Breaking News
Home / ਪੰਜਾਬ / ਰਵਿਦਾਸੀਆ ਭਾਈਚਾਰੇ ਦੇ ਸੱਦੇ ‘ਤੇ 13 ਅਗਸਤ ਨੂੰ ਪੰਜਾਬ ਰਿਹਾ ਪੂਰਨ ਤੌਰ ‘ਤੇ ਬੰਦ

ਰਵਿਦਾਸੀਆ ਭਾਈਚਾਰੇ ਦੇ ਸੱਦੇ ‘ਤੇ 13 ਅਗਸਤ ਨੂੰ ਪੰਜਾਬ ਰਿਹਾ ਪੂਰਨ ਤੌਰ ‘ਤੇ ਬੰਦ

ਨਰਿੰਦਰ ਮੋਦੀ ਦੇ ਪੁਤਲੇ ਫੂਕੇ ਅਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਹੋਈ ਨਾਅਰੇਬਾਜ਼ੀ

ਜਲੰਧਰ/ਬਿਊਰੋ ਨਿਊਜ਼ : ਸ੍ਰੀ ਗੁਰੂ ਰਵਿਦਾਸ ਦਾ ਦਿੱਲੀ ਦੇ ਤੁਗਲਕਾਬਾਦ ਵਿਚ ਮੰਦਰ ਤੋੜੇ ਜਾਣ ਵਿਰੁੱਧ ਦਿੱਤੇ ਗਏ 13 ਅਗਸਤ ਦੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਬੰਦ ਸ਼ਾਂਤੀਪੂਰਨ ਰਿਹਾ। ਬੰਦ ਦੌਰਾਨ ਕੌਮੀ ਮਾਰਗ, ਰਾਜ ਮਾਰਗ ਤੇ ਇੱਥੋਂ ਤੱਕ ਕਿ ਸੰਪਰਕ ਸੜਕਾਂ ਨੂੰ ਵੀ ਥਾਂ-ਥਾਂ ਤੋਂ ਬੈਰੀਕੇਡ ਲਾ ਕੇ ਰੋਕਿਆ ਗਿਆ ਸੀ। ਦਲਿਤ ਭਾਈਚਾਰੇ ਵਿਚ ਭਾਰੀ ਰੋਹ ਦੇਖਣ ਨੂੰ ਮਿਲਿਆ। ਦੋਆਬੇ ਦੇ ਚਾਰ ਜ਼ਿਲ੍ਹਿਆਂ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਵਿਚ ਕੀਤੇ ਗਏ ਰੋਸ ਪ੍ਰਦਰਸ਼ਨਾਂ ਵਿਚ ਲੋਕਾਂ ਦਾ ਗੁੱਸਾ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲ ਹੀ ਸੇਧਿਤ ਸੀ। ਰੋਸ ਧਰਨਿਆਂ ਵਿਚ ਸੱਦਾ ਦਿੱਤਾ ਗਿਆ ਕਿ 21 ਅਗਸਤ ਨੂੰ ਨਵੀਂ ਦਿੱਲੀ ਵਿਚ ਜੰਤਰ-ਮੰਤਰ ਵਿਚ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਵਿਚ ਵੀ ਦਲਿਤ ਭਾਈਚਾਰਾ ਵਧ-ਚੜ੍ਹ ਕੇ ਸ਼ਾਮਲ ਹੋਵੇ। ਬੰਦ ਦਾ ਅਸਰ ਅੰਮ੍ਰਿਤਸਰ, ਲੁਧਿਆਣਾ, ਬਠਿੰਡਾ ਤੇ ਗੁਰਦਾਸਪੁਰ, ਬਰਨਾਲਾ, ਫ਼ਿਰੋਜ਼ਪੁਰ, ਬਠਿੰਡਾ, ਮੋਗਾ ਤੇ ਫ਼ਾਜ਼ਿਲਕਾ ਵਿਚ ਵੀ ਦੇਖਣ ਨੂੰ ਮਿਲਿਆ। ਗੁਆਂਢੀ ਸੂਬੇ ਹਰਿਆਣਾ ਦੇ ਪਾਣੀਪਤ ਤੇ ਕਰਨਾਲ ਜ਼ਿਲ੍ਹਿਆਂ ਵਿਚ ਵੀ ਲੋਕਾਂ ਨੇ ਧਰਨਾ ਪ੍ਰਦਰਸ਼ਨ ਕੀਤੇ। ਪੰਜਾਬ ਬੰਦ ਦੌਰਾਨ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ, ਸਭਾ ਸੁਸਾਇਟੀਆਂ, ਡਾ. ਅੰਬੇਡਕਰ ਸਭਾਵਾਂ, ਭਗਵਾਨ ਵਾਲਮੀਕ ਸਭਾਵਾਂ, ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾ ਸੁਸਾਇਟੀ ਸਮੇਤ ਸਿੱਖ ਜਥੇਬੰਦੀਆਂ ਨੇ ਵੀ ਦਲਿਤ ਭਾਈਚਾਰੇ ਦਾ ਡੱਟ ਕੇ ਸਾਥ ਦਿੱਤਾ।

ਬੰਦ ਦੌਰਾਨ ਕੌਮੀ ਮਾਰਗ-1 ਨੂੰ ਜਾਮ ਕਰਨ ਲਈ ਰਾਮਾ ਮੰਡੀ ਚੌਕ, ਚੁਗਿੱਟੀ ਚੌਕ, ਲੰਮਾ ਪਿੰਡ ਚੌਕ, ਪਠਾਨਕੋਟ ਚੌਕ ਅਤੇ ਹੋਰ ਥਾਵਾਂ ‘ਤੇ ਰੋਕਾਂ ਲਾਈਆਂ ਗਈਆਂ ਸਨ। ਇਸ ਕਾਰਨ ਕੌਮੀ ਮਾਰਗ ‘ਤੇ ਆਵਾਜਾਈ ਠੱਪ ਹੋ ਗਈ। ਪ੍ਰਦਰਸ਼ਨ ਕਰਨ ਵਾਲਿਆਂ ਨੇ ਸੜਕਾਂ ‘ਤੇ ਹੀ ਟੈਂਟ ਗੱਡੇ ਹੋਏ ਸਨ। ਇਸੇ ਤਰ੍ਹਾਂ ਨਕੋਦਰ ਚੌਕ, ਰਵਿਦਾਸ ਚੌਕ, ਵਡਾਲਾ ਚੌਕ ਤੋਂ ਲੈ ਕੇ ਲਾਂਬੜਾ ਤੱਕ ਹਰ 200 ਮੀਟਰ ‘ਤੇ ਧਰਨਾ ਲੱਗਾ ਹੋਇਆ ਸੀ। ਦਲਿਤ ਜਥੇਬੰਦੀਆਂ ਨੇ ਇਸ ਮੌਕੇ ਪੁਤਲੇ ਵੀ ਫੂਕੇ ਤੇ ਸੜਕਾਂ ਉੱਤੇ ਟਾਇਰਾਂ ਨੂੰ ਅੱਗ ਲਾ ਦਿੱਤੀ। ਹੁਸ਼ਿਆਰਪੁਰ ਵਿਚ ਨੌਜਵਾਨਾਂ ਨੇ ਜਬਰੀ ਦੁਕਾਨਾਂ ਬੰਦ ਕਰਵਾਈਆਂ। ਸ਼ਹੀਦ ਭਗਤ ਸਿੰਘ ਨਗਰ ਵਿਚ ਦੁਕਾਨਦਾਰਾਂ ਵੱਲੋਂ ਪ੍ਰਦਰਸ਼ਨਕਾਰੀਆਂ ਦਾ ਵਿਰੋਧ ਕਰਨ ‘ਤੇ ਸਥਿਤੀ ਤਣਾਅਪੂਰਨ ਬਣ ਗਈ ਤੇ ਦੁਕਾਨਦਾਰਾਂ ਨੇ ਪ੍ਰਦਰਸ਼ਨ ਵੀ ਕੀਤਾ। ਸੂਬੇ ਦੀ ਸੱਤਾਧਾਰੀ ਧਿਰ ਕਾਂਗਰਸ ਦੇ ਵਿਧਾਇਕਾਂ ਨੇ ਰੋਸ ਪ੍ਰਦਰਸ਼ਨਾਂ ਵਿਚ ਪੂਰੀ ਸ਼ਮੂਲੀਅਤ ਕੀਤੀ। ਦੂਜੀਆਂ ਰਾਜਸੀ ਧਿਰਾਂ ਬਸਪਾ, ‘ਆਪ’, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਨੇ ਵੀ ਇਨ੍ਹਾਂ ਰੋਸ ਪ੍ਰਦਰਸ਼ਨਾਂ ਵਿਚ ਸ਼ਮੂਲੀਅਤ ਕੀਤੀ। ਦਲਿਤ ਭਾਈਚਾਰੇ ਨਾਲ ਸਬੰਧਤ ਸੰਤ ਸਮਾਜ ਦੇ ਆਗੂ ਵੀ ਇਨ੍ਹਾਂ ਰੋਸ ਪ੍ਰਦਰਸ਼ਨਾਂ ਵਿਚ ਆਪਣੀ ਹਾਜ਼ਰੀ ਭਰਦੇ ਰਹੇ। ਵਡਾਲਾ ਚੌਕ ਵਿਚ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਰੂ ਰਵਿਦਾਸ ਜੀ ਦੇ ਢਾਹੇ ਗਏ ਮੰਦਰ ਨੂੰ ਮੁੜ ਬਣਾਉਣ ਲਈ ਅਤੇ ਸੁਪਰੀਮ ਕੋਰਟ ਵਿਚ ਕਾਨੂੰਨੀ ਚਾਰਾਜੋਈ ਕਰਨ ਲਈ ਪੂਰਾ ਜ਼ੋਰ ਲਾਉਣਗੇ। ਇਸੇ ਤਰ੍ਹਾਂ ਰਵਿਦਾਸ ਚੌਕ ਵਿਚ ਕਾਂਗਰਸ ਦੇ ਵਿਧਾਇਕ ਸੁਸ਼ੀਲ ਰਿੰਕੂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੇਠ ਸੱਤਪਾਲ ਮੱਲ, ਭਾਜਪਾ ਦੇ ਰੌਬਿਨ ਸਾਂਪਲਾ, ਮਕਸੂਦਾਂ ਤੇ ਲੰਮਾ ਪਿੰਡ ਚੌਕ ਵਿਚ ਕਾਂਗਰਸ ਦੇ ਵਿਧਾਇਕ ਬਾਵਾ ਹੈਨਰੀ, ਚੁਗਿੱਟੀ ਚੌਕ ਵਿਚ ਵਿਧਾਇਕ ਰਜਿੰਦਰ ਬੇਰੀ ਤੇ ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਅਤੇ ਬਸਪਾ ਦੇ ਆਗੂ ਬਲਵਿੰਦਰ ਕੁਮਾਰ ਨੇ ਵਡਾਲਾ ਚੌਂਕ, ਬੂਟਾ ਮੰਡੀ, ਭਾਰਗੋ ਕੈਂਪ, ਭੋਗਪੁਰ, ਕਰਤਾਰਪੁਰ, ਅਲਾਵਲਪੁਰ ਤੇ ਹੋਰ ਥਾਵਾਂ ‘ਤੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਵਿਚ ਸ਼ਮੂਲੀਅਤ ਕੀਤੀ।

ਮੁਕੇਰੀਆਂ ਵਿਚ ਪ੍ਰਦਰਸ਼ਨਕਾਰੀਆਂ ਅਤੇ ਦੁਕਾਨਦਾਰਾਂ ‘ਚ ਝੜਪਾਂ

ਮੁਕੇਰੀਆਂ : ਸ੍ਰੀ ਗੁਰੂ ਰਵਿਦਾਸ ਮੰਦਰ ਢਾਹੁਣ ਖ਼ਿਲਾਫ਼ ਅੱਜ ਪੰਜਾਬ ਬੰਦ ਦੇ ਦਿੱਤੇ ਸੱਦੇ ਦੌਰਾਨ ਕਸਬਾ ਮਾਨਸਰ ਵਿਚ ਦੁਕਾਨਦਾਰਾਂ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋ ਗਈ। ਤਣਾਅ ਵਧਣ ਤੇ ਪੱਥਰਬਾਜ਼ੀ ਹੋਣ ‘ਤੇ ਮੌਕੇ ‘ਤੇ ਪੁੱਜੇ ਐੱਸਪੀ (ਐਚ) ਬਲਵੀਰ ਸਿੰਘ ਨੂੰ ਭੀੜ ਖਿੰਡਾਉਣ ਲਈ ਹਵਾਈ ਫਾਇਰ ਕਰਨੇ ਪਏ। ਇਸ ਟਕਰਾਅ ਵਿਚ ਕਰੀਬ 8 ਵਿਅਕਤੀ ਜ਼ਖ਼ਮੀ ਹੋ ਗਏ। ਵੇਰਵਿਆਂ ਮੁਤਾਬਕ ਰਵਿਦਾਸ ਸੇਵਕ ਸਭਾਵਾਂ, ਬਸਪਾ ਅਤੇ ਵਾਲਮੀਕ ਭਾਈਚਾਰੇ ਵਲੋਂ ਮੁਕੇਰੀਆਂ ਦੇ ਸਿਵਲ ਹਸਪਤਾਲ ਚੌਕ ਵਿੱਚ ਜਾਮ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਜਦ ਪ੍ਰਦਰਸ਼ਨਕਾਰੀਆਂ ਨੂੰ ਕਸਬਾ ਮਾਨਸਰ ਦੇ ਬਾਜ਼ਾਰ ਖੁੱਲ੍ਹੇ ਹੋਣ ਬਾਰੇ ਪਤਾ ਲੱਗਾ ਤਾਂ ਕੁਝ ਪ੍ਰਦਰਸ਼ਨਕਾਰੀ 8-10 ਮੋਟਰ ਸਾਈਕਲਾਂ ‘ਤੇ ਉੱਥੇ ਪੁੱਜ ਕੇ ਦੁਕਾਨਾਂ ਬੰਦ ਕਰਾਉਣ ਲੱਗੇ ਤੇ ਤਿੱਖੀ ਝੜਪ ਹੋ ਗਈ। ਮਾਨਸਰ ਦੇ ਦੁਕਾਨਦਾਰ ਕੁਲਦੀਪ ਸਿੰਘ, ਪੰਕਜ ਜਮਵਾਲ ਅਤੇ ਅਮਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਪ੍ਰਦਰਸ਼ਨਕਾਰੀਆਂ ਦੇ ਦੁਕਾਨਾਂ ਜਬਰੀ ਬੰਦ ਕਰਾਉਣ ਦਾ ਵਿਰੋਧ ਕੀਤਾ ਤਾਂ ਪ੍ਰਦਰਸ਼ਨਕਾਰੀਆਂ ਨੇ ਦੁਕਾਨਾਂ ਅੰਦਰ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ। ਦੋਵਾਂ ਧਿਰਾਂ ਦਰਮਿਆਨ ਝਗੜਾ ਵਧਣ ‘ਤੇ ਕਸਬਾ ਮਾਨਸਰ ਦੇ ਲੋਕਾਂ ਨੇ ਇਕੱਠੇ ਹੋ ਕੇ ਪ੍ਰਦਰਸ਼ਨਕਾਰੀਆਂ ਨੂੰ ਘੇਰ ਲਿਆ, ਜਿਸ ‘ਤੇ ਪ੍ਰਦਰਸ਼ਨਕਾਰੀ ਆਪਣੇ ਮੋਟਰ ਸਾਈਕਲ ਛੱਡ ਕੇ ਭੱਜ ਗਏ। ਇਸ ਬਾਰੇ ਮੁਕੇਰੀਆਂ ਜਾਮ ਲਾ ਕੇ ਬੈਠੇ ਆਪਣੇ ਸਾਥੀਆਂ ਨੂੰ ਸੂਚਿਤ ਕਰਨ ‘ਤੇ ਕਰੀਬ 250-300 ਪ੍ਰਦਰਸ਼ਨਕਾਰੀ ਵੱਖ-ਵੱਖ ਵਾਹਨਾਂ ‘ਚ ਮਾਨਸਰ ਪੁੱਜ ਗਏ ਤੇ ਦੋਵਾਂ ਧਿਰਾਂ ਵਿਚਾਲੇ ਪੱਥਰਬਾਜ਼ੀ ਸ਼ੁਰੂ ਹੋ ਗਈ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …