Breaking News
Home / ਕੈਨੇਡਾ / ਫੈੱਡਰਲ ਸਰਕਾਰ ਕੈਨੇਡੀਅਨਾਂ ਦੀ ਸਿਹਤਯਾਬੀ ਲਈ ਕਦਮ ਚੁੱਕਣੇ ਜਾਰੀ ਰੱਖੇਗੀ : ਸੋਨੀਆ ਸਿੱਧੂ

ਫੈੱਡਰਲ ਸਰਕਾਰ ਕੈਨੇਡੀਅਨਾਂ ਦੀ ਸਿਹਤਯਾਬੀ ਲਈ ਕਦਮ ਚੁੱਕਣੇ ਜਾਰੀ ਰੱਖੇਗੀ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : 2020 ਸਾਰੀ ਦੁਨੀਆ ਲਈ ਹੀ ਇੱਕ ਚੁਣੌਤੀ ਭਰਿਆ ਸਮਾਂ ਰਿਹਾ ਹੈ। ਕੋਵਿਡ-19 ਨਾਮੀਂ ਮਹਾਂਮਾਰੀ ਨੇ ਜਿੱਥੇ ਇੱਕ ਪਾਸੇ ਸਾਰਿਆਂ ਦੀ ਸਿਹਤ ਸੁਰੱਖਿਆਂ ਨੂੰ ਲੈ ਕੇ ਕਈ ਮੁਸ਼ਕਿਲ ਚੁਣੌਤੀਆਂ ਸਾਡੇ ਸਾਹਮਣੇ ਰੱਖੀਆਂ, ਉਥੇ ਹੀ ਸਾਨੂੰ ਕੰਮ-ਕਾਜ ਅਤੇ ਸਮਾਜ ਵਿਚ ਵਿਚਰਨ ਦੇ ਕਈ ਤਰੀਕਿਆਂ ‘ਚ ਵੀ ਬਦਲਾਅ ਕਰਨੇ ਪਏ ਹਨ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਤਰਜੀਹ ਦੇਣੀ ਪਈ ਹੈ।
ਇਸ ਦੌਰਾਨ ਕੈਨੇਡੀਅਨ ਦੀ ਸਿਹਤ ਅਤੇ ਸੁਰੱਖਿਆ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਵੱਲੋਂ ਪਿਛਲੇ ਸਾਲ ਦੌਰਾਨ ਹਰ ਲੋੜੀਂਦੀ ਮਦਦ ਕੀਤੀ ਗਈ ਤਾਂ ਜੋ ਕੋਈ ਵੀ ਵਰਗ ਨੂੰ, ਚਾਹੇ ਉਹ ਬੱਚੇ ਜਾਂ ਬਜ਼ੁਰਗ ਹੋਣ, ਨੌਕਰੀਪੇਸ਼ਾ ਜਾਂ ਕਾਰੋਬਾਰੀ ਹੋਣ, ਕਿਸੇ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਬਾਰੇ ਐੱਮ.ਪੀ ਸੋਨੀਆ ਸਿੱਧੂ ਨੇ ਕਿਹਾ ਕਿ ਹੁਣ, ਸਾਲ 2021 ਵਿਚ ਕੈਨੇਡਾ ਦੀ ਰਿਕਵਰੀ ਨੂੰ ਲੈਕੇ ਫੈੱਡਰਲ ਲਿਬਰਲ ਸਰਕਾਰ ਕੈਨੇਡੀਅਨਜ਼ ਦੀ ਮਦਦ ਕਰਨ ਲਈ ਵਚਨਬੱਧ ਹੈ। ਸਾਲ 2020 ਵਿਚ ਮਿਲਦੀਆਂ ਵਿੱਤੀ ਸਹਾਇਤਾ ਨੂੰ ਵੀ 2021 ਤੱਕ ਵਧਾ ਦਿੱਤਾ ਗਿਆ ਹੈ, ਤਾਂ ਜੋ ਅਜੇ ਵੀ ਵਿੱਤੀ ਸੰਕਟ ਵਿਚੋਂ ਜੂਝ ਰਹੇ ਵਿਅਕਤੀਆਂ ਦੀ ਜੇਬ ‘ਤੇ ਹੋਰ ਬੋਝ ਨਾ ਪਵੇ। ਹੈਲਥ ਕੈਨੇਡਾ ਨੇ ਮੁਲਕ ਵਿੱਚ ਵਰਤਣ ਲਈ ਦੋ ਟੀਕਿਆਂ, ਫਾਈਜ਼ਰ-ਬਾਇਓਐੱਨਟੈਕ ਅਤੇ ਮੋਡਰਨਾ ਨੂੰ ਅਧਿਕਾਰਤ ਕੀਤਾ ਹੈ, ਅਤੇ ਫਰੰਟ ਲਾਈਨ ਵਰਕਰਾਂ ਲਈ ਟੀਕਾਕਰਨ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ। 31 ਦਸੰਬਰ, 2020 ਤੱਕ, ਫੈੱਡਰਲ ਸਰਕਾਰ ਨੇ ਕੈਨੇਡੀਅਨਾਂ ਲਈ ਪ੍ਰੋਵਿੰਸਾਂ ਅਤੇ ਪ੍ਰਦੇਸ਼ਾਂ ਵਿੱਚ 420,000 ਤੋਂ ਵੱਧ ਟੀਕੇ ਵੰਡੇ ਹਨ, ਅਤੇ ਫਾਈਜ਼ਰ ਤੇ ਮੋਡਰਨਾ ਦੋਵਾਂ ਤੋਂ 31 ਜਨਵਰੀ ਤੱਕ ਘੱਟੋ-ਘੱਟ 1.2 ਮਿਲੀਅਨ ਖੁਰਾਕਾਂ ਖਰੀਦੀਆਂ ਜਾਣੀਆਂ ਹਨ।
ਇਸ ਸਬੰਧੀ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਜ਼ੋਰ ਦਿੰਦਿਆਂ ਕਿਹਾ ਕਿ ਜਦ ਤੱਕ ਸਾਰੇ ਕੈਨੇਡੀਅਨਾਂ ਦੀ ਇੱਕ ਵੈਕਸੀਨ ਦੀ ਪਹੁੰਚ ਨਹੀਂ ਹੁੰਦੀ, ਉਦੋਂ ਤੱਕ ਸਾਨੂੰ ਕੋਵਿਡ-19 ਤੋਂ ਬਚਾਅ ਲਈ ਇਕੱਠੇ ਕੰਮ ਕਰਦੇ ਰਹਿਣ ਦੀ ਜ਼ਰੂਰਤ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਕੋਵਿਡ ਅਲਰਟ ਐਪ ਨੂੰ ਡਾਊਨਲੋਡ ਅਤੇ ਇਸਤੇਮਾਲ ਕਰਨੀ ਚਾਹੀਦੀ ਹੈ ਅਤੇ ਸਥਾਨਕ ਜਨਤਕ ਸਿਹਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਤਾਂ ਜੋ ਇਕੱਠੇ ਮਿਲ ਕੇ ਅਸੀਂ ਇਸ ਸੰਕਟ ਵਿੱਚੋਂ ਜਲਦੀ ਤੋਂ ਜਲਦੀ ਬਾਹਰ ਆ ਸਕੀਏ।
ਅੱਗੇ ਗੱਲ ਕਰਦਿਆਂ ਸੋਨੀਆ ਸਿੱਧੂ ਨੇ ਕਿ ਪਿਛਲੇ ਸਾਲ ਦੌਰਾਨ ਉਹਨਾਂ ਵੱਲੋਂ ਬਰੈਂਪਟਨ ਸਾਊਥ ਅਤੇ ਓਟਾਵਾ ਵਿਚ ਰਹਿ ਕੇ ਆਪਣੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਸੁਝਾਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਅਤੇ ਉਹ ਅਜਿਹਾ ਕਰਨਾ ਜਾਰੀ ਰੱਖਣਗੇ। ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਪਣੀ ਮਰਜ਼ੀ ਨਾਲ ਦੇਸ਼ ਤੋਂ ਬਾਹਰ ਜਾ ਕੇ ਮੁੜ੍ਹਣ ‘ਤੇ 14 ਦਿਨ ਦੇ ਇਕਾਂਤਵਾਸ ਦੌਰਾਨ ਕੈਨੇਡਾ ਰਿਕਵਰੀ ਬੈਨੀਫਿਟ ਲਈ ਅਪਲਾਈ ਕਰਨਾ ਸਹੀ ਨਹੀਂ ਹੈ, ਅਤੇ ਇਸ ਨੂੰ ਰੋਕਣ ਲਈ ਫੈੱਡਰਲ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਐੱਮ.ਪੀ ਸਿੱਧੂ ਨੇ ਕਿਹਾ ਕਿ ਇਹ ਬੈਨੀਫਿਟ ਲੋੜਵੰਦਾਂ ਲਈ ਹਨ ਅਤੇ ਕਿਸੇ ਵੱਲੋਂ ਇਸਦੀ ਆਪਣੇ ਨਿੱਜੀ ਫਾਇਦੇ ਲਈ ਵਰਤੋਂ ਕਰਨਾ ਇੱਕ ਗਲਤ ਵਰਤਾਰਾ ਹੈ।

Check Also

ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …