Breaking News
Home / ਪੰਜਾਬ / ਕਿਸਾਨਾਂ ਤੇ ਸਰਕਾਰ ਦਰਮਿਆਨ ਰੇੜਕਾ ਖਤਮ

ਕਿਸਾਨਾਂ ਤੇ ਸਰਕਾਰ ਦਰਮਿਆਨ ਰੇੜਕਾ ਖਤਮ

ਪੰਜਾਬ ਵਿੱਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਲੱਗ ਰਹੇ ਹਨ ਜਾਮ
ਫਗਵਾੜਾ/ਬਿਊਰੋ ਨਿਊਜ਼ : ਪੰਜਾਬ ‘ਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਕਿਸਾਨਾਂ ਤੇ ਪੰਜਾਬ ਸਰਕਾਰ ਦਰਮਿਆਨ ਸਹਿਮਤੀ ਬਣ ਗਈ ਹੈ ਤੇ ਕਿਸਾਨਾਂ ਨੇ ਹੁਣ ਪੰਜਾਬ ਭਰ ਵਿਚ ਜਾਮ ਕੀਤੇ ਹਾਈਵੇਅ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ।
ਫਗਵਾੜਾ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਖੁਰਾਕ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਹੋਰ ਅਧਿਕਾਰੀਆਂ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ।
ਇਸ ਮੌਕੇ ਉਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਭਰੋਸਾ ਦਿੱਤਾ ਕਿ ਜੇ ਕਿਸੇ ਵੀ ਮਿੱਲਰ ਜਾਂ ਆੜ੍ਹਤੀਏ ਨੇ ਕਿਸਾਨਾਂ ਦੀ ਫ਼ਸਲ ‘ਤੇ ਕੋਈ ਕੱਟ ਲਗਾਇਆ ਹੈ ਤਾਂ ਉਸ ਦੀ ਸ਼ਿਕਾਇਤ ਆਉਣ ‘ਤੇ ਤੁਰੰਤ ਕਾਰਵਾਈ ਕਰ ਕੇ ਕੱਟ ਦੀ ਭਰਪਾਈ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਹੁਣ ਤੱਕ 3850 ਮਿੱਲਰਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਤੇ ਤਿੰਨ ਹਜ਼ਾਰ ਮਿੱਲਰਾਂ ਨੂੰ ਕੰਮ ਅਲਾਟ ਕੀਤੇ ਗਏ ਹਨ ਤੇ 2800 ਮਿੱਲਰ ਖ਼ਰੀਦੋ ਫ਼ਰੋਖਤ ਕਰ ਰਹੇ ਹਨ। ਖੇਤੀਬਾੜੀ ਮੰਤਰੀ ਖੁੱਡੀਆਂ ਨੇ ਦੱਸਿਆ ਕਿ ਕਈ ਕਿਸਾਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਡੀਏਪੀ ਖਾਦ ਨਾਲ ਹੋਰ ਸਾਮਾਨ ਵੀ ਜਬਰੀ ਦਿੱਤਾ ਜਾ ਰਿਹਾ ਹੈ ਜਿਸ ‘ਤੇ ਸਰਕਾਰ ਸਖ਼ਤੀ ਨਾਲ ਨਜ਼ਰ ਰੱਖੇਗੀ।
ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ, ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਸੁਰਜੀਤ ਸਿੰਘ ਫੂਲ, ਸਤਨਾਮ ਸਿੰਘ ਬਹਿਰੂ, ਵਰਿੰਦਰ ਸਿੰਘ ਭੰਗੂ ਆਦਿ ਹਾਜ਼ਰ ਸਨ।
ਮੰਤਰੀਆਂ ਵਲੋਂ ਦਿੱਤੇ ਗਏ ਭਰੋਸੇ ਮਗਰੋਂ ਕਿਸਾਨਾਂ ਨੇ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਮੋਰਚਿਆਂ ‘ਤੇ ਜਾਮ ਨਹੀਂ ਲਗਾਇਆ ਜਾਵੇਗਾ ਤੇ ਧਰਨਿਆਂ ਦਾ ਕੰਮ ਸਿਰਫ਼ ਇਸ ਕਰਕੇ ਜਾਰੀ ਰੱਖਿਆ ਜਾਵੇਗਾ ਕਿ ਜੇ ਸਰਕਾਰ ਨੇ ਵਾਅਦੇ ਪੂਰੇ ਨਾ ਕੀਤੇ ਤਾਂ ਇਨ੍ਹਾਂ ਧਰਨਿਆਂ ਨੂੰ ਵੱਡੇ ਰੂਪ ‘ਚ ਚਲਾਇਆ ਜਾਵੇਗਾ।
ਧਰਨਾ ਖ਼ਤਮ ਹੋਣ ‘ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ
ਫਗਵਾੜਾ ਸ਼ੂਗਰ ਮਿੱਲ ਸਾਹਮਣੇ ਕਿਸਾਨਾਂ ਵਲੋਂ ਪਿਛਲੇ ਦਿਨਾਂ ਤੋਂ ਸ਼ੁਰੂ ਕੀਤੇ ਗਏ ਧਰਨੇ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਸਨ ਕਿਉਂਕਿ ਤਿਉਹਾਰਾਂ ਦੇ ਦਿਨਾਂ ‘ਚ ਲੋਕਾਂ ਦੇ ਕੰਮ ਤੇ ਰੁਝੇਵੇ ਕਾਫ਼ੀ ਵਧ ਗਏ ਹਨ। ਇਸ ਤੋਂ ਇਲਾਵਾ ਲੋਕਾਂ ਨੇ ਰੋਜ਼ ਮਰ੍ਹਾ ਦੇ ਕੰਮਾਂ ਲਈ ਵੀ ਜਾਣਾ ਹੁੰਦਾ ਹੈ ਪਰ ਰਾਹ ਬੰਦ ਹੋਣ ਕਾਰਨ ਉਨ੍ਹਾਂ ਨੂੰ ਲੰਮਾ ਰਸਤਾ ਤੈਅ ਕਰ ਕੇ ਆਪਣੀਆਂ ਮੰਜ਼ਿਲ ‘ਤੇ ਜਾਣਾ ਪੈਂਦਾ ਸੀ ਪਰ ਹੁਣ ਸਰਕਾਰ ਤੇ ਕਿਸਾਨਾਂ ਦਰਮਿਆਨ ਸਹਿਮਤੀ ਬਣਨ ਤੇ ਕਿਸਾਨਾਂ ਵੱਲੋਂ ਧਰਨਾ ਸਮਾਪਤ ਕਰਨ ਦੇ ਐਲਾਨ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ।

 

Check Also

ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ

ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …