‘ਆਪ’ ਅਤੇ ਕਾਂਗਰਸ ਨੂੰ ਹਾਈਕੋਰਟ ਨੇ ਨਹੀਂ ਦਿੱਤਾ ਸਟੇਅ-ਪ੍ਰਸ਼ਾਸਨ ਕੋਲੋਂ 3 ਹਫਤਿਆਂ ’ਚ ਮੰਗਿਆ ਜਵਾਬ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਹੋਈ ਚੋਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਅੱਜ ਬੁੱਧਵਾਰ ਨੂੰ ਸੁਣਵਾਈ ਹੋਈ ਹੈ, ਜਿਸ ਦੌਰਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ‘ਇੰਡੀਆ’ ਗਠਜੋੜ ਨੂੰ ਝਟਕਾ ਲੱਗਾ ਹੈ। ਹਾਈਕੋਰਟ ਨੇ ਮੇਅਰ ਚੋਣ ਨੂੰ ਲੈ ਕੇ ਕੋਈ ਸਟੇਅ ਨਹੀਂ ਲਗਾਇਆ ਅਤੇ ਹਾਈਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਕੋਲੋਂ 3 ਹਫਤਿਆਂ ਵਿਚ ਇਸਦੀ ਪੂਰੀ ਰਿਪੋਰਟ ਮੰਗੀ ਹੈ। ਧਿਆਨ ਰਹੇ ਕਿ ਲੰਘੇ ਕੱਲ੍ਹ 30 ਜਨਵਰੀ ਨੂੰ ਚੰਡੀਗੜ੍ਹ ਵਿਚ ਮੇਅਰ ਦੀ ਚੋਣ ਨੂੰ ਲੈ ਕੇ ਵੋਟਿੰਗ ਹੋਈ ਸੀ, ਜਿਸ ਦੌਰਾਨ ਭਾਜਪਾ ਦੇ ਮਨੋਜ ਸੋਨਕਰ 4 ਵੋਟਾਂ ਨਾਲ ਜਿੱਤ ਕੇ ਮੇਅਰ ਬਣੇ ਸਨ। ਹਾਲਾਂਕਿ ਭਾਜਪਾ ਕੋਲ ਸੰਸਦ ਮੈਂਬਰ ਅਤੇ ਕੌਂਸਲਰਾਂ ਨੂੰ ਮਿਲਾ ਕੇ ਕੁੱਲ 15 ਵੋਟਾਂ ਹੀ ਸਨ ਅਤੇ ਇਕ ਵੋਟ ਉਨ੍ਹਾਂ ਨੂੰ ਅਕਾਲੀ ਦਲ ਦਾ ਵੀ ਮਿਲ ਗਿਆ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵਾਂ ਦੀਆਂ ਮਿਲਾ ਕੇ 20 ਵੋਟਾਂ ਸਨ, ਪਰ ਇਨ੍ਹਾਂ ਵਿਚੋਂ ਚੋਣ ਅਧਿਕਾਰੀ ਅਨਿਲ ਮਸੀਹ ਨੇ 8 ਵੋਟਾਂ ਅਨਵੈਲਿਡ ਕਰਾਰ ਦੇ ਦਿੱਤੀਆਂ ਸਨ। ਇਸ ਦੇ ਚੱਲਦਿਆਂ ਭਾਜਪਾ ਦੇ ਉਮੀਦਵਾਰ ਮਨੋਜ ਸੋਨਕਰ ਨੂੰ 16 ਅਤੇ ‘ਆਪ’ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਕੁਲਦੀਪ ਕੁਮਾਰ ਟੀਟਾ ਨੂੰ 12 ਵੋਟਾਂ ਪਈਆਂ ਸਨ। ਸੀਨੀਅਰ ਡਿਪਟੀ ਮੇਅਰ ਕੁਲਜੀਤ ਸਿੰਘ ਸੰਧੂ ਅਤੇ ਡਿਪਟੀ ਮੇਅਰ ਰਾਜਿੰਦਰ ਸਿੰਘ ਬਣੇ ਹਨ ਅਤੇ ਹੁਣ ਇਹ ਤਿੰਨੋਂ ਅਹੁਦੇ ਭਾਜਪਾ ਕੋਲ ਹਨ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਭਾਜਪਾ ’ਤੇ ਧੱਕੇਸ਼ਾਹੀ ਦੇ ਆਰੋਪ ਲਗਾਉਂਦਿਆਂ ਹਾਈਕੋਰਟ ਦਾ ਰੁਖ ਕੀਤਾ ਅਤੇ ਇਹ ਚੋਣ ਰੱਦ ਕਰਨ ਦੀ ਮੰਗ ਕੀਤੀ ਸੀ।