Breaking News
Home / ਘਰ ਪਰਿਵਾਰ / ਮਨੁੱਖ ਅਤੇ ਪਸ਼ੂ ਵਿਚ ਫ਼ਰਕ

ਮਨੁੱਖ ਅਤੇ ਪਸ਼ੂ ਵਿਚ ਫ਼ਰਕ

ਪ੍ਰਿੰਸੀਪਲ ਗੁਰਦੇਵ ਸਿੰਘ ਧਾਲੀਵਾਲ
(905) 459-4664
ਪਰਮਾਤਮਾ ਨੇ ਇਸ ਸੰਸਾਰ ਦੀ ਰਚਨਾ ਕੀਤੀ। 84 ਲੱਖ ਜੂਨਾਂ ਪੈਦਾ ਕੀਤੀਆਂ। ਬਾਕੀ ਸਭ ਜੀਵਾਂ ਨੂੰ ਜੀਵਤ ਰੱਖਣ ਲਈ ਗਿਆਨ ਬਖਸ਼ਿਆ। ਪਰ ਮਨੁੱਖ ਨੂੰ ਇਨ੍ਹਾਂ ਸਾਰੀਆਂ ਜੂਨਾਂ ਦਾ ਸਰਦਾਰ ਥਾਪਿਆ ਗਿਆ। ਇਸ ਨੂੰ ਚੰਗੇ ਮਾੜੇ ਦੇ ਫ਼ਰਕ ਦਾ ਪਤਾ ਹੁੰਦਾ ਹੈ। ਜੇਕਰ ਮਨੁੱਖ ਗਿਆਨ ਦੀ ਸਹੀ ਵਰਤੋਂ ਕਰਨ ਲੱਗ ਜਾਏ, ਮਾੜੇ ਕਰਮਾਂ ਦਾ ਤਿਆਗ ਕਰਕੇ, ਸ਼ੁੱਭ ਕਰਮਾਂ ਦਾ ਧਾਰਨੀ ਬਣੇ ਤਾਂ ਉਹ ਸਹੀ ਅਰਥਾਂ ਵਿਚ ਮਨੁੱਖ ਕਹਾਉਣ ਦਾ ਹੱਕਦਾਰ ਹੈ।
ਸਹੀ ਗਿਆਨ ਅਤੇ ਸੂਝ ਬੂਝ ਤੋਂ ਬਿਨਾਂ ਬਾਕੀ ਬਹੁਤ ਪੱਖ ਪਸ਼ੂਆਂ ਨਾਲ ਸਾਂਝੇ ਹਨ। ਪਸ਼ੂ ਵੀ ਸੌਂਦੇ ਹਨ, ਮਨੁੱਖ ਵੀ ਆਰਾਮ ਕਰਦਾ ਹੈ। ਪਸ਼ੂ ਚਾਰਾ ਖਾ ਕੇ ਗੁਜ਼ਾਰਾ ਕਰਦਾ ਹੈ, ਮਨੁੱਖ ਵੀ ਖਾਣਾ ਖਾ ਕੇ ਪੇਟ ਦੀ ਤ੍ਰਿਪਤੀ ਕਰਦਾ ਹੈ। ਪਸ਼ੂ ਵੀ ਸੰਤਾਨ ਪੈਦਾ ਕਰਦਾ ਹੈ, ਮਨੁੱਖ ਵੀ ਆਪਣੀ ਕੁਲ ਵਿਚ ਵਾਧਾ ਕਰਦਾ ਹੈ। ਜੇਕਰ ਮਨੁੱਖ ਸਹੀ ਗਿਆਨ ਦੀ ਵਰਤੋਂ ਵਲੋਂ ਅੱਖਾਂ ਮੀਟ ਲੈਂਦਾਹੈ ਤਾਂ ਮਨੁੱਖ ਅਤੇ ਪਸ਼ੂ ਵਿਚ ਕੋਈ ਫ਼ਰਕ ਨਹੀਂ ਰਹਿ ਜਾਂਦਾ। ਗੁਰਬਾਣੀ ਦਾ ਕਥਨ ਹੈ:-
ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ ॥
ਸਾਰੀਆਂ ਜੂਨਾਂ ਦੀ ਸਿਰਤਾਜ ਜੂਨ ਮਨੁੱਖ ਜੂਨ ਹੀ ਹੈ ਜਿਸ ਨੂੰ ਪਰਮਾਤਮਾ ਨੇ ਬਿਬੇਕ ਬੁੱਧੀ ਬਖਸ਼ੀ ਹੋਈ ਹੈ। ਇਸ ਨੂੰ ਸੰਸਾਰ ਵਿਚ ਅਤੇ ਸਮਾਜ ਵਿਚ ਨਿਯਮਬੱਧ ਢੰਗ ਨਾਲ ਵਿਚਰਨ ਲਈ ਨਿਯਮ ਬਣਾਏ ਗਏ ਹਨ। ਚੋਰੀਆਂ, ਡਾਕੇ, ਕਤਲੋਗਾਰਤ ਕਰਨ ਵਾਲਿਆਂ ਲਈ ਸਜ਼ਾਵਾਂ ਨਿਯਤ ਕੀਤੀਆਂ ਗਈਆਂ ਹਨ। ਸਰਕਾਰਾਂ ਵਲੋਂ ਥਾਣੇ, ਕਚਹਿਰੀਆਂ, ਜੇਲ੍ਹਾਂ ਦਾ ਪ੍ਰਬੰਧ ਕੀਤਾ ਹੋਇਆ ਹੈ।
ਮਨੁੱਖਾਂ ਦੀ ਜੀਵਨ ਉਸਾਰੀ ਦੀ ਸਫਲਤਾ ਲਈ ਪਰਮਾਤਮਾ ਵਲੋਂ ਪੀਰਾਂ, ਪੈਗੰਬਰਾਂ, ਭਗਤਾਂ, ਗੁਰੂ ਸਾਹਿਬਾਨਾਂ ਆਦਿ ਦੀਆਂ ਸਹੂਲਤਾਂ ਮਨੁੱਖ ਨੂੰ ਸਹੀ ਜੀਵਨ ਸੇਧ ਦੇਣ ਲਈ ਹਾਸਲ ਸਨ। ਸਾਰੇ ਧਰਮਾਂ ਵਲੋਂ ਆਪੋ ਆਪਣੇ ਧਰਮਾਂ ਦੀਆਂ ਧਾਰਮਿਕ ਪੋਥੀਆਂ ਅਤੇ ਧਰਮ ਗ੍ਰੰਥ ਮੌਜੂਦ ਹਨ। ਸਿੱਖ ਧਰਮ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਹੂਲਤ ਉਪਲਬਧ ਹੈ। ਗੁਰਬਾਣੀ ਨੂੰ ਪੜ੍ਹ ਕੇ, ਵੀਚਾਰ ਕੇ, ਅਮਲ ਕਰਕੇ ਮਨੁੱਖ ਦਾ ਕਲਿਆਣ ਹੋ ਸਕਦਾ ਹੈ। ਪਵਿੱਤਰ ਗੁਰਬਾਣੀ ਮਨੁੱਖ ਨੂੰ ਸੱਚੇ-ਸੁੱਚੇ ਹਿਰਦੇ ਨਾਲ ਨਾਮ ਜਪਣ ਦੀ ਤਾਕੀਦ ਕਰਦੀ ਹੈ।
ਜਿਹੜੇ ਮਨੁੱਖ ਨਾ ਪਰਮਾਤਮਾ ਦੀ ਸਿਫਤ ਸਾਲਾਹ ਕਰਦੇ ਹਨ ਆੇ ਨਾ ਹੀ ਸੇਵਾ ਸਿਮਰਨ ਕਰਦੇ ਹਨ। ਐਸੇ ਮਨੁੱਖ, ਪਸ਼ੂਆਂ, ਪੰਛੀਆਂ, ਰੀਂਘਣ ਵਾਲੀਆਂ ਜੂਨਾਂ ਤੋਂ ਵੀ ਮਾੜੇ ਹਨ। ਇਸ ਸੰਬੰਧ ਵਿਚ ਗੁਰਬਾਣੀ ਦਾ ਫੁਰਮਾਨ ਹੈ:-
ਦੁਲਭ ਦੇਹ ਪਾਈ ਵਡਭਾਗੀ॥ ਨਾਮੁ ਨ ਜਪਹਿ ਤੇ ਆਤਮ ਘਾਤੀ॥1॥
ਮਰਿ ਨ ਜਾਹੀ ਜਿਨਾ ਬਿਸਰਤ ਰਾਮ॥ ਨਾਮ ਬਿਹੂਨ ਜੀਵਨ ਕਉਨ ਕਾਮ॥1॥ਰਹਾਉ॥
ਖਾਤ ਪੀਤ ਖੇਲਤ ਹਸਤ ਬਿਸਥਾਰ॥ ਕਵਨ ਅਰਥ ਮਿਰਤਕ ਸੀਗਾਰ॥2॥
ਜੋ ਨ ਸੁਨਹਿ ਜਸੁ ਪਰਮਾਨੰਦਾ॥ ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ॥3॥
ਪਵਿੱਤਰ ਗੁਰਬਾਣੀ ਰਾਹੀਂ ਸਪੱਸ਼ਟ ਹੋ ਗਿਆ ਹੈ ਕਿ ਇਹ ਜਨਮ ਵੱਡੇ ਭਾਗਾਂ ਨਾਲ ਪ੍ਰਾਪਤ ਹੋਇਆ ਹੈ। ਜੋ ਵਿਅਕਤੀ ਨਾਮ ਜਪਣ ਤੋਂ ਸੱਖਣਾ ਹੈ, ਉਹ ਆਪਣੇ ਜੀਵਨ ਨੂੰ ਬਰਬਾਦ ਕਰ ਰਿਹਾ ਹੈ। ਉਹ ਮਨੁੱਖ ਪਸ਼ੂ ਪੰਛੀਆਂ ਦੇ ਨਿਆਈਂ ਹੈ।
ਐ ਮਨੁੱਖ! ਤੂੰ ਇਸ ਸੰਸਾਰ ਤੇ ਕੁਝ ਨੇਕ ਕੰਮ ਕਰਨ ਲਈ ਆਇਆ ਹੈਂ। ਸੇਵਾ, ਸਿਮਰਨ, ਸ਼ੁੱਭ ਕਰਮ ਕਰਨੇ, ਲੋੜਵੰਦਾਂ ਦੀ ਸਹਾਇਤਾ ਕਰਨਾ, ਅਤੇ ਆਪਣੇ ਜੀਵਨ ਨੂੰ ਸੰਵਾਰਨ ਦੇ ਕਾਰਜ ਜ਼ਰੂਰੀ ਹਨ। ਗੁਰਬਾਣੀ ਦਾ ਕਥਨ ਹੈ:-
ਪ੍ਰਾਣੀ ਤੂੰ ਆਇਆ ਲਾਹਾ ਲੈਣਿ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ॥
ਪਸ਼ੂ ਚਾਰਾ ਖਾ ਕੇ ਵੀ ਅੰਮ੍ਰਿਤਮਈ ਦੁੱਧ ਦਿੰਦੇ ਹਨ, ਪਰ ਨਾਮ ਵਿਹੂਣੇ ਮਨੁੱਖ ਦਾ ਜੀਵਨ ਧ੍ਰਿਗ ਹੈ। ਇਸ ਪ੍ਰਥਾਇ ਗੁਰਬਾਣੀ ਦਾ ਕਥਨ ਹੈ:-
ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ॥
ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ॥
ਭਾਵ: ਪਸ਼ੂ ਚਾਰਾ ਖਾ ਕੇ ਵੀ ਅੰਮ੍ਰਿਤਮਈ ਦੁੱਧ ਦਿੰਦੇ ਹਨ, ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ। ਪਰ ਮਨੁੱਖ ਦਾ ਜੀਵਨ ਫਿਟਕਾਰਾਂ ਲਾਇਕ ਹੈ। ਜੋ ਪਰਮਾਤਮਾ ਦਾ ਨਾਮ ਵਿਸਾਰ ਕੇ ਹੋਰ ਵਾਧੂ ਕੰਮਾਂ ਕਾਰਾਂ ਵਿਚ ਜੀਵਨ ਅਜਾਈਂ ਗਵਾ ਰਿਹਾ ਹੈ।

Check Also

ਵਾਲਾਂ ਦਾ ਝੜਨਾ : ਕਾਰਨਾਂ ਨੂੰ ਸਮਝਣਾ

ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …