![](https://parvasinewspaper.com/wp-content/uploads/2020/09/15_53_368505739fzr4-ll-300x214.jpg)
ਕਿਸਾਨਾਂ ਦੇ ਹੱਕ ‘ਚ ਭਾਜਪਾ ਨੂੰ ਛੱਡ ਕੇ ਸਾਰੀਆਂ ਰਾਜਸੀ ਪਾਰਟੀਆਂ ਨਿੱਤਰੀਆਂ
ਕੈਪਟਨ ਅਮਰਿੰਦਰ ਨੇ ਕੋਵਿਡ 19 ਦੇ ਨੇਮਾਂ ਦਾ ਧਿਆਨ ਰੱਖਣ ਦੀ ਕੀਤੀ ਸੀ ਅਪੀਲ
ਚੰਡੀਗੜ੍ਹ/ਬਿਊਰੋ ਨਿਊਜ਼
ਕਿਸਾਨ ਵਿਰੋਧੀ ਤਿੰਨ ਖੇਤੀ ਆਰਡੀਨੈਂਸ ਲੋਕ ਸਭਾ ਅਤੇ ਰਾਜ ਸਭਾ ਵਿਚ ਪਾਸ ਹੋ ਚੁੱਕੇ ਹਨ ਅਤੇ ਜਦੋਂ ਇਨ੍ਹਾਂ ਬਿੱਲਾਂ ‘ਤੇ ਰਾਸ਼ਟਰਪਤੀ ਦੀ ਮੋਹਰ ਲੱਗ ਗਈ ਤਾਂ ਇਹ ਕਾਨੂੰਨ ਬਣ ਜਾਣਗੇ। ਇਨ੍ਹਾਂ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਅੱਜ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਬੰਦ ਦਾ ਸੱਦਾ ਗਿਆ ਸੀ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਪੰਜਾਬ ਪੂਰਨ ਤੌਰ ‘ਤੇ ਬੰਦ ਰਿਹਾ। ਕਿਸਾਨਾਂ ਨੇ ਸਵੇਰ ਤੋਂ ਹੀ ਸੜਕਾਂ ‘ਤੇ ਪਹੁੰਚ ਕੇ ਧਰਨੇ ਲਗਾ ਦਿੱਤੇ ਅਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਪੁਤਲੇ ਫੂਕੇ। ਪੰਜਾਬ ਤੋਂ ਇਲਾਵਾ ਹਰਿਆਣਾ ਵਿਚ ਵੀ ਬੰਦ ਨੂੰ ਪੂਰਨ ਹੁੰਗਾਰਾ ਮਿਲਿਆ ਅਤੇ ਭਾਰਤ ਦੇ ਹੋਰ ਵੀ ਕਈ ਸੂਬਿਆਂ ਵਿਚ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ ਕੀਤੇ। ਧਿਆਨ ਰਹੇ ਕਿ ਕਿਸਾਨ ਜਥੇਬੰਦੀਆਂ ਨੇ ਰੇਲ ਟਰੈਕਾਂ ‘ਤੇ ਤਾਂ ਲੰਘੇ ਕੱਲ੍ਹ ਤੋਂ ਤਿੰਨ ਦਿਨਾਂ ਲਈ ਪੱਕੇ ਮੋਰਚੇ ਲਗਾਏ ਹੋਏ ਹਨ। ਜਿਸ ਨੂੰ ਦੇਖਦਿਆਂ ਰੇਲਵੇ ਵਿਭਾਗ ਨੇ ਭਲਕੇ 26 ਸਤੰਬਰ ਤੱਕ ਪੰਜਾਬ ਵਿਚ ਰੇਲਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੋਇਆ ਹੈ। ਕਿਸਾਨਾਂ ਦੇ ਧਰਨਿਆਂ ਵਿਚ ਭਾਜਪਾ ਨੂੰ ਛੱਡ ਕੇ ਸਾਰੀਆਂ ਰਾਜਨੀਤਕ ਪਾਰਟੀਆਂ, ਸਾਹਿਤਕ ਜਥੇਬੰਦੀਆਂ, ਸਮਾਜ ਸੇਵੀ ਜਥੇਬੰਦੀਆਂ, ਪੰਜਾਬੀ ਗਾਇਕ ਤੇ ਕਲਾਕਾਰਾਂ ਸਮੇਤ ਸਾਰੀਆਂ ਟਰੇਡ ਯੂਨੀਅਨਾਂ ਨੇ ਸ਼ਮੂਲੀਅਤ ਕੀਤੀ ਅਤੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਇਸ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਕੋਵਿਡ-19 ਦੇ ਨੇਮਾਂ ਦਾ ਧਿਆਨ ਰੱਖਣ ਅਤੇ ਮਾਸਕ ਜ਼ਰੂਰ ਪਹਿਨਣ।