Breaking News
Home / ਪੰਜਾਬ / ਜੱਲ੍ਹਿਆਂਵਾਲਾ ਬਾਗ਼ ਦੀ ਇਤਿਹਾਸਕ ਵਿਰਾਸਤ ਨਾਲ ਛੇੜਛਾੜ ਦਾ ਆਰੋਪ

ਜੱਲ੍ਹਿਆਂਵਾਲਾ ਬਾਗ਼ ਦੀ ਇਤਿਹਾਸਕ ਵਿਰਾਸਤ ਨਾਲ ਛੇੜਛਾੜ ਦਾ ਆਰੋਪ

ਵਫਦ ਨੇ ਜੱਲ੍ਹਿਆਂਵਾਲਾ ਬਾਗ਼ ਨੂੰ ਆਮ ਲੋਕਾਂ ਲਈ ਖੋਲ੍ਹਣ ਦੀ ਕੀਤੀ ਮੰਗ
ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਵਫ਼ਦ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਜੱਲ੍ਹਿਆਂਵਾਲਾ ਬਾਗ਼ ਅੰਦਰ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਨਾਂ ਹੇਠ ਇਤਿਹਾਸਕ ਵਿਰਾਸਤ ਨਾਲ ਛੇੜ-ਛਾੜ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਜੱਲ੍ਹਿਆਂਵਾਲਾ ਬਾਗ਼ ਜਾ ਕੇ ਆਏ ਵਫ਼ਦ ਵਿੱਚ ਸ਼ਾਮਲ ਕਮੇਟੀ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ, ਵਿੱਤ ਸਕੱਤਰ ਰਣਜੀਤ ਸਿੰਘ ਔਲਖ, ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਸ਼ਾਮਲ ਸਨ। ਵਫ਼ਦ ਨੇ ਕਮੇਟੀ ਨੂੰ ਦੱਸਿਆ ਕਿ ਜੱਲ੍ਹਿਆਂਵਾਲਾ ਬਾਗ਼ ਦੇ ਇੱਕੋ-ਇੱਕ ਪ੍ਰਵੇਸ਼ ਦੁਆਰ ਨੂੰ ਅੰਦਰੋਂ ਬੰਦ ਕੀਤਾ ਹੋਇਆ ਹੈ ਤੇ ਅੰਦਰ ਪੁਲਿਸ ਗਾਰਦ ਲੱਗੀ ਹੋਈ ਹੈ। ਪੁਲਿਸ ਨੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਗਏ ਵਫ਼ਦ ਨੂੰ ਜੱਲ੍ਹਿਆਂਵਾਲਾ ਬਾਗ਼ ਅੰਦਰ ਨਹੀਂ ਜਾਣ ਦਿੱਤਾ। ਇਸੇ ਦੌਰਾਨ ਦਰਵਾਜ਼ੇ ਦੀਆਂ ਝੀਥਾਂ ਵਿੱਚੀਂ ਹੀ ਵਫ਼ਦ ਨੇ ਪੁਲਿਸ ਗਾਰਦ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਮਜਬੂਰੀ ਜ਼ਾਹਰ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਹੁਕਮ ਹੈ ਕਿ ਉਹ ਦਰਵਾਜ਼ਾ ਖੋਲ੍ਹ ਕੇ ਕਿਸੇ ਵੀ ਦਰਸ਼ਕ ਜਾਂ ਵਫ਼ਦ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਦੇ ਸਕਦੇ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਮੇਟੀ ‘ਚ ਵਫ਼ਦ ਦੀ ਰਿਪੋਰਟ ‘ਤੇ ਹੋਈ ਵਿਚਾਰ-ਚਰਚਾ ਉਪਰੰਤ ਮੰਗ ਕੀਤੀ ਕਿ ਖ਼ਦਸ਼ੇ ਦੂਰ ਕਰਨ ਲਈ ਜੱਲ੍ਹਿਆਂਵਾਲਾ ਬਾਗ਼ ਨੂੰ ਲੋਕਾਂ ਲਈ ਖੋਲ੍ਹਿਆ ਜਾਵੇ। ਕਮੇਟੀ ਨੇ ਕਿਹਾ ਕਿ ਜੇਕਰ ਗੋਲੀਆਂ ਦੇ ਨਿਸ਼ਾਨ, ਸ਼ਹੀਦੀ ਖੂਹ, ਦੀਵਾਰਾਂ, ਫਾਇਰਿੰਗ ਸਥਾਨ, ਪ੍ਰਮਾਣਿਕ ਇਤਿਹਾਸ ਨੂੰ ਰੱਦੋ ਬਦਲ ਕਰਕੇ ਜਾਂ ਲਾਈਟ ਐਂਡ ਸਾਊਂਡ ਪ੍ਰੋਗਰਾਮ ਜ਼ਰੀਏ ਇਤਿਹਾਸ ਦਾ ਹੁਲੀਆ ਵਿਗਾੜਨ ਦਾ ਯਤਨ ਹੋਇਆ ਤਾਂ ਇਸ ਵਿਰੁੱਧ ਉੱਠਣ ਵਾਲੀ ਆਵਾਜ਼ ਦਾ ਸਰਕਾਰ, ਪ੍ਰਬੰਧਕੀ ਕਮੇਟੀ ਤੇ ਪ੍ਰਸ਼ਾਸਨ ਨੂੰ ਸਾਹਮਣਾ ਕਰਨਾ ਪਵੇਗਾ। ਕਮੇਟੀ ਨੇ ਮੰਗ ਕੀਤੀ ਕਿ ਬਾਗ਼ ਅੰਦਰ ਦੋ ਸਾਲ ਤੋਂ ਦਾਖ਼ਲਾ ਬੰਦ ਕਰ ਕੇ ਕੀਤੇ ਜਾ ਰਹੇ ਕੰਮ ਬਾਰੇ ਤੁਰੰਤ ਕਮੇਟੀ ਤੇ ਲੋਕਾਂ ਲਈ ਜਾਣਕਾਰੀ ਜਨਤਕ ਕੀਤੀ ਜਾਵੇ। ਕਮੇਟੀ ਨੇ ਸੋਹਣ ਲਾਲ ਪਾਠਕ ਪੱਟੀ, ਤਰਨਤਾਰਨ ਦੀ ਸ਼ਹੀਦੀ ਸਮਾਰਕ ਨਾਲ ਛੇੜ-ਛਾੜ ਬੰਦ ਕਰਨ ਦੀ ਮੰਗ ਕੀਤੀ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …