ਪੀ. ਰੈਂਕ ਦੇ ਪੁਲਿਸ ਅਫ਼ਸਰ ਵੱਲੋਂ ਵਧੀਕ ਡੀ.ਜੀ.ਪੀ. ਖਿਲਾਫ਼ ਗੰਭੀਰ ਦੋਸ਼ ਲਾਉਂਦਿਆਂ ਲਿਖੀ ਚਿੱਠੀ ਨੇ ਪੁਲਿਸ ਵਿਭਾਗ ਵਿੱਚ ਵੀ ਸਿੱਧੀ ਕਤਾਰਬੰਦੀ ਦੇ ਸੰਕੇਤ ਦਿੱਤੇ ਹਨ। ਪੁਲਿਸ ਅਤੇ ਸਰਕਾਰ ਵਿੱਚ ਇਹ ਪ੍ਰਭਾਵ ਪਾਇਆ ਜਾ ਰਿਹਾ ਹੈ ਕਿ ਰਾਜਜੀਤ ਸਿੰਘ ਨੂੰ ਦੋ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਥਾਪੜਾ ਦਿੱਤਾ ਜਾ ਰਿਹਾ ਹੈ।

ਹਰਪ੍ਰੀਤ ਮੈਨੂੰ ਝੂਠਾ ਫਸਾਉਣਾ ਚਾਹੁੰਦਾ ਹੈ: ਰਾਜਜੀਤ ਸਿੰਘ
ਰਾਜਜੀਤ ਸਿੰਘ ਨੇ ਗ੍ਰਹਿ ਵਿਭਾਗ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ ਇੰਦਰਜੀਤ ਨੇ 14 ਮਹੀਨੇ ਉਸ ਦੇ ਅਧੀਨ ਕੰਮ ਕੀਤਾ ਸੀ, ਜਿਸ ਕਰਕੇ ਐਸ.ਟੀ.ਐਫ. ਨੇ ਉਸ ਨੂੰ ਪੁੱਛਗਿੱਛ ਲਈ ਬੁਲਾ ਲਿਆ। ਐਸ.ਐਸ.ਪੀ. ਦਾ ਕਹਿਣਾ ਹੈ ਕਿ ਕੁੱਝ ਅਣਜਾਣੇ ਕਾਰਨਾਂ ਕਰਕੇ ਹਰਪ੍ਰੀਤ ਸਿੰਘ ਸਿੱਧੂ ਉਸ ਦੇ ਨਾਲ ਖਾਰ ਖਾਂਦਾ ਹੈ ਤੇ ਇੰਦਰਜੀਤ ਸਿੰਘ ਨਾਲ ਸਬੰਧਤ ਮਾਮਲੇ ਵਿੱਚ ਝੂਠਾ ਫਸਾਉਣਾ ਚਾਹੁੰਦਾ ਹੈ।

ਇੰਦਰਜੀਤ ਖ਼ਿਲਾਫ਼ ਕਾਰਵਾਈ ਤੱਥਾਂ ‘ਤੇ ਅਧਾਰਤ: ਹਰਪ੍ਰੀਤ ਸਿੱਧੂ
ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇੰਦਰਜੀਤ ਸਿੰਘ ਵਿਰੁੱਧ ਦਰਜ ਮਾਮਲੇ ਵਿੱਚ ਤਫ਼ਤੀਸ਼ ਪੂਰੀ ਤਰ੍ਹਾਂ ਪੇਸ਼ੇਵਰ ਤਰੀਕੇ ਨਾਲ ਤੇ ਮੈਰਿਟ ‘ਤੇ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਤਫ਼ਤੀਸ਼ ਦੌਰਾਨ ਕਿਸੇ ਵੀ ਪੁਲਿਸ ਅਫ਼ਸਰ ਦਾ ਨਾਮ ਆਉਣ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ ਤਾਂ ਉਹ ਤੱਥਾਂ ‘ਤੇ ਅਧਾਰਿਤ ਹੈ।

ਕੈਪਟਨ ਅਮਰਿੰਦਰ ਨੇ ਪੁਲਿਸ ਅਧਿਕਾਰੀਆਂ ਦੀ ਲਾਈ ਕਲਾਸ
ਕਿਹਾ, ਵਿਧਾਇਕਾਂ ਸਮੇਤ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਮਾਣ-ਸਤਿਕਾਰ ਹੋਵੇ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਅਧਿਕਾਰੀਆਂ ਨੂੰ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਵਿਧਾਇਕਾਂ ਸਮੇਤ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਮਾਣ-ਸਤਿਕਾਰ ઠਵਿੱਚ ਕਮੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਸ਼ਿਕਾਇਤਾਂ ਮਿਲਣ ਤੋਂ ਬਾਅਦ ਮੁੱਖ ਮੰਤਰੀ ਨੇ ਇਹ ਚਿਤਾਵਨੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਪਿਛਲੇ ਦਿਨੀਂ ਵਿਧਾਇਕਾਂ ਦੇ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਵਿੱਚ ਮੁੱਖ ਮੰਤਰੀ ਕੋਲ ਇਸ ਦਾ ਗਿਲਾ ਕਰਦਿਆਂ ਫੌਰੀ ਕਦਮ ਚੁੱਕਣ ਦੀ ਲੋੜ ਜਤਾਈ ਸੀ। ਇਥੇ ਅਪਰਾਧ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਪੁਲਿਸ ਅਧਿਕਾਰੀਆਂ ਦੀ ઠਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਮੌੜ ਬੰਬ ਧਮਾਕੇ, ਮਾਤਾ ਚੰਦ ਕੌਰ ਦੀ ਹੱਤਿਆ ਅਤੇ ਲੁਧਿਆਣਾ ਵਿਖੇ ਢੱਡਰੀਆਂ ਵਾਲਾ ‘ਤੇ ઠਹੋਏ ਹਮਲੇ ઠਦੇ ਮਾਮਲਿਆਂ ਨੂੰ ਹੱਲ ਕਰਨ ਦੀ ਜ਼ੋਰਦਾਰ ਕੋਸ਼ਿਸ਼ ਕਰਨ ਲਈ ਕਿਹਾ। ਉਨ੍ਹਾਂ ਫੇਸਬੁੱਕ ਵਰਗੇ ਸੋਸ਼ਲ ਮੀਡੀਆ ‘ਤੇ ਚੱਲ ਰਹੀ ਭੜਕਾਊ ਅਤੇ ਗਰਮ ਖਿਆਲੀ ਮੁਹਿੰਮ ਤੋਂ ਪੁਲਿਸ ਨੂੰ ਚੌਕਸ ਰਹਿਣ ਅਤੇ ਭਾਰਤ-ਪਾਕਿ ਸਰਹੱਦ ‘ਤੇ ਘੁਸਪੈਠ ਦੀਆਂ ਸਰਗਰਮੀਆਂ ਸਬੰਧੀ ਚੌਕਸ ਕੀਤਾ। ਕੈਪਟਨ ਨੇ ਕਿਹਾ,”ਸੂਬੇ ਦੀ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੇ ਕਿਸੇ ਵੀ ਯਤਨ ਨੂੰ ਸਖ਼ਤੀ ਨਾਲ ਨਿਪਟਿਆ ਜਾਵੇ। ਡਿਪਟੀ ਕਮਿਸ਼ਨਰ ਅਤੇ ਸੀਪੀਜ਼/ਐਸਐਸਪੀਜ਼ ਆਪੋ-ਆਪਣੇ ਖੇਤਰਾਂ ਵਿੱਚ ਬੇਅਦਬੀ ਦੀ ਕਿਸੇ ਵੀ ਘਟਨਾ ਲਈ ਜ਼ਿੰਮੇਵਾਰ ਹੋਣਗੇ।” ਲੋਕਾਂ ਦੀ ਭਾਈਵਾਲੀ ਨਾਲ ਸੀਸੀਟੀਵੀ ਕੈਮਰੇ ਲਾਏ ਜਾਣ ਦੇ ਨਿਰਦੇਸ਼ ਦਿੰਦਿਆਂ ਉਨ੍ਹਾਂ ਕੈਮਰੇ ਨਾ ਲੱਗਣ ਵਾਲੀਆਂ ਥਾਵਾਂ ‘ਤੇ ਧਾਰਮਿਕ ਗ੍ਰੰਥਾਂ ਦੀ ਪਵਿੱਤਰਤਾ ਨੂੰ ਪ੍ਰਬੰਧਕਾਂ ਦੇ ਅਧੀਨ ਯਕੀਨੀ ਬਣਾਉਣ ਲਈ ਕਿਹਾ। ਪੁਲਿਸ ਅਧਿਕਾਰੀਆਂ ਨੂੰ ਨਸ਼ਾ ਤਸਕਰਾਂ ਅਤੇ ਵਪਾਰੀਆਂ ਵਿਰੁੱਧ ઠਸ਼ਿਕੰਜਾ ਕੱਸਣ ਦੇ ਨਿਰਦੇਸ਼ ਦਿੰਦਿਆਂ ਉਨ੍ਹਾਂ ਵੱਡੀਆਂ ਮੱਛੀਆਂ ਨੂੰ ਕਾਬੂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪੁਲਿਸ ਕਮਿਸ਼ਨਰ, ਐਸਐਸਪੀਜ਼, ਡੀਐਸਪੀਜ਼ ਅਤੇ ਐਸਐਚਓਜ਼ ਆਪਣੇ ਆਪਣੇ ਅਧਿਕਾਰ ਖੇਤਰਾਂ ਵਿੱਚ ਨਸ਼ਿਆਂ ਦੀ ਸਪਲਾਈ ਅਤੇ ਵਿੱਕਰੀ ਲਈ ਸਿੱਧੇ ਜਵਾਬਦੇਹ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਉਣ ‘ਤੇ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦੇ ਕੰਮਕਾਜੀ ਘੰਟਿਆਂ ਦੀ ਹੱਦਬੰਦੀ ਕਰਨ ਦੀ ਵਕਾਲਤ ਕਰਦਿਆਂ ਉਨ੍ਹਾਂ ਹਫ਼ਤਾਵਾਰੀ ਛੁੱਟੀ ਨੂੰ ਅਮਲ ਵਿੱਚ ਲਿਆਉਣ ਲਈ ਕਿਹਾ।

ਔਰਤਾਂ ਦਾ ਨਸ਼ਾ ਤਸਕਰੀ ‘ਚ ਪੈਣਾ ਪੰਜਾਬ ਲਈ ਖੈਰ ਨਹੀਂ
ਬਠਿੰਡਾ : ਫਾਜ਼ਿਲਕਾ ਦਾ ਪਿੰਡ ਸੁਖੇਰਾ ਬੋਦਲਾ ਹੁਣ ਪੰਜਾਬ ਦੇ ਕੌੜੇ ਸੱਚ ਨੂੰ ਦੱਸਣ ਲਈ ਕਾਫ਼ੀ ਹੈ। ਜਲਾਲਾਬਾਦ (ਸਦਰ) ਥਾਣੇ ਅਧੀਨ ਪੈਂਦੇ ਇਸ ਪਿੰਡ ਵਿਚ ਔਰਤਾਂ ‘ਤੇ ਨਸ਼ਾ ਤਸਕਰੀ ਦੇ 34 ਕੇਸ ਦਰਜ ਹੋਏ ਹਨ। ਲੰਘੇ ਦਸ ਵਰ੍ਹਿਆਂ ਵਿਚ ਇਸ ਪਿੰਡ ਦੀਆਂ ਔਰਤਾਂ ‘ਤੇ 21 ਕੇਸ ਐਨਡੀਪੀਐਸ ਐਕਟ ਅਤੇ 13 ਕੇਸ ਆਬਕਾਰੀ ਐਕਟ ਤਹਿਤ ਦਰਜ ਹੋਏ ਹਨ। ਕਾਰਨ ਕੋਈ ਵੀ ਹੋਵੇ ਪਰ ਔਰਤਾਂ ਵੱਲੋਂ ਤਸਕਰੀ ਦੇ ਰਾਹ ਪੈਣਾ ਪੰਜਾਬ ਲਈ ਖੈਰ ਨਹੀਂ। ਮੁਕਤਸਰ ਦਾ ਪਿੰਡ ਝੋਰੜ ਕਦੇ ਨਰਮੇ ਦੀ ਦੇਸੀ ਕਿਸਮ ‘ਝੋਰੜ’ ਵਜੋਂ ਮਸ਼ਹੂਰ ਸੀ। ਹੁਣ ਕੁਝ ਔਰਤਾਂ ਨੇ ਪਿੰਡ ਝੋਰੜ ਨੂੰ ਸ਼ਰਮਸਾਰ ਕਰ ਦਿੱਤਾ ਹੈ। ਲੰਘੇ ਦਹਾਕੇ ਵਿਚ ਝੋਰੜ ਦੇ ਵਸਨੀਕਾਂ ‘ਤੇ ਤਸਕਰੀ ਦੇ 24 ਕੇਸ ਦਰਜ ਹੋਏ ਹਨ, ਜਿਨ੍ਹਾਂ ਵਿਚੋਂ 13 ਕੇਸ ਔਰਤਾਂ ‘ਤੇ ਦਰਜ ਹੋਏ ਹਨ। ਰਾਣੀ ਨਾਂ ਦੀ ਔਰਤ ‘ਤੇ ਤਕਰੀਬਨ ਪੰਜ ਕੇਸ ਦਰਜ ਹੋਏ ਹਨ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਦੋਨਾ ਖੁਰਦ ਦੀਆਂ ਔਰਤਾਂ ‘ਤੇ ਤਸਕਰੀ ਦੇ 65 ਕੇਸ ਦਰਜ ਹੋਏ ਹਨ। ਫਿਰੋਜ਼ਪੁਰ ਦੇ ਪਿੰਡ ਖਿਲਚੀਆਂ ਕਦੀਮ ਦੀ ਛਿੰਦੋ ‘ਤੇ ਐਕਸਾਈਜ਼ ਐਕਟ ਤਹਿਤ 9 ਕੇਸ ਦਰਜ ਹੋਏ ਹਨ। ਮੋਗਾ ਜ਼ਿਲ੍ਹੇ ਦਾ ਪਿੰਡ ਦੌਲੇਵਾਲਾ ਤਾਂ ਤਸਕਰਾਂ ਦੀ ਰਾਜਧਾਨੀ ਹੈ। ਇਸ ਪਿੰਡ ਦੇ 75 ਫ਼ੀਸਦ ਘਰ ਤਸਕਰੀ ਕਰਦੇ ਹਨ। ਇਸ ਪਿੰਡ ਦੀਆਂ ਔਰਤਾਂ ‘ਤੇ 80 ਕੇਸ ਦਰਜ ਹਨ, ਜਿਨ੍ਹਾਂ ਵਿਚੋਂ ਦਰਜਨ ਕੇਸ ਸਮੈਕ ਤਸਕਰੀ ਦੇ ਹਨ। ਥਾਣਾ ਮਮਦੋਟ ਅਧੀਨ ਪੈਂਦੇ ਪਿੰਡ ਛਾਂਗਾ ਖੁਰਦ ਵਿਚ ਚਾਰ ਔਰਤਾਂ ‘ਤੇ 10 ਕੇਸ ਐਕਸਾਈਜ਼ ਐਕਟ ਤਹਿਤ ਦਰਜ ਹੋਏ ਹਨ। ਲੰਘੇ ਦਹਾਕੇ ਦੌਰਾਨ ਔਰਤਾਂ ‘ਤੇ ਬਠਿੰਡਾ ਦੇ ਥਾਣਾ ਸੰਗਤ ‘ਚ 26 ਕੇਸ ਅਤੇ ਥਾਣਾ ਸਦਰ ‘ਚ 16 ਕੇਸ ਦਰਜ ਹੋਏ ਹਨ।
ਤਸਕਰੀ ‘ਚ ਸ਼ਾਮਲ ਅੰਦਾਜ਼ਨ 20 ਫ਼ੀਸਦ ਔਰਤਾਂ ਵਿਧਵਾ ਹਨ ਅਤੇ 30 ਫ਼ੀਸਦੀ ਔਰਤਾਂ ਦੇ ਪਤੀ ਵੀ ਤਸਕਰੀ ਦੇ ਧੰਦੇ ਵਿੱਚ ਹਨ। ਇਕੱਲੇ ਮੁਕਤਸਰ ਜ਼ਿਲ੍ਹੇ ‘ਚ ਲੰਘੇ ਦਹਾਕੇ ਦੌਰਾਨ ਔਰਤਾਂ ‘ਤੇ ਤਸਕਰੀ ਦੇ 160 ਕੇਸ ਦਰਜ ਹੋਏ ਹਨ ਜਦੋਂ ਕਿ ਫਿਰੋਜ਼ਪੁਰ ਵਿਚ ਔਰਤਾਂ ‘ਤੇ ਕਰੀਬ 200 ਕੇਸ ਦਰਜ ਹੋਏ ਹਨ।
ਦੋਆਬੇ ਵਿਚੋਂ ਜਲੰਧਰ (ਦਿਹਾਤੀ) ਤੇ ਸ਼ਹੀਦ ਭਗਤ ਸਿੰਘ ਨਗਰ ਅੱਗੇ ਹਨ, ਜਿਥੇ ਔਰਤਾਂ ‘ਤੇ ਤਸਕਰੀ ਦੇ ਕਰੀਬ 500 ਕੇਸ ਦਰਜ ਹੋਏ ਹਨ। ਬਠਿੰਡਾ ਜ਼ਿਲ੍ਹੇ ਵਿਚ ਔਰਤਾਂ ‘ਤੇ ਤਸਕਰੀ ਦੇ ਸਵਾ ਸੌ ਕੇਸ ਦਰਜ ਹੋਏ ਹਨ। ਬਰਨਾਲਾ ਜ਼ਿਲ੍ਹੇ ਵਿਚ ਔਰਤਾਂ ‘ਤੇ ਦਰਜ ਤਸਕਰੀ ਦੇ ਕੇਸਾਂ ਦੀ ਗਿਣਤੀ 100 ਤੋਂ ਉਪਰ ਹੈ। ਦੋਆਬੇ ਵਿੱਚ ਸੈਂਸੀ ਭਾਈਚਾਰੇ ਅਤੇ ਮਾਲਵੇ ਵਿਚ ਦਲਿਤ ਵਰਗ ਦੀਆਂ ਔਰਤਾਂ ‘ਤਸਕਰੀ’ ਕਰਨ ਲਈ ਮਜਬੂਰ ਹੋਈਆਂ ਹਨ।
ਰੁਝਾਨ ਫਿਕਰਮੰਦੀ ਵਾਲਾ ਨਹੀਂ: ਛੀਨਾ
ਬਠਿੰਡਾ ਜ਼ੋਨ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਔਰਤਾਂ ਵਿਚ ਤਸਕਰੀ ਦਾ ਰੁਝਾਨ ਬਹੁਤ ਹੀ ਘੱਟ ਹੈ। ਔਰਤ ਤਸਕਰਾਂ ਦੀ ਗਿਣਤੀ ਨਾ-ਮਾਤਰ ਹੈ। ਉਨ੍ਹਾਂ ਕਿਹਾ ਕਿ ਉਹੀ ਔਰਤਾਂ ਇਸ ਪਾਸੇ ਆਈਆਂ ਹਨ, ਜਿਨ੍ਹਾਂ ਦੇ ਪਤੀ ਪਹਿਲਾਂ ਹੀ ਇਸ ਧੰਦੇ ਵਿੱਚ ਸਨ। ਉਨ੍ਹਾਂ ਕਿਹਾ ਕਿ ਪਿੰਡ ਦੌਲੇਵਾਲਾ ਵਿਚ ਔਰਤਾਂ ਦੀ ਸ਼ਮੂਲੀਅਤ ਵੱਡੀ ਹੈ ਉਥੇ ਪੁਲਿਸ ਚੌਕੀ ਸਥਾਪਤ ਕੀਤੀ ਗਈ ਹੈ।

Check Also

ਚੋਣਾਂ ਨੇੜੇ ਆਉਂਦੀਆਂ ਦੇਖ ਸਿਆਸੀ ਆਗੂਆਂ ਨੇ ਡੇਰਿਆਂ ਦੇ ਚੱਕਰ ਲਗਾਉਣੇ ਕੀਤੇ ਸ਼ੁਰੂ

ਪ੍ਰਤਾਪ ਬਾਜਵਾ, ਪ੍ਰਨੀਤ ਕੌਰ ਤੇ ਕੁਲਦੀਪ ਧਾਲੀਵਾਲ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ …