ਪੰਜਾਬੀ ਵਿਭਾਗ ਦੇ ਸੈਮੀਨਾਰ-ਹਾਲ ਵਿਚ ਹੋਏ ਸਮਾਗ਼ਮ ਵਿਚ ਹੋਈ ਪੁਸਤਕ ਬਾਰੇ ਵਿਚਾਰ-ਗੋਸ਼ਟੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਲੰਘੇ ਸ਼ਨੀਵਾਰ 27 ਮਈ ਨੂੰ ਡਾ. ਸੁਖਦੇਵ ਸਿੰਘ ਝੰਡ ਦੀ ਨਵ-ਪ੍ਰਕਾਸ਼ਿਤ ਵਾਰਤਕ ਪੁਸਤਕ ਦਾ ਲੋਕ-ਅਰਪਣ ਸਮਾਗਮ ਅੰਮ੍ਰਿਤਸਰ ਦੇ ਇਤਿਹਾਸਕ ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਵਿਭਾਗੀ ਲਾਇਬ੍ਰੇਰੀ-ਕਮ-ਸੈਮੀਨਾਰ ਹਾਲ ਵਿੱਚ ਆਯੋਜਿਤ ਕੀਤਾ ਗਿਆ। ਇਸ ਮੌਕੇ ਵਿਭਾਗ ਵੱਲੋਂ ਪੁਸਤਕ ਬਾਰੇ ਸ਼ਾਨਦਾਰ ਵਿਚਾਰ-ਗੋਸ਼ਟੀ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਭਾਗ ਲੈਂਦੇ ਹੋਏ ਕਈ ਵਿਦਵਾਨਾਂ ਵੱਲੋਂ ਪੁਸਤਕ ਬਾਰੇ ਵਿਚਾਰ ਆਪਣੇ ਵਿਚਾਰ ਪੇਸ਼ ਕੀਤੇ ਗਏ।
ਇਸ ਦੌਰਾਨ ਪ੍ਰਧਾਨਗੀ-ਮੰਡਲ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਅਧਿਐੱਨ ਸਕੂਲ ਦੇ ਸਾਬਕਾ ਪ੍ਰੋਫ਼ੈਸਰ ਡਾ. ਇਕਬਾਲ ਕੌਰ ਸੌਂਦ, ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਰੰਧਾਵਾ ਅਤੇ ਪੁਸਤਕ-ਲੇਖਕ ਡਾ. ਸੁਖਦੇਵ ਸਿੰਘ ਝੰਡ ਸ਼ਾਮਲ ਸਨ। ਸਮਾਗ਼ਮ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਰਨੀ ਸੀ ਪਰ ਕਿਸੇ ਜ਼ਰੂਰੀ ਕੰਮ ਕਰਕੇ ਸ਼ਹਿਰ ਤੋਂ ਬਾਹਰ ਜਾਣ ਕਾਰਨ ਉਹ ਇਸ ਸਮਾਗ਼ਮ ਵਿਚ ਨਾ ਪਹੁੰਚ ਸਕੇ। ਸਮਾਗ਼ਮ ਦਾ ਆਰੰਭ ਕਰਦਿਆਂ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਰੰਧਾਵਾ ਨੇ ਹਾਜ਼ਰ ਸੱਭਨਾਂ ਨੂੰ ਨਿੱਘੀ ਜੀ-ਆਇਆਂ ਕਹਿੰਦਿਆਂ ਹੋਇਆਂ ਡਾ. ਸੁਖਦੇਵ ਸਿੰਘ ਝੰਡ ਨੂੰ ਵਾਰਤਕ ਦੀ ਇਹ ਖ਼ੂਬਸੂਰਤ ਪੁਸਤਕ ਛਪਵਾਉਣ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਪੁਸਤਕਾਂ ਵੱਡੀ ਗਿਣਤੀ ਵਿੱਚ ਛਪ ਰਹੀਆਂ ਹਨ ਅਤੇ ਸਾਹਿਤ ਦੇ ਨਾਲ ਨਾਲ ਅਣ-ਸਾਹਿਤ ਵੀ ਬੜਾ ਛਪ ਰਿਹਾ ਹੈ। ਮਿਆਰੀ ਪੁਸਤਕਾਂ ਦੀ ਇਸ ਸਮੇਂ ਘਾਟ ਹੈ ਅਤੇ ਡਾ. ਝੰਡ ਦੀ ਇਹ ਵਾਰਤਕ ਪੁਸਤਕ ਇਹ ਘਾਟ ਦੂਰ ਕਰਨ ਵੱਲ ਇੱਕ ਸਾਰਥਿਕ ਕਦਮ ਸਾਬਤ ਹੋਵੇਗੀ।
ਉਪਰੰਤ, ਮੰਚ-ਸੰਚਾਲਕ ਡਾ. ਹੀਰਾ ਸਿੰਘ ਨੇ ਸ਼ਾਇਰ ਮਲਵਿੰਦਰ ਨੂੰ ਪੁਸਤਕ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਜਿਨ੍ਹਾਂ ਨੇ ਦੱਸਿਆ ਕਿ ਇਸ ਪੁਸਤਕ ਵਿਚ ਡਾ. ਝੰਡ ਨੇ ਵੱਖ-ਵੱਖ ਮਨੁੱਖੀ ਸਰੋਕਾਰਾਂ ਦੀ ਗੱਲ ਕਰਦਿਆਂ ਹੋਇਆਂ ਕਈ ਮਹੱਤਵਪੂਰਨ ਸਖ਼ਸੀਅਤਾਂ ਬਾਰੇ ਵੀ ਬਾਖ਼ੂਬੀ ਬਿਆਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਸਤਕ ਦੇ ਕਈ ਲੇਖ ਤਾਂ ਖੋਜ-ਪੱਤਰਾਂ ਵਰਗੇ ਹਨ ਅਤੇ ਸਾਰੇ ਜਾਣਦੇ ਹਨ ਕਿ ਖੋਜ-ਪੱਤਰ ਲਿਖਣ ਲਈ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਇਸ ਦੌਰਾਨ ਉਨ੍ਹਾਂ ਪੁਸਤਕ ਵਿਚਲੇ ਕੁਝ ਲੇਖਾਂ ਦੇ ਸਿਰਨਾਵਿਆਂ ਅਤੇ ਉਨ੍ਹਾਂ ਦੇ ਉਲੇਖਾਂ ਦੇ ਹਵਾਲੇ ਵੀ ਦਿੱਤੇ।
ਕਲਾਸਿਕ ਲਿਟਰੇਚਰ ਦੀ ਗੱਲ ਕਰਦਿਆਂ ਕਾਲਜ ਦੇ ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਕਿਸੇ ਵੀ ਮਸਲੇ ਬਾਰੇ ਲਿਖਣ ਜਾਂ ਬੋਲਣ ਲਈ ਉਸ ਖਿੱਤੇ ਦੇ ਇਤਿਹਾਸ ਅਤੇ ਸਭਿਆਚਾਰ ਨੂੰ ਸਮਝਣ ਦੀ ਲੋੜ ਹੈ।
ਪੰਜਾਬ ਦੀ ਨਬਜ਼ ਨੂੰ ਪਛਾਣਦਿਆਂ ਹੋਇਆਂ ਇਸ ਪੁਸਤਕ ਦੇ ਪਹਿਲੇ ਭਾਗ ਵਿਚ ਡਾ. ਸੁਖਦੇਵ ਸਿੰਘ ਝੰਡ ਨੇ ਪੰਜਾਬੀਅਤ, ਕਿਸਾਨੀ ਮਸਲਿਆਂ, ਪਾਣੀ ਦੀ ਘਾਟ ਤੇ ਇਸ ਦੇ ਗੰਧਲੇਪਨ, ਹਵਾਈ ਪ੍ਰਦੂਸ਼ਣ ਦੇ ਕਾਰਨ ਲਗਾਤਾਰ ਵਿਗੜ ਰਹੇ ਵਾਤਾਵਰਣ ਅਤੇ ਉਚੇਰੇ ਮਨੁੱਖੀ ਆਚਰਣ ਦੀ ਲੋੜ ਦਾ ਬਾਖ਼ੂਬੀ ਵਰਨਣ ਕੀਤਾ ਹੈ। ਪੁਸਤਕ ਦੇ ਦੂਸਰੇ ਭਾਗ ਵਿਚ ਕਈ ਮਹੱਤਵਪੂਰਨ ਸ਼ਖ਼ਸੀਅਤਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਸਮਾਗ਼ਮ ਦੌਰਾਨ ਪੰਜਾਬੀ ਵਿਭਾਗ ਵੱਲੋਂ ਡਾ.ਸੁਖਦੇਵ ਸਿੰਘ ਝੰਡ ਨੂੰ ਖਾਲਸਾ ਕਾਲਜ ਦੀ ਖੂਬਸੂਰਤ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ-ਸੰਚਾਲਨ ਦੀ ਕਾਰਵਾਈ ਡਾ. ਹੀਰਾ ਸਿੰਘ ਤੇ ਮਲਵਿੰਦਰ ਵੱਲੋਂ ਮਿਲ ਕੇ ਨਿਭਾਈ ਗਈ।
ਸਮਾਗ਼ਮ ਦੇ ਸਮੂਹ ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਹੋਇਆਂ ਡਾ. ਸੁਖਦੇਵ ਸਿੰਘ ਝੰਡ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਇਸ ਪੁਸਤਕ ਦੇ ਇਤਿਹਾਸਕ ਖਾਲਸਾ ਕਾਲਜ ਵਿਚ ਲੋਕ-ਅਰਪਿਤ ਹੋਣ ਤੇ ਬੇਹੱਦ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਜਿੱਥੇ ਉਨ੍ਹਾਂ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ (ਉਨ੍ਹਾਂ ਦੇ ਪਿਤਾ ਜੀ, ਉਨ੍ਹਾਂ ਖ਼ੁਦ ਤੇ ਉਨ੍ਹਾਂ ਦੇ ਦੋਹਾਂ ਬੱਚਿਆਂ) ਨੇ ਵਿੱਦਿਆ ਪ੍ਰਾਪਤ ਕੀਤੀ ਹੈ। ਦੋ ਘੰਟੇ ਚੱਲੇ ਇਸ ਸਮਾਗ਼ਮ ਵਿੱਚ ਵਿੱਚ ਪ੍ਰੋੜ੍ਹ-ਕਵੀ ਨਿਰਮਲ ਅਰਪਨ, ਸਰਬਜੀਤ ਸਿੰਘ ਸੰਧੂ, ਹਰਜੀਤ ਸਿੰਘ ਸੰਧੂ, ਰਾਜਖੁਸ਼ਵੰਤ ਸਿੰਘ, ਜਗਤਾਰ ਗਿੱਲ, ਜਸਵੰਤ ਧਾਪ, ਆਇਆ ਸਿੰਘ, ਕੁਲਜੀਤ ਸਿੰਘ, ਜੋਗਿੰਦਰ ਸਿੰਘ ਸਾਬਰ, ਬਲਦੇਵ ਸਿੰਘ ਮੋਹਾਰ, ਪ੍ਰਿਤਪਾਲ ਸਿੰਘ, ਵਿਸ਼ਾਲ ਬਿਆਸ, ਡਾ. ਮੋਹਨ ਬੇਗੋਵਾਲ, ਵਿਜੇਤਾ ਭਾਰਦਵਾਜ, ਜਗਦੀਸ਼ ਕੌਰ ਝੰਡ ਤੇ ਕਈ ਹੋਰ ਸ਼ਾਮਲ ਹੋਏ। ਸਮਾਗ਼ਮ ਦੀ ਸਮਾਪਤੀ ਤੇ ਸਾਰਿਆਂ ਨੇ ਮਿਲ ਕੇ ਚਾਹ-ਪਾਣੀ ਦਾ ਅਨੰਦ ਮਾਣਿਆਂ।