ਬਰੈਂਪਟਨ ਦੇ ਰੋਜ਼ ਥੀਏਟਰ ਵਿੱਚ ਖੇਡਿਆ ਜਾਵੇਗਾ ਐਤਵਾਰ 23 ਅਕਤੂਬਰ ਨੂੰ
ਬਰੈਂਪਟਨ : ਟੋਰਾਂਟੋ ਦੀ ਨਾਮੀ ਪੰਜਾਬੀ ਥੀਏਟਰ ਸੰਸਥਾ, ਪੰਜਾਬੀ ਆਰਟਸ ਐਸੋਸੀਏਸ਼ਨ, ਇਸ ਸਾਲ ਇੱਕ ਹੋਰ ਨਵੇਂ ਨਾਟਕ ਦੀ ਪੇਸ਼ਕਾਰੀ ਲੈ ਕੇ ਤਿਆਰ ਹੈ। ਨਾਟਕ ‘ਆਹਲਣਾ – ਆਪਣੇ ਪਰਾਏ’ ਐਤਵਾਰ, 23 ਅਕਤੂਬਰ 2022 ਨੂੰ ਸ਼ਾਮ 5:30 ਵਜੇ ਬਰੈਂਪਟਨ ਦੇ ਰੋਜ਼ ਥੀਏਟਰ (1 ਥੀਏਟਰ ਲੇਨ, ਬਰੈਂਪਟਨ) ਵਿਖੇ ਖੇਡਿਆ ਜਾਵੇਗਾ। ਹਰ ਵਾਰ ਦੀ ਤਰ੍ਹਾਂ ਸੰਸਥਾ, ਪੰਜਾਬੀ ਆਰਟਸ ਐਸੋਸੀਏਸ਼ਨ ਦੇ ਕਲਾਕਾਰ ਇਸ ਨਵੇਂ ਨਾਟਕ ਜ਼ਰੀਏ ਕੈਨੇਡਾ ਵਿੱਚ ਵੱਸਦੇ ਪਰਵਾਸੀ ਪਰਿਵਾਰਾਂ ਅਤੇ ਖ਼ਾਸ ਕਰਕੇ ਬਜ਼ੁਰਗਾਂ ਦੀ ਮਾਨਸਿਕ ਸਥਿਤੀ ਅਤੇ ਹੋਰ ਮਸਲਿਆਂ ਨੂੰ ਵਿਅੰਗਾਤਮਿਕ ਅਤੇ ਦਿਲਚਸਪ ਤਰੀਕੇ ਨਾਲ ਦਰਸ਼ਕਾਂ ਅੱਗੇ ਪੇਸ਼ ਕਰਨ ਦੀ ਕੋਸ਼ਸ਼ ਕਰਨਗੇ।
ਨਾਟਕ ‘ਆਹਲਣਾ – ਆਪਣੇ ਪਰਾਏ’ ਕੈਨੇਡਾ ਵਿੱਚ ਲੰਮੇ ਅਰਸੇ ਤੋਂ ਰਹਿੰਦੇ ਸਾਊਥ ਏਸ਼ੀਅਨ ਪਰਵਾਸੀ ਬਜ਼ੁਰਗਾਂ ਦੇ ਆਲ਼ੇ-ਦੁਆਲੇ ਘੁੰਮਦੀ ਹੈ। ਇਹ ਉਹ ਬਜ਼ੁਰਗ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਇੱਥੇ ਹੀ ਕੰਮ ਕਰਦਿਆਂ ਰਹਿ ਕੇ ਗੁਜ਼ਰਿਆ ਹੈ ਅਤੇ ਹੁਣ ਰਿਟਾਇਰ ਹੋ ਚੁੱਕੇ ਹਨ ਜਾਂ ਇਸ ਦੇ ਕੰਢੇ ਹਨ।
ਇਸੇ ਦੇ ਨਾਲ ਹੀ ਇਹ ਕਹਾਣੀ ਕੈਨੇਡੀਅਨ ਸੱਭਿਆਚਾਰ ਦੇ ਵਿਚ ਰੰਗੇ ਬੱਚਿਆਂ ਦੇ ਰਹਿਣ ਸਹਿਣ, ਭਾਸ਼ਾ ਦੀ ਦਿੱਕਤ ਅਤੇ ਪਰਿਵਾਰਾਂ ਦੇ ਵਿਚ ਵੱਧਦੇ ਇਕੱਲੇ ਪਨ ਇਸ ਨਾਲ ਜੁੜੀਆਂ ਮੁਸ਼ਕਲਾਂ ਦੀ ਬਾਤ ਪਾਉਂਦੀ ਹੈ। ਇਸ ਕਹਾਣੀ ਦੇ ਮੁੱਖ ਕਿਰਦਾਰ ਦੇ ਰੂਪ ਵਿਚ ਇੱਕ ਬਜ਼ੁਰਗ ਜੋੜਾ, ਆਪਣੇ ਬੱਚਿਆਂ ਤੋਂ ਸਮਝ ਅਤੇ ਪਿਆਰ ਦੀ ਉਮੀਦ ਕਰਦਾ ਹੈ ਅਤੇ ਇਸ ਦੇ ਲਈ ਉਹ ਇੱਕ ਨਵੇਕਲਾ ਰਚਨਾਤਮਕ ਹੱਲ ਲੱਭ ਹੀ ਲੈਂਦਾ ਹੈ। ਇਹ ਨਾਟਕ, ਨਾਟਕਕਾਰ, ਸ਼ੁਭਦੀਪ ਰਾਹਾ ਵੱਲੋਂ ਲਿਖੀ ਮੂਲ ਹਿੰਦੀ ਸਕਰਿਪਟ ‘ਆਖ਼ਰੀ ਵਸੰਤ’ ‘ਤੇ ਅਧਾਰਿਤ ਹੈ ਅਤੇ ਸਰਬਜੀਤ ਸਿੰਘ ਅਰੋੜਾ ਨੇ ਇਸ ਨੂੰ ਕੈਨੇਡੀਅਨ ਦਰਸ਼ਕਾਂ ਲਈ ਪੰਜਾਬੀ ਵਿਚ ਰੂਪਾਂਤਰ ਕੀਤਾ ਗਿਆ ਹੈ। ਵਿਸ਼ੇਸ਼ ਗੱਲ ਇਹ ਹੈ ਇਕ ਇਸ ਪੰਜਾਬੀ ਰੂਪਾਂਤਰ ਲਈ ਖੋਜ ਅਤੇ ਵਿਕਾਸ ਵਿਚ ਜੀਟੀਏ ਦੇ ਪੰਜਾਬੀ ਬੋਲਣ ਵਾਲੇ ਸੀਨੀਅਰ ਭਾਈਚਾਰੇ ਦੇ ਭਰਪੂਰ ਸਹਿਯੋਗ ਦਿੱਤਾ ਹੈ ਅਤੇ ਦਿਲ ਖੋਲ੍ਹ ਕੇ ਮਾਰਗ ਦਰਸ਼ਨ ਕੀਤਾ ਗਿਆ ਹੈ।
ਇਸ ਨਾਟਕ ਦੀ ਪੇਸ਼ਕਾਰੀ ਲਈ ਭਾਈਚਾਰੇ ਦੇ ਸਪੌਂਸਰਾਂ, ਪੰਜਾਬੀ ਮੀਡੀਆ ਅਤੇ ਕੈਨੇਡਾ ਸਰਕਾਰ ਵੱਲੋਂ ਵੀ ਪੰਜਾਬੀ ਆਰਟਸ ਐਸੋਸੀਏਸ਼ਨ ਨੂੰ ਸਹਿਯੋਗ ਦਿੱਤਾ ਗਿਆ ਹੈ।
ਇਸ ਪੇਸ਼ਕਾਰੀ ਦੀਆਂ ਟਿੱਕਟਾਂ ਅਤੇ ਹੋਰ ਜਾਣਕਾਰੀ ਪੰਜਾਬੀ ਆਰਟਸ ਐਸੋਸੀਏਸ਼ਨ ਦੀ ਵੈੱਬਸਾਈਟ www.punjabiarts.com ਤੋਂ ਲਈ ਜਾ ਸਕਦੀ ਹੈ ਜਾਂ ਫਿਰ ਇਸ ਲਈ ਬਲਜਿੰਦਰ ਲੇਹਿਲਣਾ ਨੂੰ 416-677-1555 ‘ਤੇ ਅਤੇ ਕੁਲਦੀਪ ਰੰਧਾਵਾ ਨੂੰ 416-892-6171 ‘ਤੇ ਫ਼ੋਨ ਕੀਤਾ ਜਾ ਸਕਦਾ ਹੈ।