ਖਹਿਰਾ ਵਲੋਂ ਪਾਰਟੀ ਰਜਿਸਟਰਡ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਪ੍ਰਧਾਨ ਲਈ ਸਨਕਦੀਪ ਸਿੰਘ ਦਾ ਨਾਮ ਭੇਜਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਅਤੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਸੁਖਪਾਲ ਸਿੰਘ ਖਹਿਰਾ ਵੱਲੋਂ ਬਣਾਈ ਗਈ ਨਵੀਂ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਖੁਦ ਖਹਿਰਾ ਹਨ ਜਾਂ ਫਿਰ ਸਨਕਦੀਪ ਸਿੰਘ ਸੰਧੂ? ਇਸ ਗੱਲ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਵੱਡਾ ਭੰਬਲਭੂਸਾ ਪੈਦਾ ਹੋ ਗਿਆ ਹੈ ਕਿਉਂਕਿ ਖੁਲਾਸਾ ਹੋਇਆ ਹੈ ਕਿ ਖਹਿਰਾ ਵੱਲੋਂ ਪਾਰਟੀ ਰਜਿਸਟਰਡ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਭੇਜੇ ਗਏ ਦਸਤਾਵੇਜ਼ਾਂ ਵਿੱਚ ਪ੍ਰਧਾਨ ਸਨਕਦੀਪ ਸਿੰਘ ਸੰਧੂ ਨੂੰ ਦਿਖਾਇਆ ਗਿਆ ਹੈ।
ਸਨਕਦੀਪ ਸੰਧੂ ‘ਆਪ’ ਦਾ ਜ਼ਿਲ੍ਹਾ ਫਰੀਦਕੋਟ ਦਾ ਪ੍ਰਧਾਨ ਸੀ ਅਤੇ ਖਹਿਰਾ ਵੱਲੋਂ ਪਾਰਟੀ ਤੋਂ ਬਗਾਵਤ ਕੀਤੇ ਜਾਣ ਵੇਲੇ ਸੰਧੂ ਨੇ ਵੀ ਪਾਰਟੀ ਛੱਡ ਕੇ ਪੰਜਾਬ ਏਕਤਾ ਪਾਰਟੀ ਦਾ ਪੱਲਾ ਫੜ ਲਿਆ ਸੀ। ਖਹਿਰਾ ਨੇ ਸੰਧੂ ਨੂੰ ਆਪਣਾ ਸਿਆਸੀ ਸਕੱਤਰ ਬਣਾਇਆ ਸੀ। ਦਰਅਸਲ ਚੋਣ ਕਮਿਸ਼ਨ ਨੇ ਕਿਸੇ ਵੀ ਪਾਰਟੀ ਨੂੰ ਰਜਿਸਟਰਡ ਕਰਨ ਤੋਂ ਪਹਿਲਾਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇਣਾ ਹੁੰਦਾ ਹੈ। ਇਸ ਸਬੰਧ ਵਿਚ ਜਦੋਂ ਚੋਣ ਕਮਿਸ਼ਨ ਨੇ ਇਸ ਪਾਰਟੀ ਬਾਰੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਜਾਰੀ ਕੀਤੇ ਤਾਂ ਖੁਲਾਸਾ ਹੋਇਆ ਕਿ ਪਾਰਟੀ ਦੇ ਅਧਿਕਾਰਤ ਪ੍ਰਧਾਨ ਖਹਿਰਾ ਨਹੀਂ ਸਗੋਂ ਸਨਕਦੀਪ ਸੰਧੂ ਹਨ। ਕਾਗਜ਼ਾਂ ਵਿੱਚ ਜਸਵੰਤ ਸਿੰਘ ਨੂੰ ਜਨਰਲ ਸਕੱਤਰ ਤੇ ਕੁਲਦੀਪ ਸਿੰਘ ਨੂੰ ਖ਼ਜ਼ਾਨਚੀ ਦਿਖਾਇਆ ਗਿਆ ਹੈ। ਦੱਸਣਯੋਗ ਹੈ ਕਿ ਆਪਣੀ ਨਵੀਂ ਪਾਰਟੀ ਬਣਾਉਣ ਤੋਂ ਬਾਅਦ ਖਹਿਰਾ ਹੀ ਪੂਰੀ ਤਰ੍ਹਾਂ ਇਸ ਦੀ ਕਮਾਂਡ ਕਰ ਰਹੇ ਹਨ ਅਤੇ ਹੋਰ ਪਾਰਟੀਆਂ ਨਾਲ ਗੱਠਜੋੜ ਕਰਨ ਤੇ ਟਿਕਟਾਂ ਵੰਡਣ ਆਦਿ ਦੇ ਸਾਰੇ ਅਧਿਕਾਰ ਉਹ ਖੁਦ ਹੀ ਵਰਤ ਰਹੇ ਹਨ।
ਦੂਸਰੇ ਪਾਸੇ ਕਾਗਜ਼ਾਂ ਵਿੱਚ ਪਾਰਟੀ ਦੇ ਪ੍ਰਧਾਨ ਦਰਸਾਏ ਗਏ ਸਨਕਦੀਪ ਸੰਧੂ ਨੂੰ ਪਾਰਟੀ ਦੀ ਕਿਸੇ ਵੀ ਅਹਿਮ ਸਰਗਰਮੀ ਵਿੱਚ ਨਹੀਂ ਦੇਖਿਆ ਗਿਆ। ਦੱਸਣਯੋਗ ਹੈ ਕਿ ਜਦੋਂ ਖਹਿਰਾ ਨੇ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ ਤਾਂ ਉਨ੍ਹਾਂ ਹੋਰ ਆਗੂਆਂ ਤੋਂ ਆਪਣੇ ਆਪ ਨੂੰ ‘ਐਡਹਾਕ’ ਪ੍ਰਧਾਨ ਹੋਣ ਦੀ ਹਾਂ ਕਰਵਾਈ ਸੀ। ਖਹਿਰਾ ਵੱਲੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਉਨ੍ਹਾਂ ਨੂੰ ਇਸ ਸਬੰਧ ਵਿੱਚ ਕਈ ਨੋਟਿਸ ਭੇਜੇ ਹਨ।
ਰਾਣਾ ਨੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਕਿਹਾ ਸੀ ਕਿ ਖਹਿਰਾ ਨੂੰ ਕਈ ਨੋਟਿਸ ਭੇਜੇ ਗਏ ਹਨ ਪਰ ਉਹ ਲੈ ਨਹੀਂ ਰਹੇ, ਜਿਸ ਕਾਰਨ ਹੁਣ ਜਨਤਕ ਨੋਟਿਸ ਦੇਣ ਦੀ ਪ੍ਰਕਿਰਿਆ ਚਲਾਈ ਜਾਵੇਗੀ। ਇਸ ਖੁਲਾਸੇ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਅਜਿਹੇ ਸ਼ੰਕੇ ਪੈਦਾ ਹੋਏ ਹਨ ਕਿ ਖਹਿਰਾ ਕਾਨੂੰਨੀ ਤਕਨੀਕਾਂ ਰਾਹੀਂ ਅਸਤੀਫਾ ਦੇਣ ਦੇ ਬਾਵਜੂਦ ਆਪਣੀ ਵਿਧਾਨ ਸਭਾ ਦੀ ਮੈਂਬਰਸ਼ਿਪ ਬਚਾਉਣ ਦਾ ਦਾਅ ਖੇਡ ਰਹੇ ਹਨ।
ਏਜੰਟ ਨੇ ਦਿੱਤਾ ਧੋਖਾ : ਵਰਕ ਦੀ ਬਜਾਏ ਟੂਰਿਸਟ ਵੀਜ਼ੇ ‘ਤੇ ਭੇਜਿਆ
ਜਲੰਧਰ ਦੇ ਨੌਜਵਾਨ ਸਮੇਤ 3 ਮਲੇਸ਼ੀਆ ‘ਚ ਫਸੇ, ਫੜੇ ਜਾਣ ਦੇ ਡਰੋਂ ਰਹਿ ਰਹੇ ਹਨ ਲੁਕ ਕੇ
ਸੰਗਰੂਰ/ਬਿਊਰੋ ਨਿਊਜ਼ : ਟਰੈਵਲ ਏਜੰਟਾਂ ਦੇ ਝਾਂਸੇ ਵਿਚ ਆ ਕੇ 6 ਮਹੀਨੇ ਪਹਿਲਾਂ ਰੋਜ਼ਗਾਰ ਲਈ ਮਲੇਸ਼ੀਆ ਭੇਜੇ ਗਏ ਦੋ ਨੌਜਵਾਨ ਅਤੇ ਇਕ ਲੜਕੀ ਕੰਮ ਨਾ ਮਿਲਣ ਦੇ ਕਾਰਨ ਮਲੇਸ਼ੀਆ ਵਿਚ ਫਸ ਗਏ ਹਨ। ਪੀੜਤਾਂ ਨੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਵੀਡੀਓ ਅਤੇ ਪੱਤਰ ਭੇਜ ਕੇ ਹਾਲਾਤ ਤੋਂ ਜਾਣੂ ਕਰਵਾ ਕੇ ਦੇਸ਼ ਵਾਪਸ ਲਿਆਉਣ ਦੀ ਗੁਹਾਰ ਲਗਾਈ ਹੈ। ਮੰਗਲਵਾਰ ਨੂੰ ਇਕ ਪੀੜਤ ਨੌਜਵਾਨ ਦੇ ਦਾਦਾ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਨੌਜਵਾਨਾਂ ਨੂੰ ਦੇਸ਼ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ। ਲੁਧਿਆਣਾ ਨੇੜਲੇ ਪਿੰਡ ਭੱਦੀਵਾਲ ਨਿਵਾਸੀ ਧਨਵੰਤ ਸਿੰਘ ਨੇ ਵੀਡੀਓ ਵਿਚ ਦੱਸਿਆ ਕਿ ਮਲੇਸ਼ੀਆ ਵਿਚ ਉਸ ਨਾਲ ਜਲੰਧਰ ਦਾ ਵਿਕਾਸ ਅਤੇ ਇਕ ਲੜਕੀ ਨਵਦੀਪ ਕੌਰ ਫਸੇ ਹੋਏ ਹਨ। ਏਜੰਟ ਉਨ੍ਹਾਂ ਨੂੰ ਮਲੇਸ਼ੀਆ ਵਿਚ 11 ਮਹੀਨੇ ਦੇ ਵਰਕ ਪਰਮਿਟ ‘ਤੇ ਲੈ ਕੇ ਆਇਆ ਸੀ, ਪਰੰਤੂ ਇੱਥੇ ਤਿੰਨ ਮਹੀਨੇ ਇਕ ਰੈਸਟੋਰੈਂਟ ਵਿਚ ਕੰਮ ਕਰਵਾਉਣ ਤੋਂ ਬਾਅਦ ਏਜੰਟ ਗਾਇਬ ਹੋ ਗਿਆ। ਉਨ੍ਹਾਂ ਤਿੰਨ ਮਹੀਨੇ ਦੇ ਕੰਮ ਦੇ ਪੈਸੇ ਤੱਕ ਨਹੀਂ ਦਿੱਤੇ। ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਉਸਦੇ ਪਾਸਪੋਰਟ ‘ਤੇ ਤਿੰਨ ਮਹੀਨੇ ਦਾ ਵਰਕ ਵੀਜ਼ਾ ਲੱਗਾ ਹੈ। ਹੁਣ ਉਸਦੇ ਕੋਲ ਮਲੇਸ਼ੀਆ ਵਿਚ ਰਹਿਣ ਅਤੇ ਖਾਣ ਲਈ ਕੁਝ ਵੀ ਨਹੀਂ ਹੈ। ਉਹ ਮਲੇਸ਼ੀਆ ਪੁਲਿਸ ਕੋਲੋਂ ਲੁਕ ਕੇ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਹਰ ਸਮੇਂ ਗ੍ਰਿਫਤਾਰੀ ਦਾ ਡਰ ਸਤਾ ਰਿਹਾ ਹੈ।
ਧਨਵੰਤ ਕੋਲੋਂ ਏਜੰਟ ਨੇ ਲਏ ਸਨ ਇਕ ਲੱਖ ਰੁਪਏ
ਭਗਵੰਤ ਮਾਨ ਨੂੰ ਮਿਲਣ ਪਹੁੰਚੇ ਭੱਦੀਵਾਲ (ਸਾਹਨੇਵਾਲ) ਨਿਵਾਸੀ ਬਜ਼ੁਰਗ ਗੁਰਮੇਲ ਸਿੰਘ ਨੇ ਦੱਸਿਆ ਕਿ ਉਸਦਾ ਪੋਤਾ ਧਨਵੰਤ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਹੈ। ਛੇ ਮਹੀਨੇ ਪਹਿਲਾਂ ਉਸ ਨੇ ਰਾਏਕੋਟ ਦੇ ਇਕ ਏਜੰਟ ਨਾਲ ਸੰਪਰਕ ਕੀਤਾ। ਏਜੰਟ ਨੇ ਇਕ ਲੱਖ ਰੁਪਏ ਲੈ ਕੇ ਉਸ ਨੂੰ ਮਲੇਸ਼ੀਆ ਭੇਜ ਦਿੱਤਾ। ਵਾਅਦਾ ਕੀਤਾ ਕਿ 11 ਮਹੀਨੇ ਦਾ ਵਰਕ ਪਰਮਿਟ ਮਿਲੇਗਾ, ਪਰੰਤੂ ਮਲੇਸ਼ੀਆ ਜਾ ਕੇ ਪਤਾ ਲੱਗਾ ਕਿ ਉਸ ਨੂੰ ਤਿੰਨ ਮਹੀਨੇ ਦੇ ਟੂਰਿਸਟ ਵੀਜ਼ੇ ‘ਤੇ ਭੇਜਿਆ ਗਿਆ ਹੈ। ਇਸੇ ਤਰ੍ਹਾਂ ਨਵਦੀਪ ਅਤੇ ਵਿਕਾਸ ਕੋਲੋਂ ਵੀ ਏਜੰਟਾਂ ਨੇ ਇੰਨੇ ਹੀ ਪੈਸੇ ਲਏ ਹਨ।
ਵਿਦੇਸ਼ ਮੰਤਰਾਲੇ ਨਾਲ ਕਰਾਂਗੇ ਸੰਪਰਕ : ਭਗਵੰਤ ਮਾਨ
ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੀੜਤਾਂ ਨੂੰ ਜਿਸ ਏਜੰਟ ਨੇ ਮਲੇਸ਼ੀਆ ਭੇਜਿਆ ਸੀ, ਉਸਦਾ ਪਤਾ ਅਤੇ ਨੰਬਰ ਮੰਗਿਆ ਗਿਆ ਹੈ। ਨਾਲ ਹੀ ਨੌਜਵਾਨਾਂ ਦੇ ਜ਼ਰੂਰੀ ਕਾਗਜ਼ਾਤ ਵੀ ਮੰਗੇ ਗਏ ਹਨ। ਇਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਕੇ ਪੀੜਤਾਂ ਨੂੰ ਦੇਸ਼ ਲਿਆਂਦਾ ਜਾਵੇਗਾ ਅਤੇ ਧੋਖਾਧੜੀ ਕਰਨ ਵਾਲੇ ਏਜੰਟਾਂ ‘ਤੇ ਕਾਰਵਾਈ ਲਈ ਲਿਖਿਆ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ‘ਸਿੱਟ’ ਦਾ ਕੀਤਾ ਬਾਈਕਾਟ
ਕਿਹਾ – ਸਿਆਸੀ ਦਬਾਅ ਹੇਠ ਕੰਮ ਕਰ ਰਹੇ ਹਨ ਕੁੰਵਰ ਵਿਜੇ ਪ੍ਰਤਾਪ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਚੰਡੀਗੜ੍ਹ ਵਿਚ ਇਕ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਅਕਾਲੀ ਆਗੂਆਂ ਨੇ ਐਸ.ਆਈ.ਟੀ. (ਸਿੱਟ) ਦਾ ਬਾਈਕਾਟ ਕਰਨ ਦਾ ਐਲਾਨ ਕੀਤਾ। ਇਸ ਪ੍ਰੈਸ ਕਾਨਫਰੰਸ ਵਿਚ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਸ਼ਾਮਲ ਸਨ। ਇਨ੍ਹਾਂ ਆਗੂਆਂ ਨੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ‘ਸਿੱਟ’ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਉਹ ਸਿਆਸੀ ਦਬਾਅ ਹੇਠ ਕੰਮ ਕਰ ਰਹੇ ਹਨ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …