-12.2 C
Toronto
Thursday, January 29, 2026
spot_img
HomeUncategorizedਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਜ਼ੂਮ-ਸਮਾਗਮ ਵਿਚ ਮਿੰਨੀ ਕਹਾਣੀਕਾਰ ਡਾ. ਸ਼ਿਆਮ...

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਜ਼ੂਮ-ਸਮਾਗਮ ਵਿਚ ਮਿੰਨੀ ਕਹਾਣੀਕਾਰ ਡਾ. ਸ਼ਿਆਮ ਦੀਪਤੀ ਨਾਲ ਹੋਇਆ ਭਾਵਪੂਰਤ ਰੂ-ਬ-ਰੂ

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 21 ਨਵੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਕਰਵਾਏ ਗਏ ਜ਼ੂਮ-ਸਮਾਗਮ ਵਿਚ ਪੰਜਾਬੀ ਦੇ ਉੱਘੇ ਮਿੰਨੀ-ਕਹਾਣੀਕਾਰ ਡਾ. ਸ਼ਿਆਮ ਦੀਪਤੀ ਨਾਲ ਰੂ-ਬ-ਰੂ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੇ ਆਰੰਭ ਵਿਚ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਅੰਮ੍ਰਿਤਸਰ ਤੋਂ ਜ਼ੂਮ ਮਾਧਿਅਮ ਨਾਲ ਜੁੜੇ ਮੁੱਖ-ਮਹਿਮਾਨ ਡਾ. ਸ਼ਿਆਮ ਦੀਪਤੀ ਅਤੇ ਸਮਾਗਮ ਵਿਚ ਹਾਜ਼ਰ ਮੈਂਬਰਾਂ ਤੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਨਿੱਘੀ ਜੀ-ਆਇਆਂ ਕਹੀ ਗਈ। ਉਪਰੰਤ, ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਨੇ ਮੁੱਖ-ਬੁਲਾਰੇ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਡਾ. ਦੀਪਤੀ ਜਿੱਥੇ ਡਾਕਟਰੀ ਪੇਸ਼ੇ ਦੇ ਮਾਹਿਰ ਹਨ, ਉੱਥੇ ਉਨ੍ਹਾਂ ਨੇ ਮਿੰਨੀ ਕਹਾਣੀ ਦੇ ਖ਼ੇਤਰ ਵਿਚ ਵੀ ਆਪਣਾ ਵਿਸ਼ੇਸ਼ ਮੁਕਾਮ ਬਣਾਇਆ ਹੈ। ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਉਨ੍ਹਾਂ ਦੀਆਂ ਮਿੰਨੀ-ਕਹਾਣੀਆਂ ਥੋੜ੍ਹੇ ਜਿਹੇ ਸ਼ਬਦਾਂ ਵਿਚ ਬਹੁਤ ਵੱਡੇ ਸੁਨੇਹੇ ਦੇ ਜਾਂਦੀਆਂ ਹਨ। ਉਨ੍ਹਾਂ ਡਾ. ਦੀਪਤੀ ਨਾਲ ਜੁੜੀਆਂ ਕੁਝ ਨਿੱਜੀ ਯਾਦਾਂ ਵੀ ਤਾਜ਼ਾ ਕੀਤੀਆਂ।
ਆਪਣੇ ਬਾਰੇ ਗੱਲ ਕਰਦਿਆਂ ਡਾ. ਦੀਪਤੀ ਨੇ ਕਿਹਾ ਕਿ ਕਮਿਊਨਿਟੀ ਮੈਡੀਸੀਨ ਦੇ ਡਾਕਟਰ ਹੋਣ ਦੇ ਨਾਤੇ ਉਨ੍ਹਾਂ ਦਾ ਲੋਕਾਂ ਨਾਲ ਸਿੱਧਾ ਵਾਹ ਪੈਂਦਾ ਰਿਹਾ ਹੈ ਜਿਸ ਕਰਕੇ ਉਨ੍ਹਾਂ ਨੂੰ ਆਮ ਲੋਕਾਂ ਦੇ ਦੁੱਖਾਂ ਤੇ ਤਕਲੀਫ਼ਾਂ ਬਾਰੇ ਸਹੀ ਜਾਣਕਾਰੀ ਮਿਲਦੀ ਰਹੀ ਜੋ ਉਨ੍ਹਾਂ ਦੀਆਂ ਮਿੰਨੀ-ਕਹਾਣੀਆਂ ਦੇ ਵਿਸ਼ੇ ਵੀ ਬਣੀ। ਉਨ੍ਹਾਂ ਦੱਸਿਆ ਕਿ ਸ਼ੁਰੂ-ਸ਼ੁਰੂ ਵਿਚ ਉਨ੍ਹਾਂ ਨੇ ਕੁਝ ਕਵਿਤਾਵਾਂ ਵੀ ਲਿਖੀਆਂ ਅਤੇ ਫਿਰ ਪੰਜਾਬੀ ਦੇ ਮੈਗ਼ਜ਼ੀਨ ઑਜਾਗ੍ਰਤੀ਼ ਦੇ ਸੰਪਾਦਕ ਦੀ ਪ੍ਰੇਰਨਾ ਨਾਲ ਡਾਕਟਰੀ ਵਿਸ਼ਿਆਂ ਬਾਰੇ ਕੁਝ ਲੇਖ ਲਿਖੇ। ਮਨੋਵਿਗਿਆਨ ਨਾਲ ਬੰਧਿਤ ਕੁਝ ਆਰਟੀਕਲ ਕਈ ਰਸਾਲਿਆਂ ਵਿਚ ਛਪੇ ਪਰ ਬਾਅਦ ਵਿਚ ਉਨ੍ਹਾਂ ਦਾ ਮੁਹਾਣ ਮਿੰਨੀ-ਕਹਾਣੀਆਂ ਲਿਖਣ ਵੱਲ ਹੋ ਗਿਆ। ਡਾਕਟਰੀ ਪੇਸ਼ੇ ਦੀ ਗੱਲ ਕਰਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਇਹ ਬੜੀ ਦੁਖਦਾਈ ਗੱਲ ਹੈ ਕਿ ਸਾਡੇ ਬਹੁਤ ਸਾਰੇ ਡਾਕਟਰਾਂ ਨੇ ਇਸ ਸੇਵਾ ਭਾਵ ਵਾਲੇ ਪੇਸ਼ੇ ਨੂੰ ਬਿਜ਼ਨੈੱਸ ਬਣਾ ਦਿੱਤਾ ਹੈ। ਪ੍ਰਾਈਵੇਟ ਹਸਪਤਾਲਾਂ ਵਿਚ ਬਹੁਤ ਮਹਿੰਗਾ ਇਲਾਜ ਹੋ ਰਿਹਾ ਹੈ ਅਤੇ ਸਰਕਾਰੀ ਹਸਪਤਾਲਾਂ ਵਿਚ ਕੰਮ ਕਰਦੇ ਕਈ ਡਾਕਟਰ ਵੀ ਇਨ੍ਹਾਂ ਵਿਚ ਚੋਖੀ ਕਮਾਈ ਕਰ ਰਹੇ ਹਨ। ਆਪਣੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਐੱਮ.ਬੀ.ਬੀ.ਐੱਸ.ਕਰਨ ਤੋਂ ਬਾਅਦ ਕਮਿਊਨਿਟੀ ਮੈਡੀਸਨ ਵਿਚ ਐੱਮ.ਡੀ. ਕੀਤੀ। ਵੱਖ-ਵੱਖ ਮੈਡੀਕਲ ਕਾਲਜਾਂ ਵਿਚ ਇਹ ਵਿਸ਼ਾ ਪੜ੍ਹਾਇਆ ਹੈ ਅਤੇ ਕੋਈ ਵੀ ਪ੍ਰਾਈਵੇਟ ਪ੍ਰੈਕਟਿਸ ਨਹੀਂ ਕੀਤੀ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਨੈਸ਼ਨਲ ਮੈਡੀਕਲ ਪਾਲਿਸੀ, ਚਾਈਲਡ ਕੇਅਰ, ਮਾਲ ਨਿਊਟ੍ਰੇਸ਼ਨ, ਆਦਿ ਵਿਸ਼ਿਆਂ ਬਾਰੇ ਵੀ ਵੱਡਮੁਲੀ ਜਾਣਕਾਰੀ ਸਾਂਝੀ ਕੀਤੀ। ਉਪਰੰਤ, ਪ੍ਰੋ. ਰਾਮ ਸਿੰਘ, ਡਾ. ਜਗਮੋਹਨ ਸੰਘਾ, ਨਛੱਤਰ ਸਿੰਘ ਬਦੇਸ਼ਾ, ਤਲਵਿੰਦਰ ਸਿੰਘ ਮੰਡ, ਪਰਮਜੀਤ ਸਿੰਘ ਗਿੱਲ, ਬਲਦੇਵ ਸਿੰਘ ਰਹਿਪਾ, ਪਿਆਰਾ ਸਿੰਘ ਕੁੱਦੋਵਾਲ, ਅਤੇ ਡਾ. ਸੁਖਦੇਵ ਸਿੰਘ ਝੰਡ ਵੱਲੋਂ ਪੁੱਛੇ ਗਏ ਕਈ ਸੁਆਲਾਂ ਦੇ ਜੁਆਬ ਉਨ੍ਹਾਂ ਵੱਲੋਂ ਵਿਸਥਾਰ ਸਹਿਤ ਤਸੱਲੀ-ਪੂਰਵਕ ਦਿੱਤੇ ਗਏ।
ਸਮਾਗਮ ਦੇ ਦੂਸਰੇ ਭਾਗ ਵਿਚ ਤਲਵਿੰਦਰ ਮੰਡ ਵੱਲੋਂ ਕਵੀ-ਦਰਬਾਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਭਾ ਦੀਆਂ ਮੀਟਿੰਗਾਂ ਵਿਚ ਸਰਗਰਮ ਰਹੇ ਮੈਂਬਰ ਉੱਘੇ ਗੀਤਕਾਰ ਸੁਖਮਿੰਦਰ ਰਾਮਪੁਰੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਜੋ ਬੀਤੇ ਦਿਨੀਂ ਬਰੈਂਪਟਨ ਵਿਚ ਸਵਰਗ ਸਿਧਾਰ ਗਏ ਹਨ। ਕਵੀ-ਦਰਬਾਰ ਦੇ ਆਰੰਭ ਵਿਚ ਇਕਬਾਲ ਬਰਾੜ ਨੇ ਆਪਣੀ ਸੁਰੀਲੀ ਆਵਾਜ਼ ਵਿਚ ਗੀਤ ”ਸਾਰਾ ਸਾਰਾ ਦਿਨ, ਤੇਰੇ ਬਿਨ, ਦਿਨ ਨਹੀਂ ਗੁਜ਼ਰਦਾ ਯਾਰਾ” ਗਾ ਕੇ ਰਾਮਪੁਰੀ ਜੀ ਨੂੰ ਯਾਦ ਕੀਤਾ। ਉਪਰੰਤ, ਡਾ. ਦੀਪਤੀ ਨੇ ਆਪਣੀਆਂ ਦੋ ਮਿੰਨੀ ਕਹਾਣੀਆਂ ਸੁਣਾਈਆਂ ਅਤੇ ਫਿਰ ਕਵਿਤਾਵਾਂ-ਗੀਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਜਿਸ ਵਿਚ ਮਕਸੂਦ ਚੌਧਰੀ, ਪਿਆਰਾ ਸਿੰਘ ਕੁੱਦੋਵਾਲ, ਪਰਮਜੀਤ ਸਿੰਘ ਗਿੱਲ, ਹਰਜਸਪ੍ਰੀਤ ਗਿੱਲ, ਮਲੂਕ ਸਿੰਘ ਕਾਹਲੋਂ, ਸੁਖਦੇਵ ਸਿੰਘ ਝੰਡ, ਤਲਵਿੰਦਰ ਮੰਡ ਅਤੇ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ਗਏ। ਹਾਜ਼ਰੀਨ ਵਿਚਾਂ ਵਿਚ ਕੰਪਿਊਟਰ ਮਾਹਿਰ ਕ੍ਰਿਪਾਲ ਸਿੰਘ ਪੰਨੂੰ, ਤਰਕਸ਼ੀਲ ਨੇਤਾ ਬਲਦੇਵ ਰਹਿਪਾ, ਨਛੱਤਰ ਸਿੰਘ ਬਦੇਸ਼ਾ, ਕੁਲਵਿੰਦਰ ਖਹਿਰਾ, ਗੁਰਚਰਨ ਸਿੰਘ ਖੱਖ, ਗੁਰਮੀਤ ਪਨਾਗ, ਰਵਿੰਦਰ ਭਾਟੀਆ, ਪਰਮਜੀਤ ਦਿਓਲ ਸਮੇਤ ਕਈ ਹੋਰ ਸ਼ਾਮਲ ਸਨ। ਅਖ਼ੀਰ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਨੇ ਵੱਡਮੁੱਲੇ ਵਿਚਾਰ ਪੇਸ਼ ਕਰਨ ਲਈ ਮੁੱਖ-ਬੁਲਾਰੇ ਡਾ. ਦੀਪਤੀ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਬੇਸ਼ਕ ਉਨ੍ਹਾਂ ਵੱਲੋਂ ਮਿੰਨੀ ਕਹਾਣੀ ਬਾਰੇ ਵਧੇਰੇ ਚਰਚਾ ਨਹੀਂ ਕੀਤੀ ਗਈ ਪਰ ਡਾਕਟਰੀ ਪੇਸ਼ੇ ਨਾਲ ਜੁੜੀਆਂ ਉਨ੍ਹਾਂ ਨੇ ਬੜੀਆਂ ਮੁੱਲਵਾਨ ਗੱਲਾਂ ਕੀਤੀਆਂ ਹਨ। ਉਨ੍ਹਾਂ ਵੱਲੋਂ ਮੰਚ-ਸੰਚਾਲਕ ਤਲਵਿੰਦਰ ਮੰਡ ਅਤੇ ਸਮੂਹ ਮੈਂਬਰਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

RELATED ARTICLES

POPULAR POSTS