ਪੰਜਾਬ ਦੀ ਕਿਸਾਨ ਲਹਿਰ ਨਾਲ ਜੁੜੇ ਸੰਘਰਸ਼ਾਂ ਨੂੰ ਕੀਤਾ ਯਾਦ
ਨਵੀਂ ਦਿੱਲੀ : ਟਿੱਕਰੀ ਬਾਰਡਰ ‘ਤੇ ਬੀਕੇਯੂ ਏਕਤਾ (ਉਗਰਾਹਾਂ) ਦੀ ਅਗਵਾਈ ਹੇਠਲੇ ਕਾਫ਼ਲੇ ਵੱਲੋਂ ਵਿਸ਼ਾਲ ਰੈਲੀ ਕੀਤੀ ਗਈ। ਇਸ ਦੌਰਾਨ ਗ਼ਦਰੀ ਯੋਧੇ ਬਾਬਾ ਸੋਹਣ ਸਿੰਘ ਭਕਨਾ ਦਾ ਜਨਮ ਦਿਹਾੜਾ ਮਨਾਇਆ ਗਿਆ। ਸੋਹਣ ਸਿੰਘ ਭਕਨਾ ਵੱਲੋਂ ਗ਼ਦਰ ਲਹਿਰ ‘ਚ ਨਿਭਾਏ ਗਏ ਰੋਲ ਅਤੇ ਉਸ ਮਗਰੋਂ ਪੰਜਾਬ ਦੀ ਕਿਸਾਨ ਲਹਿਰ ਨਾਲ ਜੁੜੇ ਸੰਘਰਸ਼ਾਂ ਨੂੰ ਯਾਦ ਕੀਤਾ ਗਿਆ। ਕਿਸਾਨਾਂ ਨੂੰ ਬਾਬੇ ਭਕਨੇ ਦੀ ਕੁਰਬਾਨੀ ਅਤੇ ਦੁੱਖ-ਤਕਲੀਫ਼ਾਂ ਕੱਟਣ ਦੀ ਭਾਵਨਾ ਤੋਂ ਪ੍ਰੇਰਣਾ ਲੈਣ ਦਾ ਵੀ ਹੋਕਾ ਦਿੱਤਾ ਗਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਮਹਿਲਾ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਮੋਦੀ ਹਕੂਮਤ ਨੂੰ ਸੰਘਰਸ਼ ਦੇ ਜ਼ੋਰ ‘ਤੇ ਘੇਰ ਕੇ ਦੁਬਾਰਾ ਗੱਲਬਾਤ ਲਈ ਬਿਠਾਉਣਾ ਕਿਸਾਨ ਸੰਘਰਸ਼ ਦੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਕਾਲੇ ਖੇਤੀ ਕਾਨੂੰਨ ਰੱਦ ਕਰਨ, ਮੁਲਕ ‘ਚ ਸਾਰੀਆਂ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੇ ਸਰਕਾਰੀ ਖ਼ਰੀਦ ਨੂੰ ਸੰਵਿਧਾਨਕ ਦਰਜਾ ਦਿਵਾਉਣ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਕਾਨੂੰਨੀ ਮਾਨਤਾ ਦਿਵਾਉਣ ਵਰਗੀਆਂ ਮੰਗਾਂ ਮੰਨਣ ਲਈ ਮਜਬੂਰ ਕਰਨਾ ਅਜੇ ਬਾਕੀ ਹੈ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਬਲਿਹਾਰ ਸਿੰਘ, ਹਰਿਆਣਾ ਤੋਂ ਕਿਰਪਾਲ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਭਵਾਨੀ ਦੇ ਪ੍ਰਦੇਸ਼ ਪ੍ਰਧਾਨ ਰਵੀ ਆਜ਼ਾਦ ਅਤੇ ਮਹਿਲਾ ਕਾਰਕੁਨ ਬਚਿੱਤਰ ਕੌਰ ਨੇ ਵੀ ਸੰਬੋਧਨ ਕੀਤਾ।
ਦੂਜੇ ਪਾਸੇ ਸ਼ਾਹਜਹਾਂਪੁਰ ਤੋਂ ਬੀਕੇਯੂ ਏਕਤਾ (ਉਗਰਾਹਾਂ) ਦਾ ਕਾਫ਼ਲਾ ਟਿਕਰੀ ਵੱਲ ਮੁੜਿਆ ਅਤੇ ਰੇਵਾੜੀ ਕੋਲ ਆ ਕੇ ਰੁਕਿਆ। ਸਥਾਨਕ ਨਿਵਾਸੀਆਂ ਵੱਲੋਂ ਕਾਫ਼ਲੇ ਦਾ ਸਵਾਗਤ ਕੀਤਾ ਗਿਆ।
ਸਥਾਨਕ ਲੋਕਾਂ ਨੇ ਲੰਗਰ ਵੀ ਲਗਾਇਆ ਅਤੇ ਕਾਫ਼ਲੇ ‘ਚ ਸ਼ਾਮਲ ਲੋਕਾਂ ਨੂੰ ਕਣਕ, ਮੋਮਬੱਤੀਆਂ ਅਤੇ ਲੋਈਆਂ ਨਾਲ ਨਿਵਾਜਿਆ। ਕਣਕ ਅਤੇ ਮੋਮਬੱਤੀਆਂ ਦੇ ਪ੍ਰਤੀਕਾਂ ਰਾਹੀਂ ਉਨ੍ਹਾਂ ਕਾਫ਼ਲੇ ਨੂੰ ਰੋਸ਼ਨੀਆਂ ਵੰਡ ਰਹੇ ਅੰਨਦਾਤੇ ਕਰਾਰ ਦਿੱਤਾ।
Check Also
ਲੁਧਿਆਣਾ ਜ਼ਿਮਨੀ ਚੋਣ ਲਈ ਕਾਂਗਰਸ ਨੇ ਦੋ ਮੈਂਬਰੀ ਕਮੇਟੀ ਬਣਾਈ
ਰਾਣਾ ਗੁਰਜੀਤ ਸਿੰਘ ਅਤੇ ਸ਼ਾਮ ਸੁੰਦਰ ਸੰਭਾਲਣਗੇ ਕਮਾਨ ਲੁਧਿਆਣਾ/ਬਿਊਰੋ ਨਿਊਜ਼ ਲੁਧਿਆਣਾ ਦੇ ਪੱਛਮੀ ਵਿਧਾਨ ਸਭਾ …