ਕਿਹਾ – ਕੈਪਟਨ ਸਰਕਾਰ ਵਾਂਗ ਅਫਸਰਾਂ ’ਤੇ ਨਿਰਭਰ ਨਹੀਂ ਹੋਵੇਗੀ ਸਰਕਾਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ’ਚ ਸਰਕਾਰ ’ਤੇ ਅਫਸਰਸ਼ਾਹੀ ਦੇ ਹਾਵੀ ਹੋਣ ਦੇ ਦਾਗ ਤੋਂ ਮੁਕਤੀ ਲਈ ਮੰਤਰੀ ਪਰਗਟ ਸਿੰਘ ਨੇ ਵੱਡਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਕੂਲ ਸਿੱਖਿਆ, ਉਚ ਸਿੱਖਿਆ, ਖੇਡਾਂ ਅਤੇ ਐਨ.ਆਰ.ਆਈ. ਨਾਲ ਜੁੜੇ ਮਾਮਲਿਆਂ ਲਈ ਮਾਹਿਰਾਂ ਦੀ ਕਮੇਟੀ ਬਣੇਗੀ। ਇਸ ਵਿਚ ਆਪਣੇ-ਆਪਣੇ ਖੇਤਰ ਦੇ ਮਾਹਿਰਾਂ ਨੂੰ ਸ਼ਾਮਲ ਕੀਤਾ ਜਾਵੇਗਾ, ਤਾਂ ਜੋ ਵਿਭਾਗ ਦੇ ਕੰਮਕਾਜ ਲਈ ਸਰਕਾਰ ਸਿਰਫ ਅਫਸਰਾਂ ’ਤੇ ਹੀ ਨਿਰਭਰ ਨਾ ਰਹਿ ਸਕੇ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਦੇ ਮੁੱਖ ਮੰਤਰੀ ਰਹਿੰਦੇ ਹੋਏ ਪਰਗਟ ਸਿੰਘ ਖੁਦ ਵੀ ਅਫਸਰਾਂ ਦੇ ਰਵੱਈਏ ਨੂੰ ਲੈ ਕੇ ਸਵਾਲ ਚੁੱਕਦੇ ਰਹੇ ਹਨ। ਪਰਗਟ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਵਾਂਗ ਹੁਣ ਅਫਸਰਾਂ ’ਤੇ ਨਿਰਭਰ ਨਹੀਂ ਹੋਵੇਗੀ ਸਰਕਾਰ। ਪਰਗਟ ਸਿੰਘ ਹੋਰਾਂ ਨੇ ਕਿਹਾ ਕਿ ਐਨ.ਆਰ.ਆਈ. ਮਾਮਲਿਆਂ ਲਈ ਐਨ.ਆਰ.ਆਈਜ਼ ਨੂੰ ਹੀ ਕਮੇਟੀ ’ਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਵੀਂ ਸਰਕਾਰ ਕੋਲੋਂ ਬਹੁਤ ਉਮੀਦਾਂ ਹਨ, ਜਿਸ ਲਈ ਸਰਕਾਰ ਨੂੰ ਸਖਤ ਮਿਹਨਤ ਦੀ ਜ਼ਰੂਰਤ ਹੈ।