ਤੇ ਤੁਰ ਪਰਦੇਸ ਗਿਉਂ … !
ਨਿੰਦਰ ਘੁਗਿਆਣਵੀ
ਪੰਜਾਬੀ ਦੇ ਪ੍ਰਸਿੱਧ ਗੀਤਕਾਰ ਗੁਰਚਰਨ ਵਿਰਕ ਦੇ ਇਸ ਜਹਾਨੋਂ ਅਛੋਪਲੇ ਜਿਹੇ ਹੀ ਤੁਰ ਜਾਣ ‘ਤੇ ਬੜੀ ਮਾਯੂਸੀ ਨਾਲ ਉਸ ਬਾਰੇ ਲਿਖਣਾ ਪੈ ਰਿਹੈ। ਦਿਲ ਨੂੰ ਹੌਲ ਪੈਂਦਾ ਪਿਆ ਹੈ। ਆਪਣੇ ਆਪ ਨੂੰ ਭਾਵੁਕ ਹੋਣ ਤੋਂ ਰੋਕਦਾ ਹਾਂ ਪਰ ਸਫਲ ਨਹੀਂ ਹੋ ਪਾ ਰਿਹਾ। ਉਹ ਮੇਰੇ ਗੁਆਂਢੀ ਪਿੰਡ ਦਾ ਸੀ। ਉਹਦੇ ਘਰ ਮੂਹਰਿਓਂ ਮੇਰੇ ਪਿੰਡ ਨੂੰ ਰਾਹ ਜਾਂਦੈ। ਗੁਆਂਢੀ ਤੋਂ ਇਲਾਵਾ ਉਹ ਯਾਰਾਂ ਨੂੰ ਦਿਲੋਂ ਸਮਝਣ ਵਾਲਾ ਯਾਰ-ਦਿਲਦਾਰ ਸੀ। ਹਾਲੇ ਕੁਝ ਦਿਨ ਪਹਿਲਾਂ ਤਾਂ ਚੰਡੀਗੜ ਆਉਣ ਦਾ ਸੱਦਾ ਦੇ ਰਿਹਾ ਸੀ ਤੇ ਆਪ ਪਤਾ ਨੂੰ ਕਿੱਧਰ ਨੂੰ ਤੁਰ ਗਿਐ ਯਾਰ ਮੇਰਾ…? ਤੇਰਾ ਦਿਲ ਕਿਵੇਂ ਫੇਲ ਹੋ ਗਿਆ ਬੇਲੀ ਵਿਰਕਾ? ਤੂੰ ਤੇ ਦਲੇਰ ਤੇ ਦਿਲਾਂ ਨੂੰ ਦਿਲਾਸੇ ਦੇਣ ਵਾਲਾ ਸੈਂ। ਏਨੇ ਪਿਆਰੇ-ਪਿਆਰੇ ਗੀਤ ਪੰਜਬੀਆਂ ਨੂੰ ਦੇ ਗਿਉਂ ਯਾਰਾ ਕਿ ਤੈਨੂੰ ਕਿਵੇਂ ਭੁੱਲੇਗਾ ਪੰਜਾਬੀ ਸਰੋਤਾ ਵਰਗ।
ਚਾਹੇ ਇਸ ਗੱਲ ਨੂੰ ਡੇਢ ਸਹਾਕੇ ਤੋਂ ਵੀ ਵੱਧ ਵੇਲਾ ਹੋ ਚੱਲਿਐ ਪਰ ਲਗਦਾ ਇਉਂ ਹੈ ਜਿਵੇਂ ਕੱਲ-ਪਰਸੋਂ ਦੀਆਂ ਹੀ ਗੱਲਾਂ ਹੋਣ! 1999 ਵਿੱਚ ਮੈਂ ਵਿਰਕ ਦੀ ਗੀਤ-ਕਲਾ ਬਾਰੇ ਇੱਕ ਲੰਬਾ ਲੇਖ ਲਿਖਿਆ ਤੇ ਉਹਦੇ ਕਿਤਾਬੀ ਪੰਨੇ 80 ਤੋਂ ਵੀ ਵੱਧ ਹੋ ਗਏ। ਕੁਝ ਗੱਲਾਂ ਉਹਦੀ ਗੀਤ-ਸੰਗੀਤਕ ਨਾਲ ਚੇਟਕ, ਬਚਪਨ ਤੇ ਜ਼ਿੰਦਗੀ ਬਾਰੇ ਲਿਖ ਲਈਆਂ ਤੇ ਸੌ ਪੰਨੇ ਤੋਂ ਵੱਧ ਦੀ ਕਿਤਾਬ ਬਣ ਗਈ। ਭੂਮਿਕਾ ਲਿਖਵਾਣ ਲਈ ਅਸੀਂ ਦੋਵੇ ਪਟਿਆਲੇ ਭਾਸ਼ਾ ਵਿਭਾਗ ਦੇ ਦਫਤਰ ਧਰਮ ਕੰਮੇਆਣਾ ਕੋਲ ਪੁੱਜ ਗਏ ਕਿਉਕਿ ਕੰਮੇਆਣਾ ਵਿਰਕ ਦਾ ਗੀਤਕਾਰੀ ਵਿਚ ਮੁੱਢਲਾ ਪ੍ਰੇਰਨਾ ਸ੍ਰੋਤ ਸੀ। ਬਰਨਾਲੇ ਵਿਸ਼ਵ ਭਾਰਤੀ ਪ੍ਰਕਾਸ਼ਨ ਵਾਲਿਆਂ ਨੇ ਕਿਤਾਬ ਛਾਪ ਦਿੱਤੀ ਤੇ ਚੰਡੀਗੜ ਦੇ ਕਲਾ ਭਵਨ ਵਿੱਚ ਬੀਬੀ ਨੀਲਮ ਸ਼ਰਮਾ ਦੇ ਯਤਨਾ ਸਦਕਾ ਰਿਲੀਜ਼ ਸਮਾਰੋਹ ਰੱਖ ਲਿਆ। ਬਾਬਾ ਬੋਹੜ ਜਗਦੇਵ ਸਿੰਘ ਜੱਸੋਵਾਲ, ਅਕਾਸ਼ਵਾਣੀ ਜਲੰਧਰ ਦੇ ਡਿਪਟੀ ਡਾਇਰੈਕਟਰ ਹਰਭਜਨ ਸਿੰਘ ਬਟਾਲਵੀ ਤੇ ਕੁਲਦੀਪ ਸਿੰਘ ਬੇਦੀ ਤੇ ਮੈਂ ਜਲੰਧਰੋਂ ਉਚੇਚਾ ਗਏ। ਪਰੋਗਰਾਮ ਅੱਛਾ ਹੋ ਗਿਆ ਤੇ ਵਿਰਕ ਪੂਰਾ ਬਾਗੋਬਾਗ ਸੀ। ਫਰੀਦਕੋਟ ਜ਼ਿਲ੍ਹ ਦੇ ਪਿੰਡ ਰਾਈਆਂ ਵਾਲੇ ਦਾ ਜੰਮਪਲ ਵਿਰਕ ਬਰਜਿੰਦਰਾ ਕਾਲਜ ਪੜ੍ਹਦਿਆ ਪ੍ਰੋ ਬ੍ਰਹਮਜਗਦੀਸ਼ ਸਿੰਘ ਤੇ ਪ੍ਰੋ ਜਲੌਰ ਸਿੰਘ ਖੀਵਾ ਜਿਹੇ ਵਿਦਵਾਨਾਂ ਦਾ ਵਿਦਿਆਰਥੀ ਰਿਹਾ। ਦਿਲਸ਼ਾਦ ਅਖਤਰ ਨਾਲ ਮੇਲ ਹੋਣ ‘ਤੇ ਉਸਦੇ ਗੀਤ ਰਿਕਾਰਡ ਹੋਣ ਲੱਗੇ। ਇੱਕ ਗੀਤ ਬੜਾ ਮਸ਼ਹੂਰ ਹੋਇਆ-”ਕਾਹਤੋਂ ਆਈਂ ਏਂ ਗਰੀਬ ‘ਤੇ ਜੁਆਨੀਏਂ ਨੀ ਫਿਕਰਾਂ ‘ਚ ਸੁੱਕ ਜਾਏਂਗੀ।” ਪਰਮਿੰਦਰ ਸੰਧੂ ਨੇ ਗਾਇਆ-”ਘਰੇ ਆਗੇ ਸੋਹਣਿਆਂ ਵੇ ਚੁੰਨੀ ਨਾਲ ਪਤਾਸੇ।” ਮੁਹੰਮਦ ਸਦੀਕ ਨੇ ਗਾਇਆ- ”ਕਿੱਕਰਾਂ ਦੇ ਫੁੱਲਾਂ ਦੀ ਅੜਿਆ ਕੌਣ ਕਰੇਂਦਾ ਰਾਖੀ ਵੇ।” ਪਰਗਟ ਭਾਗੂ ਦਾ ਗਾਇਆ- ”ਅੰਬੀ ਦਾ ਬੂਟਾ ਹਰਿਆ ਵੇ ਢੋਲਿਆ”, ਬੇਹੱਦ ਸੁਣਿਆ ਸਲਾਹਿਆ ਗਿਆ। ਹੰਸ ਰਾਜ ਹੰਸ ਤੇ ਆਸ਼ਾ ਭੌਸਲੇ ਨੇ ‘ਪ੍ਰਤਿਗਿਆ’ ਫਿਲਮ ਵਿੱਚ ਉਸਦੇ ਗੀਤ ਗਾਏ। ‘ਸਰਦਾਰੀ’ ਫਿਲਮ ਵਿੱਚ ਸਰਦੂਲ ਸਿਕੰਦਰ, ਅਨੁਰਾਧਾ ਪੌਡਵਾਲ, ਹੰਸ ਤੇ ਦਿਲਰਾਜ ਕੌਰ ਨੇ ਗੀਤ ਗਾਏ। ਬੂਟਾ ਖਾਨ, ਹਰਭਜਨ ਸ਼ੇਰਾ, ਬੰਬੇ ਵਾਲਾ ਸੁਖਵਿੰਦਰ, ਕਵਿਤਾ ਕਿਰਸ਼ਨਾ ਮੂਰਤੀ, ਸਾਬਰਕੋਟੀ, ਸਦੀਕ ਤੇ ਰਣਜੀਤ ਕੌਰ, ਸੁਮਨ ਦੱਤਾ ਤੇ ਅਜੈ ਦਿਓਲ, ਕਰਮਜੀਤ ਅਨਮੋਲ, ਮੇਜਰ ਰਾਜਸਥਾਨੀ, ਸੁਰਜੀਤ ਬਿੰਦਰਖਿਆ, ਕੁਲਦੀਪ ਪਾਰਸ, ਸਤਵਿੰਦਰ ਬੁੱਗਾ, ਗੋਰਾ ਚੱਕ ਵਾਲਾ, ਬਲਕਾਰ ਸਿੱਧੂ, ਜਸਪਿੰਦਰ ਨਰੂਲਾ, ਅਲਕਾ ਯਾਗਨਿਕ ਤੇ ਹੋਰ ਬੜੇ ਨਾਮੀਂ ਨਾਂ ਹਨ, ਕਿਸ ਨੂੰ ਲਿਖਾਂ ਤੇ ਕਿਸ ਨੂੰ ਛੱਡਾਂ? ਨੀਲਮ ਸ਼ਰਮਾ ਨੇ ਤਾਂ ਬਹੁਤ ਸਾਰੇ ਗੀਤ ਗਾਏ। ਹਮੇਸ਼ਾਂ ਛੋਟੇ ਪੁੱਤ ਜਿਹਾ ਪਿਆਰ ਦਿੱਤਾ।
ਵਿਰਕ ਦੇ ਗੀਤਾਂ ਵਿਚ ਉਹਦੇ ਪਿੰਡ ਦੇ ਸਿੱਧੜ ਤੇ ਸਾਦ-ਮੁਰਾਦੇ ਲੋਕ ਬੋਲਦੇ ਸਨ। ਉਹ ਜ਼ਿੰਦਗੀ ਦੀਆਂ ਸੱਚਾਈਆਂ ਨਾਲ ਜੁੜੇ ਗੀਤ ਲਿਖਦਾ ਸੀ। ਫਿਰ ਉਹ ਉਘੇ ਗਾਇਕਾਂ ਦੇ ਵੀਡੀਓਜ਼ ਵੀ ਨਾਲ ਨਾਲ ਕਰਨ ਲੱਗਿਆ ਤੇ ਫਿਲਮਾਂ ਵੱਲ ਵੀ ਰੁਚਿਤ ਹੋ ਗਿਆ। ਬਦੇਸ਼ਾਂ ਦੇ ਗੇੜੇ ਵੀ ਲਾ ਆਇਆ। ਹੁਣੇ ਜਿਹੇ ਕੈਨੇਡਾ ਤੋਂ ਮੁੜਿਆ ਸੀ। ਬਦੇਸ਼ ਬੈਠਾ ਵੀ ਵਟਸ-ਐਪ ਉਤੇ ਮੇਰੇ ਨਾਲ ਗੱਲਾਂ ਕਰਦਾ ਤੇ ਆਪਣੀਆਂ ਫੋਟੋਆਂ ਭੇਜਦਾ। ਫੇਸ ਬੁੱਕ ਉਤੇ ਵੀ ਜੁੜਿਆ ਰਹਿੰਦਾ। ਵਿਰਕ ਹੋਣ ਕਾਰਨ ਮੈਂ ਉਸਨੂੰ ‘ਭਾਊ’ ਆਖਦਾ ਤੇ ਉਹ ਮੈਨੂੰ ‘ਜੱਟ ਬਾਣੀਆਂ’ ਆਖਕੇ ਬੜਾ ਹਸਦਾ। ਕਦੇ ਸੁਨੇਹਾ ਲਿਖਦਾ ਕਿ ਜਦ ਤੂੰ ਸਾਡੇ ਘਰ ਅੱਗੋਂ ਦੀ ਲੰਘਦਾ ਹੁੰਨੈ ਤਾਂ ਬੇਬੇ ਨੂੰ ਮਿਲ ਆਇਆ ਕਰ ਤੇ ਆਖਿਆ ਕਰ ਕਿ ਗੁਰਚਰਨ ਜਵਾਂ ਠੀਕ ਠਾਕ ਐ, ਬਹੁਤਾ ਫਿਕਰ ਕਰਦੀ ਐ ਮੇਰਾ ਮੇਰੀ ਬੇਬੇ। ਮੈਂ ਕਈ ਵਾਰ ਬੇਬੇ ਕੋਲ ਗਿਆ ਤੇ ਉਸਦੇ ਸੁਨੇਹੇ ਲਾਏ। ਵਿਰਕ ਦੇ ਵਾਹੀਵਾਨ ਭਰਾ ਤੇ ਭਤੀਜੇ ਵੀ ਖੇਤ ਗੱਡੇ ਜੋੜੀ ਜਾਂਦੇ ਰਾਹ ਵਿੱਚ ਮਿਲ ਪੈਂਦੇ ਤੇ ਉਹਦੀ ਖੈਰ ਸੁਖ ਪੁੱਛਣ ਲਗਦੇ। ਕੁਝ ਸਾਲ ਹੋਏ ਬੇਬੇ ਵੀ ਚੱਲ ਵਸੀ। ਨੇੜੇ ਗੁਰੂ ਘਰ ਵਿੱਚ ਭੋਗ ਸੀ, ਭੋਗ ਉਤੇ ਮਿਲੇ ਤਾਂ ਬੜਾ ਉਹ ਉਦਾਸ ਸੀ, ਕਹਿੰਦਾ… ”ਬੇਬੇ ਨਾਲ ਘਰ ਸੀ…! ਮਾਵਾਂ ਬਿਨਾਂ ਘਰ ਕਾਹਦੇ ਆ ਨਿੰਦਰਾ?”
ਬੇਲੀਆ, ਇਹ ਗੱਲ ਤਾਂ ਓਦਣ ਕਹਿ ਕੇ ਉਠ ਗਿਆਂ ਤੂੰ! ਪਰ ਹੁਣ ਤੂੰ ਦੱਸ ਕਦ ਪਿੰਡ ਫੇਰਾ ਪਾਵੇਂਗਾ? ਤੇਰੇ ਲਿਖੇ ਤੇ ਪਰਗਟ ਭਾਗੂ ਦੇ ਗਾਏ ਗੀਤ ਦੇ ਬੋਲ ਅੱਜ ਕੋਈ ਟਰੈਕਟਰ-ਟਰਾਲੀ ਵਾਲਾ ਮੰਡੀ ਝੋਨਾ ਸੁੱਟ੍ਹਣ ਜਾਂਦਾ ਲਾਈ ਬੈਠਾ ਸੀ:
ਰੋਂਦੀ ਨੂੰ ਝੱਲਦੀ ਕੋਈ ਨਾ ਥਾਂ ਵੇ,
ਵਿਰਕਾ ਮੈਂ ‘ਰਾਈਆਂ ਵਾਲੇ’ ਵੱਸਾਂ ਕਿ ਨਾ ਵੇ
ਲਾ ਦਿਲ ਉਤੇ ਠੇਸ ਗਿਉਂ,
ਮੈਨੂੰ ਦੇਸ ਪਰਦੇਸ ਜਿਹਾ ਲਗਦਾ,
ਤੁਰ ਪਰਦੇਸ ਗਿਉਂ…
[email protected]
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …