ਸਤਪਾਲ ਸਿੰਘ ਜੌਹਲ ਤੇ ਹੋਰਨਾਂ ਨੇ ਕੀਤੀ ਇਨਾਮਾਂ ਦੀ ਵੰਡ
ਬਰੈਂਪਟਨ/ਡਾ. ਝੰਡ : ਬਰੈਂਪਟਨ ਵਿੱਚ ਲੰਘੇ ਸਨਿੱਚਰਵਾਰ ਨੂੰ ਸਪਰਿੰਗਡੇਲ ਸਨੀਮੀਡੋ ਸੀਨੀਅਰਜ਼ ਕਲੱਬ ਵੱਲੋਂ ਚੇਅਰਮੈਨ ਜੋਗਿੰਦਰ ਸਿੰਘ ਸਿੱਧੂ ਅਤੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ਼ ਦੀ ਅਗਵਾਈ ਵਿੱਚ ਗੁੱਡ ਸ਼ੈਪ੍ਰਡ ਪਬਲਿਕ ਸਕੂਲ ਦੇ ਨਾਲ ਲੱਗਵੇਂ ਵੱਡੇ ਪਾਰਕ ਵਿੱਚ ਖੇਡ ਅਤੇ ਸਭਿਆਚਾਰਕ ਮੇਲਾ ਕਰਵਾਇਆ। ਇਸ ਮੌਕੇ ਬੱਚਿਆਂ ਅਤੇ ਬੀਬੀਆਂ ਨੇ ਵੀ ਮੁਕਾਬਲਿਆਂ ਵਿੱਚ ਸ਼ਮੂਲੀਅਤ ਕੀਤੀ। ਜੇਤੂਆਂ ਨੂੰ ਇਨਾਮਾਂ ਦੀ ਵੰਡ ਨਾਮਵਰ ਕਾਲਮਨਵੀਸ ਸਤਪਾਲ ਸਿੰਘ ਜੌਹਲ ਨੇ ਕੀਤੀ ਜੋ ਕਲੱਬ ਦੇ ਵਿਸ਼ੇਸ਼ ਸੱਦੇ ‘ਤੇ ਪੁੱਜੇ ਸਨ। ਇਸ ਮੌਕੇ ‘ਤੇ ਕਲੱਬ ਵੱਲੋਂ ਐੱਮ.ਪੀ. ਰੂਬੀ ਸਹੋਤਾ, ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋਂ, ਸਕੂਲ-ਟਰੱਸਟੀ ਹਰਕੀਰਤ ਸਿੰਘ ਅਤੇ ਸਤਪਾਲ ਸਿੰਘ ਜੌਹਲ ਦਾ ਸਨਮਾਨ ਕੀਤਾ ਗਿਆ। ਖੇਡ ਮੇਲੇ ਵਿਚ ਸਕੂਲ-ਟਰੱਸਟੀ ਉਮੀਦਵਾਰਾਂ ਬਲਬੀਰ ਸੋਹੀ ਅਤੇ ਖ਼ੁਸ਼ਹਾਲ ਸਿੰਘ ਨੇ ਵੀ ਕੁਝ ਸਮੇਂ ਲਈ ਸ਼ਿਰਕਤ ਕੀਤੀ। ਚੇਅਰਮੈਨ ਸ. ਸਿੱਧੂ ਨੇ ਦੱਸਿਆ ਕਿ ਵਾਰਡ 9-10 ਤੋਂ ਸਕੂਲ ਟਰੱਸਟੀ ਇਲੈਕਸ਼ਨ ਵਿੱਚ ਉਮੀਦਵਾਰ ਸਤਪਾਲ ਸਿੰਘ ਜੌਹਲ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਕਮਿਊਨਿਟੀ ਪ੍ਰਤੀ ਪ੍ਰਸੰਸਾਯੋਗ ਕਾਰਗੁਜ਼ਾਰੀ ਸਦਕਾ ਲੋਕਾਂ ਵਲੋਂ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਨੇ ਬੜੀ ਸ਼ਿੱਦਤ ਨਾਲ ਲਿਸਟਾਂ ਤਿਆਰ ਕਰਕੇ ਹਰੇਕ ਉਮਰ ਗਰੁੱਪ ਦੇ ਬੱਚਿਆਂ ਦੇ ਖੇਡ ਮੁਕਾਬਲਿਆਂ ਦੀ ਅਗਵਾਈ ਕੀਤੀ। ਸਟੇਜ ਦੀ ਕਾਰਵਾਈ ਚੇਅਰਮੈਨ ਸ. ਸਿੱਧੂ ਨੇ ਸੁਚੱਜਤਾ ਨਾਲ ਨਿਭਾਈ।
ਪ੍ਰਧਾਨ ਗਰੇਵਾਲ ਨੇ ਦੱਸਿਆ ਕਿ ਚੰਗੀ ਸਿਹਤ ਅਤੇ ਆਪਸੀ ਮਿਲਵਰਤਣ ਵਧਾਉਣ ਦੇ ਉਦੇਸ਼ ਨਾਲ ਕਲੱਬ ਵਲੋਂ ਅਜਿਹੇ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਫਸਵੇਂ ਮੁਕਾਬਿਲਆਂ ਵਿੱਚ ਕੈਨੇਡੀਅਨ ਜੰਮਪਲ ਬੱਚਿਆਂ ਨੇ ਵੀ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇਨਾਮ ਜਿੱਤੇ। ਇਸ ਮੌਕੇ ‘ਤੇ ਖਾਣ-ਪੀਣ ਦਾ ਉਚੇਚਾ ਪ੍ਰਬੰਧ ਸੀ। ਇਸ ਖੇਡ ਮੇਲੇ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਵਡੇਰੀ ਉਮਰ ਦੇ ਬਜ਼ੁਰਗਾਂ ਨੂੰ ਕਲੱਬ ਵਲੋਂ ਸਤਿਕਾਰ ਨਾਲ ਨਿਵਾਜਿਆ ਗਿਆ। ਕਲੱਬ ਦੇ ਉਪ-ਪ੍ਰਧਾਨ ਬਲਦੇਵ ਸਿੰਘ ਕਿੰਗਰਾ ਅਤੇ ਕਾਰਜਕਾਰਨੀ ਦੇ ਮੈਂਬਰਾਂ ਨੇ ਵੀ ਮੇਲੇ ਦੀ ਸਫਲਤਾ ਲਈ ਮਿਹਨਤ ਨਾਲ ਯੋਗਦਾਨ ਪਾਇਆ। ਸ. ਗਰੇਵਾਲ ਨੇ ਕਿਹਾ ਕਿ ਮੇਲੇ ਦੀ ਸਫਲਤਾ ਲਈ ਉਨ੍ਹਾਂ ਨੂੰ ਅਲਟ੍ਰਾ ਮੈਡੀਕਲ ਫਾਰਮੇਸੀ ਅਤੇ ਪੈਰਾਗੋਨ ਕੋਲੀਜ਼ਨ ਤੋਂ ਵੱਡਾ ਸਹਿਯੋਗ ਮਿਲਿਆ। ਕਲੱਬ ਦੇ ਸਹਿਯੋਗ ਵਾਸਤੇ ਟ੍ਰੀਲਾਈਨ ਸੀਨੀਅਰਜ਼ ਕਲੱਬ ਦੇ ਪ੍ਰਧਾਨ ਜਗਜੀਤ ਸਿੰਘ ਗਰੇਵਾਲ਼ ਪੁੱਜੇ ਹੋਏ ਸਨ। ਮੇਲੇ ਵਿੱਚ ਸਰਪੰਚ ਜਸਵਿੰਦਰ ਸਿੰਘ (ਸੈਫ਼ਲਾਬਾਦ), ਅਵਤਾਰ ਸਿੰਘ ਤੱਖੜ, ਸੁਖਚੈਨ ਸਿੰਘ ਸੰਧੂ, ਕੁੰਦਨ ਸਿੰਘ ਬੱਲ, ਨਰਿੰਦਰ ਸਿੰਘ ਸੋਹਲ, ਡਾ. ਸੁਖਦੇਵ ਸਿੰਘ ਝੰਡ, ਮਲੂਕ ਸਿੰਘ ਕਾਹਲੋਂ, ਸੁੱਖੀ ਪੰਧੇਰ ਅਤੇ ਕਈ ਹੋਰ ਅਹਿਮ ਸ਼ਖ਼ਸੀਅਤਾਂ ਹਾਜ਼ਿਰ ਸਨ। ਇਸ ਦੌਰਾਨ ਚੇਅਰਮੈਨ ਸ. ਸਿੱਧੂ ਨੇ ਦੱਸਿਆ ਕਿ ਬੇਅੰਤ ਸਿੰਘ ਵਿਰਦੀ ਕਿਸੇ ਜਰੂਰੀ ਰੁਝੇਵੇਂ ਕਾਰਨ ਪੁੱਜ ਨਾ ਸਕੇ ਪਰ ਉਨ੍ਹਾਂ ਨੇ ਪ੍ਰਬੰਧਕਾਂ ਨੂੰ ਸ਼ੁੱਭ-ਇੱਛਾਵਾਂ ਦਾ ਸੰਦੇਸ਼ ਭੇਜਿਆ ਹੈ। ਕਲੱਬ ਦੀਆਂ ਸਰਗਰਮੀਆਂ ਬਾਰੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਨਾਲ 416 302 7053 ਜਾਂ ਸੁਖਚੈਨ ਸਿੰਘ ਸੰਧੂ ਨਾਲ 647-720-4324 ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …