Breaking News
Home / ਕੈਨੇਡਾ / ਅਲਬਰਟਾ ਵਿੱਚ ਵਿਧਾਇਕ ਬਣਿਆ ਮੋਗਾ ਜ਼ਿਲ੍ਹੇ ਦਾ ਗੁਰਿੰਦਰ ਬਰਾੜ

ਅਲਬਰਟਾ ਵਿੱਚ ਵਿਧਾਇਕ ਬਣਿਆ ਮੋਗਾ ਜ਼ਿਲ੍ਹੇ ਦਾ ਗੁਰਿੰਦਰ ਬਰਾੜ

ਐੱਨਡੀਪੀ ਦੀ ਟਿਕਟ ‘ਤੇ ਜਿੱਤੀ ਚੋਣ; ਪਿੰਡ ਵਿੱਚ ਖੁਸ਼ੀ ਦਾ ਮਾਹੌਲ
ਮੋਗਾ : ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਵਿਧਾਨ ਸਭਾ ਚੋਣਾਂ ਵਿਚ ਪੰਜਾਬੀਆਂ ਨੇ ਜਿੱਤ ਦੇ ਝੰਡੇ ਗੱਡੇ ਹਨ। ਕੈਲਗਰੀ ਨਾਰਥ ਈਸਟ ਹਲਕੇ ਤੋਂ ਮੋਗਾ ਜ਼ਿਲ੍ਹੇ ਦੀ ਸਬ-ਡਿਵੀਜ਼ਨ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਲੰਡੇ ਦਾ ਨੌਜਵਾਨ ਗੁਰਿੰਦਰ ਬਰਾੜ ਵਿਧਾਇਕ ਚੁਣਿਆ ਗਿਆ ਹੈ। ਉਨ੍ਹਾਂ ਦੀ ਰਿਹਾਇਸ਼ ਫਰੀਦਕੋਟ ਵਿੱਚ ਗਰੀਨ ਐਵੇਨਿਊ ਵਿੱਚ ਵੀ ਹੈ। ਗੁਰਿੰਦਰ ਬਰਾੜ ਦੇ ਵਿਧਾਇਕ ਚੁਣੇ ਜਾਣ ਦੀ ਖ਼ਬਰ ਆਉਣ ਮਗਰੋਂ ਪਿੰਡ ਲੰਡੇ ਵਿੱਚ ਖੁਸ਼ੀ ਦਾ ਮਾਹੌਲ ਹੈ। ਗੁਰਿੰਦਰ ਬਰਾੜ ਨੇ ਇਹ ਚੋਣ ਐੱਨਡੀਪੀ ਦੀ ਟਿਕਟ ‘ਤੇ ਜਿੱਤੀ। ਉਸ ਨੂੰ ਕੈਲਗਰੀ ਦੇ ਨਾਰਥ ਈਸਟ ਵਿੱਚ 11,111 ਵੋਟਾਂ ਪਈਆਂ, ਜਦੋਂਕਿ ਉਸ ਦੇ ਵਿਰੋਧੀ ਉਮੀਦਵਾਰ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਸੁਧਾਰ ਦੇ ਨਿਵਾਸੀ ਇੰਦਰ ਗਰੇਵਾਲ ਨੂੰ 9,078 ਵੋਟਾਂ ਮਿਲੀਆਂ। ਦੱਸਿਆ ਗਿਆ ਕਿ ਗੁਰਿੰਦਰ ਬਰਾੜ ਨੇ ਦਸਵੀਂ ਦੀ ਪੜ੍ਹਾਈ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਤੋਂ ਕੀਤੀ ਹੈ। ਉਸ ਦੇ ਪਿਤਾ ਗੁਰਬਚਨ ਬਰਾੜ ਅਧਿਆਪਕ ਵਜੋਂ ਸੇਵਾਮੁਕਤ ਹੋਣ ਮਗਰੋਂ ਸਾਲ 2008 ਵਿੱਚ ਵਿਦੇਸ਼ ਚਲੇ ਗਏ ਅਤੇ ਪੱਕੇ ਤੌਰ ‘ਤੇ ਕੈਨੇਡਾ ਵਿੱਚ ਵੱਸ ਗਏ ਸਨ। ਉਨ੍ਹਾਂ ਦੱਸਿਆ ਗੁਰਿੰਦਰ ਬਰਾੜ ਆਪਣੇ ਹਲਕੇ ਦਾ ਹਰਮਨ ਪਿਆਰਾ ਨੇਤਾ ਹੈ ਅਤੇ ਉਸ ਵੱਲੋਂ ਕੀਤੇ ਕੰਮਾਂ ਖ਼ਾਸ ਕਰ ਪੰਜਾਬੀਆਂ ਦੇ ਵਿਕਾਸ ਲਈ ਪਾਏ ਯੋਗਦਾਨ ਨੇ ਉਨ੍ਹਾਂ ਨੂੰ ਜਿੱਤ ਦਿਵਾਈ ਹੈ। ਉਸ ਦੀ ਜਿੱਤ ਦਾ ਪਤਾ ਲੱਗਦਿਆਂ ਹੀ ਪਿੰਡ ‘ਚ ਖ਼ੁਸ਼ੀ ਦਾ ਮਾਹੌਲ ਹੈ ਅਤੇ ਪਿੰਡ ਵਾਸੀਆਂ ਨੇ ਇੱਕ-ਦੂਜੇ ਨੂੰ ਵਧਾਈ ਦਿੱਤੀ।

 

Check Also

”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ

ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …