ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਪੰਜਾਬੀ ਸਭਿਆਚਾਰ ਦਾ ਬਾਬਾ ਬੋਹੜ ਸ੍ਰ ਜਗਦੇਵ ਸਿੰਘ ਜੱਸੋਵਾਲ ਪਿਛਲੇ ਕੁਝ ਸਾਲਾਂ ਤੋਂ ਹਰ ਸਾਲ 30 ਅਪਰੈਲ ਨੂੰ ਆਪਣਾ ਜਨਮ ਦਿਨ ਆਪੇ ਮਨਾਉਂਦਾ ਤਾਂ ਉਹਦੇ ਪ੍ਰੇਮੀ-ਪਿਆਰੇ ਲੁਧਿਆਣਾ ਦੇ ਵਿਰਾਸਤ ਭਵਨ ਪਾਲਮ ਵਿਹਾਰ ਰੋਡ ਉਤੇ ਹੁਮ-ਹੁੰਮਾ ਕੇ ਇੱਕਠੇ ਹੁੰਦੇ। ਖੂਬ ਰੌਣਕ ਫਬਦੀ। ਆਪਣੇ ਖੇਤਰ ਦੀ ਕਿਸੇ ਨਾਮੀਂ ਹਸਤੀ ਨੂੰ ਪੁਰਸਕਾਰ ਦਿੱਤਾ ਜਾਂਦਾ। ਜਿਸ ਵਿਚ ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਵੀ ਇਹ ਪੁਰਸਕਾਰ ਹਾਸਲ ਕਰ ਚੁੱਕੇ ਹੋਏ ਹਨ। 2014 ਵਿਚ ਬਾਪੂ ਜੀ ਦੇ ਚਲੇ ਜਾਣ ਬਾਅਦ ਹੁਣ ਉਹਨਾਂ ਦਾ ਜਨਮ ਦਿਨ ਉਹਨਾਂ ਦੇ ਨਾਂ ‘ਤੇ ਬਣੀ ਫਾਊਂਡੇਸ਼ਨ ਮਨਾਉਣ ਲੱਗੀ ਹੈ। ਪਰਗਟ ਸਿੰਘ ਗਰੇਵਾਲ ਇਸਦੇ ਚੇਅਰਮੈਨ ਹਨ। ਬਾਪੂ ਵਲੋਂ ਆਯੋਜਿਤ ਕੀਤੇ ਜਾਂਦੇ ਲਗਭਗ ਸਾਰੇ ਹੀ ਸਮਾਗਮਾਂ ਵਿਚ ਮੈਂ ਹਾਜ਼ਰ ਹੁੰਦਾ ਰਿਹਾ ਹਾਂ। ਕੋਈ ਹੀ ਅਜਿਹਾ ਸਮਾਗਮ ਹੋਣੈ ਕਿ ਜਦ ਕਿਸੇ ਮਜਬੂਰੀ ਵਸ ਕਿਸੇ ਸਮਾਗਮ ‘ਤੇ ਘੁਿਗਆਣੇ ਤੋਂ ਲਧਿਆਣੇ ਚੱਲ ਕੇ ਨਹੀਂ ਗਿਆ ਹੋਵਾਂਗਾ। ਇਸ ਵਾਰ ਜਦ 30 ਅਪ੍ਰੈਲ ਨੇੜੇ ਆਈ ਤਾਂ ਪਰਗਟ ਸਿੰਘ ਗਰੇਵਾਲ ਦਾ ਫੋਨ ਆਇਆ ਕਿ ਫਾਊਂਡੇਸ਼ਨ ਨੇ ਇਸ ਵਾਰ ਇਹ ਪੁਰਸਕਾਰ ਜੱਸੋਵਾਲ ਜੀ ਦੇ ਨਾਂ ‘ਤੇ ਆਪ ਨੂੰ ਦੇਣ ਦਾ ਫੈਸਲਾ ਕੀਤਾ ਹੈ, ਸੋ ਤੀਹ ਨੂੰ ਸਵੇਰੇ ਵਿਰਾਸਤ ਭਵਨ ਹਰ ਹਾਲਤ ਵਿਚ ਹਾਜ਼ਰ ਹੋਣਾ ਹੈ। ਮੇਰੇ ਲਈ ਇਕਦਮ ਇਹ ਸਵੀਕਾਰ ਕਰ ਲੈਣਾ ਸੌਖਾ ਨਹੀਂ ਸੀ ਪਿਆ ਕਿਉਂਂਿਕ ਜਿਸ ਹਸਤੀ ਦੀ ਛਤਰ-ਛਾਇਆ ਹੇਠਾਂ ਅਸੀਂ ਪਲੇ-ਵਿਗਸੇ ਹਾਂ, ਉਸਦੇ ਨਾਂ ਦਾ ਪੁਰਸਕਾਰ ਮੇਰੇ ਵਰਗੇ ਨੂੰ? ਮੈਂ ਨਾਂਹ-ਨੁੱਕਰ ਕਰਨ ਲਗਿਆ ਤਾਂ ਗੁਰਭਜਨ ਗਿੱਲ ਸਾਹਬ ਫੋਨ ‘ਤੇ ਗੜ੍ਹਕ ਰਹੇ ਸਨ ਕਿ ਬਾਪੂ ਜੱਸੋਵਾਲ ਤੁਹਾਨੂੰ ਸਾਰਿਆਂ ਪੁੱਤਰਾਂ ਨੂੰ ਏਡੇ ਵੱਡੇ ਕਰ ਗਿਆ ਐ ਕਿ ਹੁਣ ਤੁਸੀਂ ਉਸਦੇ ਨਾਂ ‘ਤੇ ਪੁਰਸਕਾਰ ਲੈਣ ਦੇ ਹੱਕੀ ਹੋ ਗਏ, ਬਹੁਤਾ ਨਾ ਬੋਲ…ਏਹ ਸਾਡਾ ਸਰਵ-ਸਾਂਝਾ ਫੈਸਲਾ ਤੇ ਹੁਕਮ ਹੈ। ਫਿਰ ਨਿਰਮਲ ਜੌੜੇ ਦਾ ਵੀ ਫੋਨ ਆ ਗਿਆ। ਮੇਰੇ ਲਈ ਇਹਨਾਂ ਸਭਨਾਂ ਨੂੰ ਮਨਾਉਣਾ ਜਾਂ ਨਾਂਹ-ਨੁੱਕਰ ਕਰਨੀ ਉੱਕਾ ਨਹੀਂ ਸੀ ਸੋਭਦੀ ਕਿਉਂਕਿ ਇਹ ਸਾਰੇ ਸਾਥੀ ਬਾਪੂ ਜੱਸੋਵਾਲ ਨਾਲ ਕਾਫਲੇ ਵਾਂਗ ਤੁਰੇ ਤੇ ਉਹਦੇ ਜਾਣ ਬਾਅਦ ਵੀ ਤੁਰੀ ਜਾ ਰਹੇ ਨੇ। ”ਜੋ ਤੁਹਾਡਾ ਹੁਕਮ” ਆਖ ਕੇ ਮੈਂ ਫੋਨ ਬੰਦ ਕੀਤਾ ਤਾਂ ਘੰਟੇ ਕੁ ਬਾਅਦ ਜੱਸੋਵਾਲ ਸਾਹਬ ਦੇ ਪੋਤਰੇ ਅਮਰਿੰਦਰ ਸਿੰਘ ਜੱਸੋਵਾਲ ਦਾ ਫੋਨ ਆ ਗਿਆ ਕਿ ਆਹ ਗੱਲ ਕਰੋ, ਬਾਪੂ ਜੀ ਦੇ ਚੇਲੇ ਕ੍ਰਿਸ਼ਨ ਕੁਮਾਾਰ ਬਾਵਾ ਜੀ ਨਾਲ। ਮੈਂ ਜਦ ਦਾ ਜੱਸੋਵਾਲ ਜੀ ਦੇ ਡੇਰੇ ਜਾਣ ਲੱਗਿਆ ਹਾਂ, ਤਦ ਦਾ ਬਾਵਾ ਜੀ ਨੂੰ ਜੱੋਵਾਲ ਜੀ ਦੇ ਅੰਗ-ਸੰਗ ਦੇਖਿਆ ਹੈ, ਸਮੇਂ ਚਾਹੇ ਮੰਦੇ ਰਹੇ ਜਾਂ ਚੰਗੇ। ਬਾਵਾ ਜੀ ਦਾ ਹੁਕਮ ਸੀ ਕਿ ਇਸੇ ਦਿਨ ਆਥਣ ਨੂੰ ਪੰਜਾਬੀ ਭਵਨ ਵਿਚ ਬਾਪੂ ਜੀ ਨੂੰ ਚੇਤੇ ਕਰਾਂਗੇ। ਉਹਨਾਂ ਦੇ ਸਭ ਚਹੇਤੇ ਉਹਨਾਂ ਦੀਆਂ ਕੌੜੀਆਂ-ਮਿੱਠੀਆਂ ਯਾਦਾਂ ਸਾਂਝੀਆਂ ਕਰਨਗੇ। ਬਾਵਾ ਜੀ ਅੱਗੇ ਬੋਲੇ ਕਿ ਇਸ ਵਾਰ ਅਸੀਂ ਤੈਨੂੰ, ਰਵਿੰਦਰ ਗਰੇਵਾਲ ਨੂੰ, ਹਰਿੰਦਰ ਸਿੰਘ ਚਹਿਲ ਨੂੰ, ਜਸਮੇਲ ਧਾਲੀਵਾਲ ਤੇ ਜਨਾਬ ਸੁਰਜੀਤ ਪਾਤਰ ਨੂੰ ਸਨਮਾਨਿਤ ਕਰ ਰਹੇ ਆਂ। ਮੈਂ ਇਹ ਸੁਣ ਫਿਰ ਹੈਰਾਨੀ ਵਿਚ ਡੁਬ ਗਿਆ ਕਿ ਵਾਹ ਬਾਪੂ ਜੱਸੋਵਾਲ, ਨਹੀਂ ਰੀਸਾਂ ਤੇਰੀਆਂ! ਆਪ ਤਾਂ ਚਲੇ ਗਿਉਂ ਤੇ ਮੇਰੇ ਵਰਗੇ ਦੇ ਇੱਕ ਦਿਨ ਵਿਚ ਦੋ ਦੋ ਸਨਮਾਨ ਤੇ ਉਹ ਵੀ ਬਾਪੂ ਤੇਰੇ ਨਾਂ ‘ਤੇ ਹੋ ਰਹੇ ਨੇ! ਇਹ ਸਭ ਕੁਝ ਸੋਚਦਿਆਂ ਮੇਰੀਆਂ ਅੱਖਾਂ ਅੱਗੇ ਇੱਕ ਫਿਲਮ ਘੁੰਮ ਗਈ।
ਪਹਿਲੀ ਵਾਰ ਬਾਪੂ ਜੱਸੋਵਾਲ ਨੂੰ ਮੈਂ 1988 ‘ਚ ਦੇਖਿਆ ਸੀ, ਉਸਤਾਦ ਯਮਲਾ ਜੱਟ ਦੇ ਡੇਰੇ ਮੇਲਾ ਲੱਗਿਆ ਸੀ। ਮੇਲੇ ਮਗਰੋਂ ਉਹਦੇ ਘਰ ਗਿਆ ਸਾਂ। ਉਸਨੇ ਮੇਰਾ ਸਿਰਨਾਵਾਂ ਨੋਟ ਕਰ ਲਿਆ ਸੀ ਤੇ ਮੈਨੂੰ ਆਪਣਾ ਲਿਖਵਾ ਦਿੱਤਾ ਸੀ, ਚਿੱਠੀ-ਪੱਤਰ ਸਾਂਝਾ ਕਰਨ ਲਈ। ਉਸਤਾਦ ਲਾਲ ਚੰਦ ਯਮਲਾ ਜੱਟ ਦੇ ਅੰਤਮ ਸਸਕਾਰ ਵਾਲੇ ਦਿਨ। ਉਸਤਾਦ ਜੀ ਦੀ ਅੰਤਮ ਯਾਤਰਾ ਵਿਚ ਸ਼ਾਮਲ ਹੋਣ ਲਈ ਮੈਂ ਫ਼ਰੀਦਕੋਟੋਂ ਕਾਫੀ ਸਾਝਰੇ ਬੱਸੇ ਬੈਠ ਗਿਆ ਸਾਂ, ਠੰਢ ਵੀ ਜ਼ਿਆਦਾ ਸੀ, ਮੌਸਮ ਖ਼ਰਾਬ ਸੀ। ਮੇਰਾ ਸਰੀਰ ਕਸਾਰਿਆ ਗਿਆ। ਜਦੋਂ ਲੁਧਿਆਣੇ ਬੱਸ ਅੱਡੇ ਉੱਤੇ ਉਤਰਿਆ ਤਾਂ ਬੁਖ਼ਾਰ ਹੋਰ ਵੀ ਵਧ ਗਿਆ ਤੇ ਕਾਂਬਾ ਛਿੜ ਪਿਆ। ਗਾਉਣ-ਵਜਾਉਣ ਵਾਲਿਆਂ ਦੇ ਦਫ਼ਤਰਾਂ ਮੂਹਰੇ ਦੀ ਤੁਰਦਾ-ਤੁਰਦਾ ਜਵਾਹਰ ਕੈਂਪ ਦੀਆਂ ਗਲੀਆਂ ਵਿਚ ਪਹੁੰਚ ਗਿਆ ਸਾਂ ਕਿ ਸਾਹਮਣਿਉਂ ਜੱਸੋਵਾਲ ਤੇ ਪ੍ਰਗਟ ਸਿੰਘ ਗਰੇਵਾਲ ਤੁਰੇ ਆ ਰਹੇ ਦਿਖਾਈ ਦਿੱਤੇ।
”ਸਾਸਰੀ ਕਾਲ ਜੀ।” ਮੈਂ ਨੇੜੇ ਜਾ ਕੇ ਆਖਿਆ।
”ਹਾਂ ਬਈ, ਸਾਸਰੀ ਕਾਲ, ਕਾਕਾ, ਕੌਣ ਐਂ ਤੂੰ…?”
”ਮੈਂ ਜੀ ਥੁਆਡਾ ਸ਼ਰਧਾਲੂ… ਉਸਤਾਦ ਜੀ ਦਾ ਚੇਲਾ… ਡੇਰੇ ਨੂੰ ਚੱਲਿਐਂ… ਸਸਕਾਰ ‘ਤੇ ਆਇਐਂ… ਤਾਪ ਚੜ੍ਹ ਗਿਆ ਐ ਜੀ ਮੈਨੂੰ।”
ਜੱਸੋਵਾਲ ਨੇ ਮੇਰੀ ਬਾਂਹ ਫੜ ਕੇ ਨਬਜ਼ ਦੇਖੀ, ”ਓ ਪ੍ਰਗਟ ਸਿੰਘ, ਏਹਨੂੰ ਤਾਂ ਬੁਖ਼ਾਰ ਈ ਬਹੁਤ ਆ ਬਈ, ਐਥੇ ਦੇਖ ਕੋਈ ਡਾਕਟਰ… ਇਹਨੂੰ ਦਵਾਈ ਲੈ ਦੇਈਏ।” ਨੇੜੇ ਹੀ ਛੋਟੀ ਜਿਹੀ ਕਲੀਨਿਕ ਖੁੱਲ੍ਹੀ ਹੋਈ ਸੀ। ਉਥੋਂ ਮੈਨੂੰ ਦਵਾਈ ਦੁਆਈ ਤੇ ਪੈਸੇ ਵੀ ਉਹਨੇ ਆਪਣੇ ਕੋਲੋਂ ਹੀ ਦਿੱਤੇ। ”ਤੂੰ ਡੇਰੇ ਨੂੰ ਚੱਲ ਕਾਕਾ, ਅਸੀਂ ਫੁੱਲਾਂ ਦੇ ਹਾਰ ਲੈ ਕੇ ਆਉਨੇ ਆਂ, ਉੱਥੇ ਮਿਲਦੇ ਆਂ।”
ਸਸਕਾਰ ਲਈ ਤੁਰਨ ਦੀ ਤਿਆਰੀ ਸੀ। ਸੈਂਕੜੇ ਲੋਕ ਸਨ। ਰੱਬ ਵੀ ਹੰਝੂ ਕੇਰ ਰਿਹਾ ਸੀ, ਜ਼ੋਰਾਂ ਦਾ ਮੀਂਹ ਵਰ੍ਹ ਰਿਹਾ ਸੀ। ਮੈਂ ਆਪਣੇ ਆਪ ‘ਚ ਗੁਆਚਾ ਹੋਇਆ ਪਰ੍ਹਾਂ ਨੁੱਕਰ ਜਿਹੀ ‘ਚ ਖੜ੍ਹਾ ਸਾਂ। ਜੱਸੋਵਾਲ ਨੂੰ ਪਤਾ ਨਹੀਂ ਕੀ ਸੁੱਝੀ, ਉਹ ਮੇਰੇ ਕੰਨ ਕੋਲ ਹੌਲ਼ੀ ਜਿਹੀ ਬੋਲਿਆ, ”ਕਾਕਾ ਮੇਰੀ ਗੱਲ ਸੁਣ! ਜੇ ਤੂੰ ਆਪਣੇ ਉਸਤਾਦ ਉੱਤੇ ਪਾਉਣ ਲਈ ਕੋਈ ਨਵੀਂ ਲੋਈ ਨਹੀਂ ਲਿਆਇਆ ਤਾਂ ਕੀ ਹੋਇਆ?ਮੈਂ ਸਮਝਦਾਂ ਤੇਰੀ ਸਮੱਸਿਆ… ਤੂੰ ਆਹੀ ਲਾਹ! ਲਿਆ… ਲਿਆ।” ਉਸ ਨੇ ਮੇਰੇ ਉੱਤੇ ਲਈ ਲੋਈ ਆਪੇ ਹੀ ਲਾਹ ਲਈ। ਬਾਹੋਂ ਪਕੜ ਕੇ ਮੈਨੂੰ ਅਗਾਂਹ ਕਰ ਦਿੱਤਾ, ”ਪਾ-ਪਾ ਬਈ, ਤੇਰੀ ਆਹੀ ਭੇਟ ਕਬੂਲ ਕਰਨਗੇ ਤੇਰੇ ਉਸਤਾਦ ਜੀ।”
ਲੋਈ ਪਾਉਂਦਿਆਂ ਮੈਂ ਬੇਕਾਬੂ ਜਿਹਾ ਹੋ ਗਿਆ, ਮੇਰੀਆਂ ਅੱਖਾਂ ਆਪ-ਮੁਹਾਰੇ ਵਹਿ ਤੁਰੀਆਂ। ਮੈਂ ਬੁਖਾਰ ਜਾਂ ਠੰਢ ਤਾਂ ਜਿਵੇਂ ਭੁੱਲ ਹੀ ਗਿਆ ਸਾਂ। ਇਹ ਜੱਸੋਵਾਲ ਨੇ ਬੜਾ ਚੰਗਾ ਕੀਤਾ ਸੀ, ਮੈਨੂੰ ਲੱਗਿਆ ਸੀ ਕਿ ਜਿਵੇਂ ਮੇਰੀ ਉਹ-ਪੁਰਾਣੀ ਲੋਈ ਉਸਤਾਦ ਜੀ ਨੇ ਸੱਚੀਉਂ ਹੀ ਕਬੂਲ ਕਰ ਲਈ ਹੋਵੇ!
(ਬਾਕੀ ਅਗਲੇ ਹਫਤੇ)
[email protected]
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …